
ਕਰੋਨਾ ਦਾ ਖ਼ੌਫ਼: ਪੁੱਡਾ ਵਿੱਚ 15 ਦਿਨਾਂ ਲਈ ਪਬਲਿਕ ਡੀਲਿੰਗ ਦਾ ਕੰਮ ਸੀਮਤ ਕਰਨ ਦਾ ਫੈਸਲਾ
ਅਗਾਊਂ ਪ੍ਰਵਾਨਗੀ ਨਾਲ ਐਮਰਜੈਂਸੀ ਕੰਮ ਲਈ ਅਧਿਕਾਰੀ ਜਾਂ ਬ੍ਰਾਂਚ ਮੁਖੀ ਨਾਲ ਹੋ ਸਕੇਗੀ ਮੁਲਾਕਾਤ
ਜ਼ਰੂਰੀ ਮੁੱਦੇ ਵਿਚਾਰਨ ਲਈ ਪਬਲਿਕ ਈਮੇਲ ਰਾਹੀਂ ਲੈ ਕੇ ਸਕੇਗੀ ਮੁਲਾਕਾਤ ਕਰਨ ਦਾ ਸਮਾਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੁਲਾਈ:
ਕੋਵਿਡ-19 ਦੇ ਲਗਾਤਾਰ ਵਧ ਰਹੇ ਪ੍ਰਭਾਵ ਦੇ ਮੱਦੇਨਜ਼ਰ ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ (ਪੁੱਡਾ) ਨੇ ਇੱਥੋਂ ਦੇ ਸੈਕਟਰ-62 ਸਥਿਤ ਮੁੱਖ ਦਫ਼ਤਰ ਵਿੱਚ ਪਬਲਿਕ ਡੀਲਿੰਗ ਦਾ ਕੰਮ ਸੀਮਤ ਕਰਨ ਦਾ ਫੈਸਲਾ ਲਿਆ ਹੈ। ਸੋਮਵਾਰ 20 ਜੁਲਾਈ ਤੋਂ ਦੋ ਹਫ਼ਤਿਆਂ ਲਈ ਪੁੱਡਾ ਭਵਨ ਵਿੱਚ ਸਿੰਗਡਵਿੰਡੋ ਅਤੇ ਬ੍ਰਾਂਚਾਂ ਵਿੱਚ ਸਿਰਫ਼ ਸੀਮਤ ਕੰਮ ਹੀ ਕੀਤੇ ਜਾਣਗੇ। ਦੱਸਣਯੋਗ ਹੈ ਕਿ ਇਸ ਇਮਾਰਤ ਵਿੱਚ ਗਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੇ ਵੀ ਵੱਖ-ਵੱਖ ਦਫ਼ਤਰ ਹਨ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕਰੋਨਾਵਾਇਰਸ ਦੇ ਫੈਲਣ ਅਤੇ ਇਸ ਦੇ ਹੋਰ ਪ੍ਰਸਾਰ ਨੂੰ ਰੋਕਣ ਲਈ ਦਫ਼ਤਰ ਦੇ ਗਰਾਊਂਡ ਫਲੋਰ ’ਤੇ ਪਹਿਲਾਂ ਤੋਂ ਹੀ ਸਥਾਪਿਤ ਸਿੰਗਲ ਵਿੰਡੋ ਸਿਸਟਮ ਤੱਕ ਪਬਲਿਕ ਡੀਲਿੰਗ ਸੀਮਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਲੋਕਾਂ ਦੀ ਸਹੂਲਤ ਲਈ ਸ਼ਿਕਾਇਤਾਂ ਪ੍ਰਾਪਤ ਕਰਨ ਅਤੇ ਰਸੀਦਾਂ ਜਾਰੀ ਕਰਨ ਲਈ ਸਿੰਗਲ ਵਿੰਡੋ ਤੋਂ ਇਲਾਵਾ ਇੱਕ ਵਿਸ਼ੇਸ਼ ਕਾਊਂਟਰ ਵੀ ਇਸੇ ਫਲੋਰ ’ਤੇ ਸਥਾਪਿਤ ਕੀਤਾ ਜਾਵੇਗਾ। ਗਰਾਊਂਡ ਫਲੋਰ ਤੋਂ ਉਪਰ ਹੋਰ ਕਿਸੇ ਦਫ਼ਤਰ ਵਿੱਚ ਜਾਣ ਦੀ ਆਮ ਲੋਕਾਂ ਨੂੰ ਇਜਾਜ਼ਤ ਨਹੀਂ ਹੋਵੇਗੀ।
ਇਸ ਤੋਂ ਇਲਾਵਾ ਇਕ ਮੇਲ ਆਈਡੀ pudagmada.appointments0gmail.com ਵੀ ਬਣਾਈ ਗਈ ਹੈ। ਜਿਸ ਰਾਹੀਂ ਕੋਈ ਵੀ ਵਿਅਕਤੀ ਕਿਸੇ ਵੀ ਜ਼ਰੂਰੀ ਕੇਸ ਦੀ ਸੂਰਤ ਵਿੱਚ ਮੁਲਾਕਾਤ ਦਾ ਸਮਾਂ ਐਡਵਾਂਸ ਵਿੱਚ ਲੈ ਸਕਣਗੇ। ਆਮ ਲੋਕਾਂ ਨੂੰ ਮੁਲਾਕਾਤ ਕਰਨ ਦਾ ਕਾਰਨ ਅਤੇ ਉਸ ਅਧਿਕਾਰੀ ਦਾ ਨਾਮ ਦੱਸਣਾ ਹੋਵੇਗਾ। ਜਿਸ ਨਾਲ ਉਹ ਮੁਲਾਕਾਤ ਕਰਨਾ ਚਾਹੁੰਦੇ ਹਨ। ਬੇਨਤੀ ’ਤੇ ਵਿਚਾਰ ਕਰਨ ਤੋਂ ਬਾਅਦ ਸਬੰਧਤ ਨੂੰ ਮੁਲਾਕਾਤ ਦਾ ਸਮਾਂ ਦਿੱਤਾ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਵੱਲੋਂ ਮੁਲਾਕਾਤ ਦਾ ਸਮਾਂ ਪਹਿਲਾਂ ਹੀ ਪ੍ਰਾਪਤ ਕੀਤਾ ਜਾਵੇਗਾ। ਕੇਵਲ ਉਨ੍ਹਾਂ ਨੂੰ ਦਫ਼ਤਰ ਦੀ ਇਮਾਰਤ ਵਿੱਚ ਆਉਣ ਦਿੱਤਾ ਜਾਵੇਗਾ।
ਬੁਲਾਰੇ ਨੇ ਦੱਸਿਆ ਕਿ ਪਬਲਿਕ ਡੀਲਿੰਗ ਨੂੰ ਸੀਮਤ ਕਰਨ ਦਾ ਫੈਸਲਾ ਕੋਵਿਡ-19 ਦੇ ਪ੍ਰਸਾਰ ਨੂੰ ਘਟਾਉਣ ਦੇ ਮੰਤਵ ਨਾਲ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਪੁੱਡਾ\ਗਮਾਡਾ ਦਫ਼ਤਰਾਂ ਵਿੱਚ ਵੱਡੀ ਗਿਣਤੀ ਵਿੱਚ ਪਬਲਿਕ ਡੀਲਿੰਗ ਹੁੰਦੀ ਹੈ ਪ੍ਰੰਤੂ ਮੌਜੂਦਾ ਸਮੇਂ ਵਿੱਚ ਕਰੋਨਾ ਮਾਮਲਿਆਂ ਵਿੱਚ ਹੋ ਰਹੇ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ ਪਬਲਿਕ ਡੀਲਿੰਗ ਸੀਮਤ ਕਰਨ ਦਾ ਨਿਰਣਾ ਲਿਆ ਗਿਆ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਫ਼ਤਰ ਦਾ ਘੱਟ ਤੋਂ ਦੌਰਾ ਕਰਨ ਅਤੇ ਸੰਕਟ ਦੇ ਇਸ ਸਮੇਂ ਵਿੱਚ ਸਹਿਯੋਗ ਦੇਣ।