nabaz-e-punjab.com

ਨਵਜੰਮੇ ਬੱਚੇ ਨੂੰ 1 ਘੰਟੇ ਵਿੱਚ ਮਾਂ ਦਾ ਦੁੱਧ ਦੇਣ ਨਾਲ 20 ਫੀਸਦੀ ਘਟਾਈ ਜਾ ਸਕਦੀ ਐ ਬੱਚਿਆਂ ਦੀ ਮੌਤ ਦਰ: ਸਿਹਤ ਮੰਤਰੀ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 8 ਅਗਸਤ:
ਜਨਮ ਦੇ ਇਕ ਘੰਟੇ ਦੇ ਦੋਰਾਨ ਨਵ-ਜੰਮੇ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣ ਨਾਲ 20 ਪ੍ਰਤੀਸ਼ਤ ਬੱਚਿਆਂ ਦੀ ਮੌਤਾਂ ਨੂੰ ਘਟਾਇਆ ਜਾ ਸਕਦਾ ਹੈ। ਜਿਨ੍ਹਾਂ ਬੱਚਿਆਂ ਨੂੰ ਜਨਮ ਲੈਣ ਉਪਰੰਤ ਮਾਂ ਦਾ ਦੁੱਧ ਨਹੀਂ ਪਿਲਾਇਆ ਜਾਂਦਾ, ਉਨ੍ਹਾਂ ਦੀ ਨਿਮੋਨੀਏ ਤੋਂ ਪ੍ਰਭਾਵਿਤ ਹੋਣ ਦਾ ਸੰਭਾਵਨਾ 15 ਗੁਣਾ ਵੱਧ ਹੁੰਦੀ ਹੈ ਅਤੇ ਦਸਤ ਤੋਂ ਮਰਨ ਦੀ ਸੰਭਾਵਨਾ 11 ਗੁਣਾ ਵਧੇਰੇ ਹੁੰਦੀ ਹੈ, ਜੋ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦੇ ਦੋ ਮੁੱਖ ਕਾਰਨ ਹਨ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਸ਼ਟਰੀ ਪਰਿਵਾਰਕ ਸਿਹਤ ਸਰਵੇਖਣ -4 ਦੇਅੰਕੜਿਆਂ ਅਨੁਸਾਰ ਸਿਰਫ 30.7 ਫੀਸਦੀ ਮਾਵਾਂ ਹੀ ਬੱਚੇ ਦੇ ਜਨਮ ਲੈਣ ਉਪਰੰਤ ਇਕ ਘੰਟੇ ਦੇ ਦੋਰਾਨ ਆਪਣਾ ਦੁੱਧ ਪਿਲਾਉਂਦੀਆਂ ਹਨ, ਜਦ ਕਿ 90 ਫੀਸਦੀ ਮਾਵਾਂ ਦੀ ਡਿਲੀਵਰੀ ਸਰਕਾਰੀ ਸੰਸਥਾਵਾਂ ਵਿਚ ਹੋਣ ਦੇ ਬਾਵਜੂਦ ਵੀ ਕੇਵਲ 53% ਬੱਚੇ, ਪਹਿਲੇ ਛੇ ਮਹੀਨਿਆਂ ਦੌਰਾਨ ਮਾਂ ਦਾ ਦੁੱਧ ਪੀਂਦੇ ਹਨ। ਇਸੇ ਤਰ੍ਹਾਂ 6-8 ਮਹੀਨਿਆਂ ਦੇ ਵਿਚਕਾਰ ਕੇਵਲ 41.1% ਬੱਚਿਆਂ ਨੂੰ ਪੂਰਨ ਖੁਰਾਕ (ਐਨਐਫਐਚਐਸ -4, 2015-16) ਦਿੱਤੀ ਜਾਂਦੀ ਹੈ।
ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਸੂਚਨਾ ਅਤੇ ਸੰਚਾਰ ਦੇ ਇਸ ਆਧੁਨਿਕ ਯੁੱਗ ਵਿਚ ਸਿੱਖਿਅਤ ਪਰਿਵਾਰਾਂ ਵਲੋਂ ਵੀ ਬੱਚਿਆਂ ਨੂੰ ਦੁੱਧ ਪਿਲਾਉਣ ਸਬੰਧੀ ਅਣਦੇਖੀ ਕੀਤੀ ਜਾਂਦੀ ਹੈ ਜੋ ਕਿ ਬੱਚਿਆਂ ਦੀ ਤੰਦਰੁਸਤੀ ਅਤੇ ਸਿਹਤ ਲਈ ਜਾਨਲੇਵਾ ਵੀ ਸਾਬਿਤ ਹੁੰਦਾ ਹੈ। ਬਾਲ ਮੌਤ ਦਰ ਨੂੰ ਘਟਾਉਣ ਸਬੰਧੀ ਉਪਲਬਧ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਜ਼ਰੂਰੀ ਹੈ ਕਿ ਮਾਂ ਦੇ ਦੁੱਧ ਦੀ ਮਹੱਤਤਾ ਦਾ ਪ੍ਰਚਾਰ ਅਤੇ ਅਮਲ ਨੂੰ ਲਾਗੂ ਕੀਤਾ ਜਾਵੇ ਜਿਸ ਲਈ ਇੱਕ ਘੰਟੇ ਦੇ ਅੰਦਰ ਮਾਂ ਦਾ ਦੁੱਧ ਪਿਲਾਉਣ ਦੀ ਸ਼ੁਰੂਆਤ, ਪਹਿਲੇ ਛੇ ਮਹੀਨਿਆਂ ਲਈ ਮਾਂ ਦਾ ਦੁੱਧ ਪਿਲਾਉਣਾ ਅਤੀ ਜਰੂਰੀ, ਘੱਟੋ-ਘੱਟ ਦੋ ਸਾਲਾਂ ਲਈ ਮਾਂ ਦਾ ਦੁੱਧ ਪਿਲਾਉਣਾ ਲਾਜਮੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਵਧੀਆ ਨਿਵੇਸ਼ ਦੇ ਰੂਪ ਵਿਚ ਬੱਚਤ, ਸੁਰੱਖਿਆ, ਤਰੱਕੀ ਅਤੇ ਸਹਾਇਤਾ ਦੀ ਲੋੜ ਹੈ। ਇਹ ਸਿਹਤ ਪ੍ਰਣਾਲੀਆਂ ਦੀ ਇੱਕ ਮਹੱਤਵਪੂਰਣ ਭੂਮਿਕਾ ਹੈ ਅਤੇ ਵਰਤਮਾਨ ਪ੍ਰੋਗਰਾਮ ਐਮ.ਐਮ.ਏ(ਮਦਰ ਐਬਸੋਲਿਊਟ ਅਫੈਕਸ਼ਨ) ਅਧੀਨ ਮਾਂ ਦੇ ਦੁੱਧ ਪਿਲਾਉਣ ਉੱਤੇ ਧਿਆਨ ਕੇਂਦਰਿਤ ਕਰਨ ਦੇ ਨਾਲ, ਬੱਚਿਆਂ ਨੂੰ ਪੌਸ਼ਟਿਕ ਖੁਰਾਕ ਦੇਣ ਲਈ ਪਰਿਵਾਰਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਜਿਸ ਨਾਲ ਰੋਕਿਆਂ ਜਾ ਸਕਣ ਵਾਲੀਆਂ ਬਿਮਾਰੀਆਂ ਨੂੰ ਕਾਬੂ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਅਨੁਮਾਨ ਲਾਏ ਜਾਣ ਸਮੇਂ ਭਾਰਤ ਦੀਆਂ ਸਾਰੀਆਂ ਮਾਵਾਂ ਦੇ ਬੱਚਿਆਂ ਨੂੰ ਦੁੱਧ ਪਿਲਾਉਣ ਦਾ ਦੋ ਸਾਲਾ ਕੌਮੀ ਉਤਪਾਦਨ 3944 ਮਿਲੀਅਨ ਲੀਟਰ ਹੈ। ਜੇਕਰ ਮਾਂ ਦੇ ਦੁੱਧ ਦੀ ਥਾਂ ’ਤੇ ਓਪਰੇ ਦੁੱਧ ਦਾ ਇਸਤਮਾਲ ਕੀਤਾ ਜਾਵੇ ਤਾਂ ਇਸ ਦੀ ਲਾਗਤ 118 ਬਿਲੀਅਨ ਰੁਪਏ ਹੋਵੇਗੀ। ਜੇ ਇਸ ਦਾ ਆਯਾਤ ਕੀਤਾ ਜਾਵੇ ਤਾਂ ਮਾਂ ਦੇ ਦੁੱਧ ਦੀ ਥਾਂ ’ਤੇ ਇਸਤੇਮਾਲ ਹੋਣ ਵਾਲੇ ਦੁੱਧ ਦੀ ਲਾਗਤ 4.7 ਮਿਲੀਅਨ ਅਮਰੀਕੀ ਡਾਲਰ ਹੋਵੇਗੀ।ਉਨ੍ਹਾਂ ਕਿਹਾ ਕਿ ਜੇਕਰ ਮਾਵਾਂ ਵਲੋਂ ਨਵ-ਜੰਮੇ ਬੱਚੇ ਨੂੰ ਦੁੱਧ ਪਿਲਾਉਣ ਦੀ ਮਾਤਰਾ ਵਿਚ ਵਾਧਾ ਕੀਤਾ ਜਾਂਦਾ ਹੈ ਤਾਂ ਮਾਂ ਦੇ ਦੁੱਧ ਦਾ ਉਤਪਾਦਨ ਵਰਤਮਾਨ ਰਾਸ਼ੀ ਤੋਂ ਦੋ ਗੁਣਾ ਹੋ ਜਾਵੇਗਾ, ਇਹ ”ਕੌਮੀ ਸਰੋਤ” ਦਾ ਪੂਰੀ ਤਰ੍ਹਾਂ ਵਰਤੋਂ ਕਰਕੇ ਬੱਚਤ ਨੂੰ ਦੁੱਗਣਾ ਕਰ ਦੇਵੇਗਾ।
ਸ੍ਰੀ ਮਹਿੰਦਰਾ ਨੇ ਕਿਹਾ ਕਿ ਅੌਰਤਾਂ ਨੂੰ ਵਿਸ਼ੇਸ਼ ਤੌਰ ’ਤੇ ਮਾਂ ਦੇ ਦੁੱਧ ਅਤੇ ਸੁਰੱਖਿਅਤ ਪਾਲਣ-ਪੌਸ਼ਣ ਦੇ ਲਈ, ਸੰਸਦ ਨੇ ਹਾਲ ਹੀ ਵਿਚ ਮੈਟਰਨਿਟੀ ਸਬੰਧੀ ਇਕ ਨਵੀਂ ਨਿਤੀ ਪ੍ਰਵਾਨ ਕੀਤੀ ਹੈ ਜੋ 26 ਹਫਤਿਆਂ ਦੇ ਲਈ ਪ੍ਰਸੂਤੀ ਛੁੱਟੀ ਅਤੇ ਸਾਰੇ ਕੰਮਕਾਜੀ ਅੌਰਤਾਂ ਨੂੰ ਹੋਰ ਲਾਭਾਂ ਦੀ ਆਗਿਆ ਦਿੰਦੀ ਹੈ। ਇਸ ਨਿਤੀ ਨੂੰ ਸਾਰਿਆਂ ਦੁਆਰਾ ਲਾਗੂ ਕੀਤੇ ਜਾਣ ਦੀ ਲੋੜ ਹੈ, ਜਿਸ ਵਿੱਚ ਪ੍ਰਾਈਵੇਟ ਸੈਕਟਰ (ਨਿਜੀ ਅਦਾਰੇ) ਸ਼ਾਮਲ ਹੈ, ਤਾਂ ਜੋ ਮਾਂ ਦਾ ਦੁੱਧ ਪਿਲਾਉਣ ਦੀ ਦਰ ਵਿੱਚ ਵਾਧਾ ਕੀਤਾ ਜਾ ਸਕੇ। ਇਸ ਤੋਂ ਇਲਾਵਾ, ਪੰਜਾਬ ਵਿਚ ਬਾਲ-ਦੋਸਤਾਨਾ ਰਵਾਇਤਾਂ ਨੂੰ ਪੁਨਰ ਸੁਰਜੀਤ , ਮਜ਼ਬੂਤ ਅਤੇ ਸੰਸਥਾਗਤ ਕਰਨ ਦੇ ਲਈ ਜਨਤਕ ਅਤੇ ਪ੍ਰਾਈਵੇਟ ਸੁਵਿਧਾਵਾਂ ਨੂੰ ਸਫਲਤਾਪੂਰਵਕ ਲਾਗੂ ਕਰਨਾ ਜਰੂਰੀ ਹੈ।ਜਿਸ ਦੂਆਰਾ ਨਵ-ਜੰਮਿਆਂ ਬੱਚਿਆਂ ਨੂੰ ਸੁਰੱਖਿਅਤ ਕੀਤਾ ਜਾ ਸਕੇ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …