ਸਰਕਾਰੀ ਹਸਪਤਾਲ ਦੀ ਐਬੂਲੈਂਸ ਦੇ ਡਰਾਈਵਰ ਦੇ ਡਿਊਟੀ ’ਤੇ ਹਾਜ਼ਰ ਨਾ ਹੋਣ ਕਾਰਨ ਮਰੀਜ਼ ਦੀ ਮੌਤ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 12 ਜਨਵਰੀ:
ਇੱਥੋਂ ਸਰਕਾਰੀ ਹਸਪਤਾਲ ਵਿਚਲੀ ਐਬੂਲੈਂਸ ਦੇ ਡਰਾਈਵਰ ਦੇ ਡਿਊਟੀ ’ਤੇ ਹਾਜ਼ਰ ਨਾ ਹੋਣ ਕਾਰਨ ਰੈਫਰ ਮਰੀਜ਼ ਦੀ ਹਸਪਤਾਲ ਵਿੱਚ ਹੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਰਿਵਾਰ ਨੇ ਹਸਪਤਾਲ ਦੇ ਮਾੜੇ ਪ੍ਰਬੰਧਾਂ ਨੂੰ ਮਰੀਜ਼ ਦੀ ਮੌਤ ਦਾ ਕਾਰਨ ਦੱਸਦਿਆਂ ਇਸ ਸਬੰਧੀ ਜਾਂਚ ਤੇ ਲਾਪ੍ਰਵਾਹੀ ਵਰਤਣ ਵਾਲੇ ਸਟਾਫ਼ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਜਸਵੀਰ ਸਿੰਘ (57) ਵਾਸੀ ਅਨਾਜ਼ ਮੰਡੀ ਕੁਰਾਲੀ ਦੇ ਭਰਾ ਸਤਿੰਦਰਪਾਲ ਸਿੰਘ, ਅਮਰਿੰਦਰ ਸਿੰਘ, ਗੁਰਪ੍ਰੀਤ ਕੌਰ, ਅਵਤਾਰ ਸਿੰਘ ਜਵੰਦਾ ਅਤੇ ਗੁਰਸੇਵਕ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਅੱਜ ਬਾਅਦ ਦੁਪਹਿਰ ਅਚਾਨਕ ਹੀ ਜਸਵੀਰ ਸਿੰਘ ਦੀ ਤਬੀਅਤ ਕੁਝ ਖ਼ਰਾਬ ਹੋ ਗਈ, ਜਿਸ ਕਾਰਨ ਉਹ ਉਨ੍ਹਾਂ ਨੂੰ ਹਸਪਤਾਲ ਲੈ ਆਏ। ਉਨ੍ਹਾਂ ਦੱਸਿਆ ਕਿ ਜਦੋਂ ਉਹ ਹਸਪਤਾਲ ਪੁੱਜੇ ਤਾਂ ਮਰੀਜ਼ ਦੀ ਹਾਲਤ ਜ਼ਿਆਦਾ ਖ਼ਰਾਬ ਨਹੀਂ ਸੀ, ਪਰ ਜਦੋਂ ਸ਼ੂਗਰ ਚੈੱਕ ਕੀਤੀ ਤਾਂ ਸ਼ੂਗਰ ਕਾਫੀ ਜ਼ਿਆਦਾ ਆਈ। ਇਸੇ ਦੌਰਾਨ ਡਾਕਟਰਾਂ ਨੇ ਜਸਵੀਰ ਸਿੰਘ ਦਾ ਇਲਾਜ਼ ਹਸਪਤਾਲ ਦੀਆਂ ਦਵਾਈਆਂ ਨਾਲ ਕਰਨ ਦੀ ਥਾਂ ਉਸ ਕੋਲੋਂ ਇੱਕ ਟੀਕਾ ਮੰਗਵਾਕੇ ਲਗਾ ਦਿੱਤਾ। ਇਸੇ ਦੌਰਾਨ ਉਨ੍ਹਾਂ ਨੇ ਆਪਣੇ ਮਰੀਜ਼ ਦੀ ਈ. ਸੀ. ਜੀ. ਕੀਤੇ ਜਾਣ ਦੀ ਬੇਨਤੀ ਕੀਤੀ, ਪਰ ਹਸਪਤਾਲ ਦੀ ਐਮਰਜੈਂਸੀ ਵਿਚ ਈ. ਸੀ. ਜੀ. ਕਰਨ ਦਾ ਕੋਈ ਪ੍ਰਬੰਧ ਨਹੀਂ ਸੀ, ਜਿਸ ਕਾਰਨ ਉਨ੍ਹਾਂ ਨੂੰ ਬਾਹਰ ਪ੍ਰਾਈਵੇਟ ਲੈਬਾਰਟਰੀਆਂ ‘ਤੇ ਘੁੰਮਕੇ ਈ. ਸੀ. ਜੀ. ਦੀ ਮਸ਼ੀਨ ਦਾ ਪ੍ਰਬੰਧ ਕਰਨਾ ਪਿਆ। ਗੁਰਪ੍ਰੀਤ ਕੌਰ ਤੇ ਹੋਰਨਾਂ ਨੇ ਦੱਸਿਆ ਕਿ ਇਸੇ ਦੌਰਾਨ ਡਾਕਟਰਾਂ ਨੇ ਜਸਵੀਰ ਸਿੰਘ ਦੀ ਹਾਲਤ ਨੂੰ ਦੇਖਦਿਆਂ ਉਸਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਡਾਕਟਰਾਂ ਵੱਲੋਂ ਉਨ੍ਹਾਂ ਦੇ ਮਰੀਜ਼ ਨੂੰ ਰੈਫਰ ਕੀਤੇ ਜਾਣ ਕਾਰਨ ਉਨ੍ਹਾਂ ਹਸਪਤਾਲ ਤੋਂ ਐਂਬੂਲੈਂਸ ਦੀ ਮੰਗ ਕੀਤੀ। ਭਾਵੇਂ ਸਿਹਤ ਵਿਭਾਗ ਦੀ ਐਾਬੂਲੈਂਸ ਹਸਪਤਾਲ ਵਿੱਚ ਹੀ ਖੜ੍ਹੀ ਸੀ, ਪਰ ਡਰਾਈਵਰ ਡਿਊਟੀ ਉੱਤੇ ਨਹੀਂ ਸੀ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਹਾਜ਼ਰ ਡਾਕਟਰ ਨੇ ਐਾਬੂਲੈਂਸ ਦੇ ਡਰਾਈਵਰ ਨੂੰ ਫੋਨ ਵੀ ਕੀਤਾ, ਪਰ ਫੋਨ ਕਰਨ ਦੇ ਬਾਵਜੂਦ ਡਰਾਈਵਰ ਹਸਪਤਾਲ ਨਹੀਂ ਪੁੱਜਿਆ।
ਇਸੇ ਦੌਰਾਨ ਉਸਨੇ ਆਪਣੇ ਰਿਸ਼ਤੇਦਾਰ ਨੂੰ ਫੋਨ ਕਰਕੇ ਗੱਡੀ ਮੰਗਵਾਈ, ਪਰ ਜਦੋਂ ਤੱਕ ਉਨ੍ਹਾਂ ਜਸਵੀਰ ਸਿੰਘ ਨੂੰ ਕਾਰ ਵਿੱਚ ਬਿਠਾਕੇ ਲੈ ਕੇ ਜਾਣ ਦਾ ਪ੍ਰਬੰਧ ਕੀਤਾ, ਉਦੋਂ ਤੱਕ ਜਸਵੀਰ ਸਿੰਘ ਦਮ ਤੋੜ ਚੁੱਕਾ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਹਸਪਤਾਲ ਵਿੱਚ ਕੋਈ ਵੀ ਟੈਸਟ ਨਾ ਹੋ ਸਕਣ ਕਾਰਨ ਅਤੇ ਸਮੇਂ ਸਿਰ ਕੋਈ ਵੀ ਦਵਾਈ ਨਾ ਮਿਲਣ ਕਾਰਨ ਹੀ ਜਸਵੀਰ ਸਿੰਘ ਦੀ ਹਾਲਤ ਖਰਾਬ ਹੋਈ ਸੀ ਅਤੇ ਫਿਰ ਐਂਬੂਲੈਂਸ ਦੇ ਡਰਾਈਵਰ ਦਾ ਹਾਜ਼ਰ ਨਾ ਹੋਣਾ ਉਸਦੀ ਮੌਤ ਦਾ ਕਾਰਨ ਬਣਿਆ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਸਰਕਾਰੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਭੁਪਿੰਦਰ ਸਿੰਘ ਨੇ ਕਿਹਾ ਕਿ ਜਸਵੀਰ ਸਿੰਘ ਦੀ ਸ਼ੂਗਰ ਬਹੁਤ ਵਧੀ ਹੋਈ ਸੀ ਜੋ ਕਿ ਉਸ ਦੀ ਮੌਤ ਦਾ ਕਾਰਨ ਬਣੀ ਹੈ। ਉਨ੍ਹਾਂ ਇਲਾਜ਼ ਦੇ ਪ੍ਰਬੰਧਾਂ ਵਿੱਚ ਘਾਟ ਨੂੰ ਬਿਲਕੁਲ ਬੇਬੁਨਿਆਦ ਦੱਸਦਿਆਂ ਕਿਹਾ ਕਿ ਐਂਬੂਲੈਂਸ ਦੇ ਡਰਾਈਵਰ ਦੇ ਨਾ ਹੋਣ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਜ਼ਿਲ੍ਹਾ ਮੁਹਾਲੀ ਦੀ ਸਿਵਲ ਸਰਜਨ ਡਾ. ਰਣਜੀਤ ਕੌਰ ਗੁਰੂ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਲੇਕਿਨ ਹੁਣ ਇਸ ਸਮੁੱਚੇ ਘਟਨਾਕ੍ਰਮ ਬਾਰੇ ਪੂਰੀ ਜਾਣਕਾਰੀ ਹਾਸਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …