Share on Facebook Share on Twitter Share on Google+ Share on Pinterest Share on Linkedin ਪਾਰਲੀਮੈਂਟ ਵਿੱਚ ਤੀਹਰੇ ਤਲਾਕ ਦੇ ਮੁੱਦੇ ’ਤੇ ਹੋਈ ਬਹਿਸ ਦੌਰਾਨ ਚੰਦੂਮਾਜਰਾ ਨੇ ਰੱਖਿਆ ਪਾਰਟੀ ਦਾ ਮਜ਼ਬੂਤ ਪੱਖ ਵਿਧਾਨ ਦੀ ਧਾਰਾ 25ਬੀ ਵਿੱਚ ਸੋਧ ਕਰਕੇ ਆਨੰਦ ਮੈਰਿਜ ਐਕਟ ਨੂੰ ਹਿੰਦੂ ਮੈਰਿਜ ਐਕਟ ਤੋਂ ਵੱਖ ਕੀਤਾ ਜਾਵੇ: ਚੰਦੂਮਾਜਰਾ ਅਮਰਜੀਤ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 30 ਦਸੰਬਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਲੋਕ ਸਭਾ ਅੰਦਰ ਟ੍ਰਿਪਲ ਤਲਾਕ ’ਤੇ ਹੋਈ ਬਹਿਸ ਦੌਰਾਨ ਆਪਣੀ ਪਾਰਟੀ ਦਾ ਪੱਖ ਰਖਦਿਆਂ ਜ਼ੋਰਦਾਰ ਮੰਗ ਕੀਤੀ ਕਿ ਵਿਧਾਨ ਦੀ ਧਾਰਾ 25ਬੀ ਦੀ ਕਲਾਜ-2 ਵਿਚ ਸੋਧ ਕਰਕੇ ਆਨੰਦ ਮੈਰਿਜ ਐਕਟ ਨੂੰ ਹਿੰਦੂ ਮੈਰਿਜ ਐਕਟ ਤੋਂ ਵੱਖ ਕੀਤਾ ਜਾਵੇ। ਉਨ੍ਹਾਂ ਲੋਕ ਸਭਾ ਅੰਦਰ ਜ਼ੋਰ ਦੇ ਕੇ ਆਖਿਆ ਕਿ ਸਿੱਖ ਧਰਮ ਅੰਦਰ ਅੌਰਤ ਦਾ ਵੱਡਾ ਸਨਮਾਨ ਹੈ ਅਤੇ ਸਮੁੱਚੀ ਸਿੱਖ ਕੌਮ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ‘ਸੋ ਕਿਉ ਮੰਦਾ ਆਖੀਏ, ਜਿਤੁ ਜੰਮੇ ਰਾਜਾਨ’ ’ਤੇ ਪਹਿਰਾ ਦਿੰਦਿਆਂ ਅੌਰਤ ਦੀ ਆਜ਼ਾਦੀ ਅਤੇ ਸਨਮਾਨ ਦੇ ਹੱਕ ਵਿਚ ਹਰ ਸਮੇਂ ਖੜ੍ਹੀ ਹੈ। ਉਨ੍ਹਾਂ ਆਖਿਆ ਕਿ ਧਾਰਮਿਕ ਭਾਵਨਾਵਾਂ, ਧਾਰਮਿਕ ਰਹੁ ਰੀਤਾਂ ਤੇ ਮਾਨਤਾਵਾਂ ਦੇ ਵਿਚ ਅਸੀਂ ਸਰਕਾਰੀ ਦਖਲ ਨੂੰ ਠੀਕ ਨਹੀਂ ਸਮਝਦੇ। ਕੇਂਦਰ ਸਰਕਾਰ ਮੁਸਲਿਮ ਅੌਰਤਾਂ ਦੀ ਆਜ਼ਾਦੀ ਲਈ ਜੋ ਇਹ ਸੋਧ ਬਿਲ ਲੈ ਕੇ ਆਈ ਹੈ ਸ਼੍ਰੋਮਣੀ ਅਕਾਲੀ ਦਲ ਇਸਦਾ ਸਵਾਗਤ ਕਰਦਾ ਹੈ ਅਤੇ ਨਾਲ ਹੀ ਇਹ ਮੰਗ ਕਰਦਾ ਹੈ ਕਿ ਸਿੱਖਾਂ ਦੀ ਲੰਮੇਂ ਸਮੇਂ ਤੋਂ ਧਾਰਾ 25ਬੀ ਦੀ ਸੋਧ ਦਾ ਮਸਲਾ ਜਿਸ ਲਈ ਸ਼੍ਰੋਮਣੀ ਅਕਾਲੀ ਦਲ ਲੰਮੇਂ ਸਮੇਂ ਤੋਂ ਸੰਘਰਸ਼ਸ਼ੀਲ ਰਿਹਾ ਹੈ ਅਤੇ ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਟੌਹੜਾ ਸਣੇ ਕਈ ਆਗੂ ਜੇਲ੍ਹਾਂ ਵੀ ਕੱਟ ਚੁੱਕੇ ਹਨ, ਨੂੰ ਪ੍ਰਵਾਨ ਕੀਤਾ ਜਾਵੇ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਪੰਡਤ ਜਵਾਹਰ ਲਾਲ ਨਹਿਰੂ ਨੇ ਵਿਧਾਨ ਦੇ ਇਸੇ ਹਾਊਸ ਵਿਚ ਸਿੱਖਾਂ ਕੌਮ ਨੂੰ ਕਿਸੇ ਸਮੇਂ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਸਿੱਖਾਂ ਦੀ ਇਸ ਮੰਗ ਨੂੰ ਪ੍ਰਵਾਨ ਕਰਾਂਗੇ ਪਰ ਸਮੇਂ ਸਮੇਂ ਦੀਆਂ ਕਿਸੇ ਵੀ ਸਰਕਾਰ ਨੇ ਇਸ ਮਸਲੇ ’ਤੇ ਗੰਭੀਰਤਾ ਨਾ ਦਿਖਾਉਂਦਿਆਂ ਪ੍ਰਵਾਹ ਨਹੀਂ ਕੀਤੀ। ਸੋ ਸ਼੍ਰੋਮਣੀ ਅਕਾਲੀ ਦਲ ਅੱਜ ਦੀ ਕੇਂਦਰ ਸਰਕਾਰ ਤੋਂ ਮੰਗ ਕਰਦਾ ਹੈ ਕਿ ਇਹ ਸੋਧ ਲਿਆਂਦੀ ਜਾਵੇ ਤਾਂ ਜੋ ਦੁਨੀਆਂ ਦਾ ਹਰ ਇਕ ਸਿੱਖ ਖੁਸ਼ੀ ਮਨਾ ਸਕੇ। ਸ੍ਰੀ ਚੰਦੂਮਾਜਰਾ ਨੇ ਦਲੀਲ ਦਿੰਦਿਆਂ ਆਖਿਆ ਕਿ ਆਨੰਦ ਮੈਰਿਜ ਐਕਟ ਤਹਿਤ ਜਦੋਂ ਵਿਆਹ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਚਾਰ ਲਾਵਾਂ ਲਈਆਂ ਜਾਂਦੀਆਂ ਹਨ ਤਾਂ ਇਸ ਵਿਚ ਤਲਾਕ ਦੀ ਕੋਈ ਗੁੰਜਾਇਸ਼ ਨਹੀਂ ਬਾਕੀ ਰਹਿ ਜਾਂਦੀ ਅਤੇ ਜਦੋਂ ਵਿਛੋੜੇ ਦੀ ਗੁੰਜਾਇਸ਼ ਨਹੀਂ ਤਾਂ ਹੀ ਵਿਆਹ ਵਿਚ ਆਨੰਦ ਆਵੇਗਾ ਅਤੇ ਇਸੇ ਕਾਰਨ ਇਸ ਦਾ ‘ਆਨੰਦ ਕਾਰਜ’ ਰੱਖਿਆ ਗਿਆ ਸੀ। ਉਨ੍ਹਾਂ ਆਖਿਆ ਕਿ ਆਨੰਦ ਉਥੇ ਹੀ ਹੋਵੇਗਾ ਜਿਥੇ ਵਿਛੋੜੇ ਦੀ ਗੱਲ ਜਾਂ ਗੁੰਜਾਇਸ਼ ਨਾ ਹੋਵੇ। ਸਿੱਖਾਂ ਨੂੰ ਮੱਲੋ ਮੱਲੀ ਹਿੰਦੂ ਮੈਰਿਜ ਐਕਟ ਤਹਿਤ ਬੰਨ੍ਹ ਕੇ ਵਿਛੋੜੇ ਦੀ ਵਿਵਸਥਾ ਪੈਦਾ ਕਰਨ ਲਈ ਇਹ ਸਾਡੇ ਧਾਰਮਿਕ ਤੇ ਪਰੰਪਰਾਵਾਂ ਦੇ ਉਲਟ ਹੈ। ਉਨ੍ਹਾਂ ਆਖਿਆ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਇਸ ਵਿਚ ਸੋਧ ਕੀਤੀ ਜਾਵੇ ਤਾਂ ਜੋ ਸਿੱਖਾਂ ਦਾ ਨਿਆਰਾਪਣ ਜੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਦੇਸ਼ ਦਿੱਤਾ ਸੀ ਕਿ ‘‘ਜਬ ਲਗ ਖਾਲਸਾ ਰਹੇ ਨਿਆਰਾ। ਤਬ ਲਗ ਤੇਜ ਦੀਉ ਮੈਂ ਸਾਰਾ।’’ ਨੂੰ ਕਾਇਮ ਰੱਖਿਆ ਜਾ ਸਕੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ