Nabaz-e-punjab.com

ਮੁਹਾਲੀ ਵਿੱਚ ਰੇਹੜੀਆਂ ਫੜੀਆਂ ਵਾਲਿਆਂ ਨੂੰ ਬਦਲਵੀਂਆਂ ਥਾਵਾਂ ਦੇਣ ਬਾਰੇ ਫੈਸਲਾ ਟਲਿਆ

ਸ਼ਹਿਰ ਵਿੱਚ ਰੇਹੜੀਆਂ ਫੜੀਆਂ ਵਾਲਿਆਂ ਨੂੰ ਆਪਣਾ ਵੇਰਵਾ ਦਰਜ ਕਰਵਾਉਣ ਲਈ ਮੁੜ ਮਿਲੇਗਾ ਇੱਕ ਹੋਰ ਮੌਕਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਦਸੰਬਰ:
ਮੁਹਾਲੀ ਨਗਰ ਨਿਗਮ ਦੀ ਟਾਊਨ ਵੈਂਡਿੰਗ ਕਮੇਟੀ ਦੀ ਅੱਜ ਹੋਈ ਵਿਸ਼ੇਸ਼ ਮੀਟਿੰਗ ਵਿੱਚ ਰੇਹੜੀਆਂ ਫੜੀਆਂ ਵਾਲਿਆਂ ਨੂੰ ਬਦਲਵੀਂਆਂ ਥਾਵਾਂ ਦੇਣ ਬਾਰੇ ਫੈਸਲਾ ਟਲ ਗਿਆ ਹੈ। ਮੀਟਿੰਗ ਵਿੱਚ ਸ਼ਹਿਰ ਵਿੱਚ ਰੇਹੜੀਆਂ ਫੜੀਆਂ ਲਗਾਉਣ ਵਾਲੇ ਉਨ੍ਹਾਂ ਵਿਅਕਤੀਆਂ (ਜਿਨ੍ਹਾਂ ਦੇ ਨਾਮ ਨਗਰ ਨਿਗਮ ਵੱਲੋਂ ਤਿਆਰ ਕੀਤੀ ਗਈ ਸੂਚੀ ਵਿੱਚ ਸ਼ਾਮਲ ਨਹੀਂ ਹਨ) ਨੂੰ ਇੱਕ ਹੋਰ ਮੌਕਾ ਦੇਣ ਦਾ ਫੈਸਲਾ ਕੀਤਾ ਗਿਆ। ਇਸ ਸਬੰਧੀ ਰੇਹੜੀ ਫੜੀ ਵਾਲੇ ਦੀ ਅਰਜ਼ੀ ਦੀ ਡੂੰਘਾਈ ਨਾਲ ਜਾਂਚ ਮਗਰੋਂ ਉਨ੍ਹਾਂ ਦਾ ਨਾਮ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ।
ਮੀਟਿੰਗ ਦੀ ਸ਼ੁਰੂਆਤ ਮੌਕੇ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਇਸ ਗੱਲ ’ਤੇ ਨਾਰਾਜ਼ਗੀ ਜਾਹਰ ਕੀਤੀ ਕਿ ਵੈਂਡਿਗ ਕਮੇਟੀ ਦੀ ਮੀਟਿੰਗ ਪੌਣੇ ਦੋ ਸਾਲ ਬਾਅਦ ਸੱਦੀ ਗਈ ਹੈ ਜਦੋਂਕਿ ਇਸ ਕਮੇਟੀ ਦੀਆਂ ਮੀਟਿੰਗਾਂ ਪਹਿਲਾਂ ਵੀ ਕਰਵਾਈਆਂ ਜਾਣੀਆਂ ਚਾਹੀਦੀਆਂ ਸਨ। ਮੀਟਿੰਗ ਵਿੱਚ ਦੱਸਿਆ ਗਿਆ ਕਿ ਸ਼ਹਿਰ ਵਿੱਚ ਰੇਹੜੀ ਫੜੀ ਲਗਾਉਣ ਵਾਲੇ 993 ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਗਈ ਸੀ। ਉਸ ’ਚੋਂ ਲਗਭਗ 500 ਰੇਹੜੀ ਫੜੀ ਵਾਲਿਆਂ ਨੇ ਹੀ ਆਪਣੇ ਦਸਤਾਵੇਜ਼ ਜਮਾਂ ਕਰਵਾਏ ਹਨ।
ਕਮੇਟੀ ਮੈਂਬਰ ਆਰਪੀ ਸ਼ਰਮਾ ਨੇ ਕਿਹਾ ਕਿ ਪਹਿਲਾਂ ਹੋਏ ਸਰਵੇ ਦੌਰਾਨ ਜਿਨ੍ਹਾਂ ਰੇਹੜੀ ਫੜੀ ਵਾਲਿਆਂ ਦਾ ਨਾਂ 993 ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਹੋਣ ਤੋਂ ਰਹਿ ਗਿਆ ਹੈ। ਉਨ੍ਹਾਂ ਨੂੰ ਇੱਕ ਹੋਰ ਮੌਕਾ ਦਿੱਤਾ ਜਾਵੇ ਅਤੇ ਜਿਹੜੇ ਵਿਅਕਤੀ ਮੌਜੂਦਾ ਸਮੇਂ ਵਿੱਚ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਰੇਹੜੀਆਂ-ਫੜੀਆਂ ਲਗਾ ਰਹੇ ਹਨ ਉਨ੍ਹਾਂ ਤੋਂ ਅਰਜ਼ੀਆਂ ਲਈਆਂ ਜਾਣ। ਮੀਟਿੰਗ ਵਿੱਚ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਬਾਕੀ ਰਹਿੰਦੇ ਵਿਅਕਤੀਆਂ ਨੂੰ ਸੂਚੀ ਵਿੱਚ ਆਪਣਾ ਨਾਂ ਦਰਜ ਕਰਵਾਉਣ ਲਈ 20 ਦਿਨ ਦਾ ਨੋਟਿਸ ਦਿੱਤਾ ਜਾਵੇ ਅਤੇ ਉਨ੍ਹਾਂ ਤੋਂ ਲੋੜੀਂਦੇ ਦਸਤਾਵੇਜ਼ ਜਮਾਂ ਕਰਨ ਤੋਂ ਬਾਅਦ ਹੀ ਉਨ੍ਹਾਂ ਦੇ ਸ਼ਨਾਖ਼ਤੀ ਕਾਰਡ ਬਣਾਏ ਜਾਣ। ਫਿਲਹਾਲ ਰੇਹੜੀ ਫੜੀ ਵਾਲਿਆਂ ਨੂੰ ਬਦਲਵੀਂਆਂ ਥਾਵਾਂ ਦੇਣ ਲਈ ਵੈਂਡਿਗ ਜ਼ੋਨਾਂ ਬਣਾਉਣ ਬਾਰੇ ਫੈਸਲਾ ਅੱਗੇ ਟਾਲ ਦਿੱਤਾ ਗਿਆ। ਇਹ ਵੀ ਕਿਹਾ ਗਿਆ ਹੈ ਕਿ ਰੇਹੜੀ-ਫੜੀ ਵਾਲਿਆਂ ਨੂੰ ਸਬੰਧਤ ਦੁਕਾਨਦਾਰ ਤੋਂ ਵੀ ਕੋਈ ਇਤਰਾਜ਼ ਨਹੀਂ ਹੈ, ਸਬੰਧੀ ਸਰਟੀਫਿਕੇਟ ਲੈਣਾ ਹੋਵੇਗਾ। ਰੇਹੜੀ ਫੜੀ ਵਾਲਿਆਂ ਤੋਂ ਹਰੇਕ ਮਹੀਨੇ ਫੀਸ ਲੈਣ ਦਾ ਵੀ ਫੈਸਲਾ ਕੀਤਾ ਗਿਆ। ਜਿਸ ਦੇ ਤਹਿਤ ਮਾਰਕੀਟਾਂ ਵਿੱਚ ਅਗਲੇ ਪਾਸੇ ਲਗਦੀਆਂ ਰੇਹੜੀਆਂ ਫੜੀਆਂ ਤੋਂ 1500 ਰੁਪਏ, ਪਿਛਲੇ ਪਾਸੇ ਲੱਗਣ ਵਾਲੀਆਂ ਰੇਹੜੀ ਫੜੀ ਤੋਂ 800 ਰੁਪਏ ਅਤੇ ਆਪਣਾ ਸਾਮਾਨ ਕਿਸੇ ਗੱਡੀ ਵਿੱਚ ਲਿਆ ਕੇ ਵੇਚਣ ਵਾਲਿਆਂ ਤੋਂ 2500 ਰੁਪਏ ਪ੍ਰਤੀ ਮਹੀਨਾ ਫੀਸ ਲਈ ਜਾਵੇਗੀ। ਮੀਟਿੰਗ ਵਿੱਚ ਨਗਰ ਨਿਗਮ ਦੇ ਅਧਿਕਾਰੀ ਅਤੇ ਟਾਊਨ ਵੈਂਡਿੰਗ ਕਮੇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਮੇਅਰ ਕੁਲਵੰਤ ਸਿੰਘ ਨੇ ਮੁਹਾਲੀ ਨੂੰ ਨਾਜਾਇਜ਼ ਰੇਹੜੀਆਂ ਅਤੇ ਫੜੀਆਂ ਤੋਂ ਮੁਕਤ ਕਰਨ ਦਾ ਫੈਸਲਾ ਲਿਆ ਹੈ। ਜਿਸ ਦੇ ਤਹਿਤ ਸ਼ਹਿਰ ਵਿੱਚ ਰੇਹੜੀਆਂ ਫੜੀਆਂ ਲਈ ਢੁਕਵੀਂ ਥਾਂ ਨਿਰਧਾਰਿਤ ਕੀਤੀ ਜਾਵੇਗੀ ਕਿਉਂਕਿ ਮੌਜੂਦਾ ਸਮੇਂ ਵਿੱਚ ਜ਼ਿਆਦਾਤਰ ਵਿਅਕਤੀ ਵੱਖ ਵੱਖ ਥਾਵਾਂ ’ਤੇ ਮਨਮਰਜ਼ੀ ਨਾਲ ਰੇਹੜੀ ਅਤੇ ਫੜੀ ਲਗਾ ਕੇ ਬੈਠ ਜਾਂਦੇ ਹਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…