
ਕੰਜਿਊਮਰਜ਼ ਪ੍ਰੋਟੈਕਸ਼ਨ ਫੈਡਰੇਸ਼ਨ ਵੱਲੋਂ ਰਾਸ਼ਟਰੀ ਖਪਤਕਾਰ ਦਿਵਸ ਮਨਾਉਣ ਦਾ ਫੈਸਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਦਸੰਬਰ:
ਕੰਜਿਊਮਰਜ਼ ਪ੍ਰੋਟੈਕਸ਼ਨ ਫੈਡਰੇਸ਼ਨ ਐਸ.ਏ.ਐਸ. ਨਗਰ (ਮੁਹਾਲੀ) ਵੱਲੋਂ 22 ਦਸੰਬਰ ਨੂੰ ਸਰਕਾਰੀ ਮਾਡਲ ਸੀਨੀਅਰ ਸਕੈਂਡਰੀ ਸਕੂਲ ਫੇਜ਼-3ਬੀ1ਵਿਖੇ ਰਾਸ਼ਟਰੀ ਖਪਤਕਾਰ ਦਿਵਸ ਮਨਾਇਆ ਜਾਵੇਗਾ। ਇਸ ਸਬੰਧੀ ਫੈਸਲਾ ਅੱਜ ਇੱਥੋਂ ਦੇ ਪ੍ਰਾਚੀਨ ਸ਼ਿਵ ਮੰਦਰ ਫੇਜ਼-1 ਵਿਖੇ ਸੰਸਥਾ ਦੇ ਪ੍ਰਧਾਨ ਇੰਜੀਨੀਅਰ ਪੀਐਸ ਵਿਰਦੀ ਦੀ ਅਗਵਾਈ ਹੇਠ ਹੋਈ ਫੈਡਰੇਸ਼ਨ ਦੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਲਿਆ ਗਿਆ। ਇਹ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਜਨਰਲ ਸਕੱਤਰ ਅਸ਼ੋਕ ਪਵਾਰ ਨੇ ਦੱਸਿਆ ਕਿ ਇਸ ਮੌਕੇ ਮੁਹਾਲੀ ਤੋਂ ਆਪ ਵਿਧਾਇਕ ਕੁਲਵੰਤ ਸਿੰਘ ਮੁੱਖ ਮਹਿਮਾਨ ਹੋਣਗੇ, ਜਦੋਂਕਿ ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਕਰਨਗੇ।
ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਮੁਹਾਲੀ ਸ਼ਹਿਰ ਵਿੱਚ ਸਰਕਾਰੀ ਇੰਜੀਨੀਅਰਿੰਗ ਕਾਲਜ ਸਥਾਪਿਤ ਕੀਤਾ ਜਾਵੇ, ਉੱਚੇ ਅਤੇ ਸੰਘਣੇ ਦਰਖਤਾਂ ਦੀ ਛੰਗਾਈ ਕਰਵਾਈ ਜਾਵੇ, ਸ਼ਹਿਰ ਵਿੱਚ ਸਿਟੀ ਬੱਸ ਸੇਵਾ ਸ਼ੂਰੂ ਕੀਤੀ ਜਾਵੇ। ਮੀਟਿੰਗ ਵਿੱਚ ਕੁਲਦੀਪ ਸਿੰਘ ਭਿੰਡਰ, ਜੈ ਸਿੰਘ ਸ਼ੈਂਹਬੀ, ਗੁਰਚਰਨ ਸਿੰਘ, ਰੁਪਿੰਦਰ ਕੌਰ ਨਾਗਰਾ, ਜਸਮੇਰ ਸਿੰਘ ਬਾਠ, ਸੁਖਦੀਪ ਸਿੰਘ, ਸੋਹਣ ਲਾਲ ਸ਼ਰਮਾ, ਬਲਵਿੰਦਰ ਸਿੰਘ, ਗਿਆਨ ਸਿੰਘ, ਸਵਿੰਦਰ ਸਿੰਘ ਲੱਖੋਵਾਲ ਅਤੇ ਉਪਕਾਰ ਸਿੰਘ ਸ਼ਾਮਲ ਸਨ।