
ਮੁਹਾਲੀ ਨੂੰ ‘ਖੁੱਲ੍ਹੇ ਵਿੱਚ ਸ਼ੌਚ ਮੁਕਤ’ ਘੋਸ਼ਿਤ ਕਰਨਾ ਆਜ਼ਾਦ ਗਰੁੱਪ ਦੇ 5 ਸਾਲਾਂ ਦੀ ਕਾਰਗੁਜ਼ਾਰੀ ਦਾ ਨਤੀਜਾ: ਕੁਲਵੰਤ ਸਿੰਘ
ਸਾਬਕਾ ਮੇਅਰ ਕੁਲਵੰਤ ਸਿੰਘ ਨੇ ਵੱਖ-ਵੱਖ ਉਮੀਦਵਾਰਾਂ ਦੇ ਹੱਕ ਘਰ-ਘਰ ਜਾ ਕੇ ਚੋਣ ਪ੍ਰਚਾਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜਨਵਰੀ:
ਆਮ ਆਦਮੀ ਪਾਰਟੀ (ਆਪ) ਨਾਲ ਮਿਲ ਕੇ ਨਗਰ ਨਿਗਮ ਚੋਣਾਂ ਲੜ ਰਹੇ ਆਜ਼ਾਦ ਗਰੁੱਪ ਨੇ ਸ਼ਹਿਰ ਵਿੱਚ ਆਪਣੀਆਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਆਜ਼ਾਦ ਗਰੁੱਪ ਦੇ ਮੁਖੀ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਸ਼ੁੱਕਰਵਾਰ ਨੂੰ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਮੁਹਾਲੀ ਦੇ ਵੱਖ-ਵੱਖ ਵਾਰਡਾਂ ਵਿੱਚ ਉਮੀਦਵਾਰਾਂ ਦੇ ਹੱਕ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਨੇ ਵਾਰਡ ਨੰਬਰ-50 ਤੋਂ ਆਜ਼ਾਦ ਗਰੁੱਪ ਦੀ ਉਮੀਦਵਾਰ ਗੁਰਮੀਤ ਕੌਰ ਦੇ ਚੋਣ ਦਫ਼ਤਰ ਦਾ ਉਦਘਾਟਨ ਵੀ ਕੀਤਾ। ਇਸ ਤੋਂ ਪਹਿਲਾਂ ਗ੍ਰੰਥੀ ਸਿੰਘ ਨੇ ਅਰਦਾਸ ਕੀਤੀ।
ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਚੋਣ ਜਿੱਤਣ ਤੋਂ ਬਾਅਦ ਪਿਛਲੇ ਪੰਜ ਸਾਲਾਂ ਦੀ ਤਰਜ਼ ’ਤੇ ਮੁਹਾਲੀ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਲਈ ਪੂਰਾ ਤਾਣ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਉਨ੍ਹਾਂ ਨੇ ਸਿਆਸਤ ਤੋਂ ਉੱਪਰ ਉੱਠ ਕੇ ਹਰੇਕ ਨਾਗਰਿਕ ਦੀ ਜ਼ਿੰਦਗੀ ਦੀ ਬਿਹਤਰੀ ਲਈ ਕੰਮ ਕੀਤਾ ਹੈ। ਜਿਸ ਦੇ ਸਿੱਟੇ ਵਜੋਂ ਮੁਹਾਲੀ ਅੱਜ ਪੰਜਾਬ ਦੇ ਸਭ ਤੋਂ ਵਧੀਆ ਸ਼ਹਿਰਾਂ ’ਚੋਂ ਇਕ ਹੈ। ਇਹੀ ਇਕ ਕਾਰਨ ਹੈ ਕਿ ਬੀਤੇ ਦਿਨੀਂ ਕੇਂਦਰ ਸਰਕਾਰ ਅਤੇ ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਵੱਲੋਂ ਮੁਹਾਲੀ ਨਗਰ ਨਿਗਮ ਨੂੰ ‘ਖੁੱਲ੍ਹੇ ਵਿੱਚ ਸ਼ੌਚ ਮੁਕਤ’ ਹੋਣ ਦੀ ਓਡੀਐਫ਼ ਪਲੱਸ-ਪਲੱਸ ਦਾ ਦਰਜਾ ਦੇ ਕੇ ਨਿਵਾਜਿਆ ਹੈ। ਇਸ ਲਈ ਸਮੂਹ ਕੌਂਸਲਰ ਅਤੇ ਸ਼ਹਿਰ ਵਾਸੀ ਵਧਾਈ ਦੇ ਹੱਕਦਾਰ ਹਨ।
ਸ੍ਰੀ ਕੁਲਵੰਤ ਸਿੰਘ ਨੇ ਆਪਣੀ ਪ੍ਰਾਪਤੀ ਗਿਣਵਾਉਂਦੇ ਹੋਏ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ ਮੁਹਾਲੀ ਦੇ ਹਰੇਕ ਪਾਰਕ ਵਿੱਚ ਬਾਥਰੂਮ ਅਤੇ ਓਪਨ ਏਅਰ ਜਿਮ, ਨਵੇਂ ਟਰੈਕ, ਨਵੇਂ ਬੈਂਚ, ਝੁੱਲੇ, ਸਟਰੀਟ ਲਾਈਟਾਂ ਅਤੇ ਫੁੱਟ ਲਾਈਟਾਂ, ਐਲਈਡੀ ਲਾਈਟਾਂ, ਮਸ਼ੀਨੀ ਸਫ਼ਾਈ, ਸੀਵਰੇਜ ਅਤੇ ਵਾਟਰ ਸਪਲਾਈ ਦੀ ਵਿਵਸਥਾ ਕਰਨ ਸਮੇਤ ਹੋਰ ਅਨੇਕਾਂ ਵਿਕਾਸ ਦੇ ਕੰਮ ਕੀਤੇ ਗਏ ਹਨ। ਇਸ ਤੋਂ ਇਲਾਵਾ ਨਵੀਂ ਟੈਕਨਾਲੋਜੀ ਦੀ ਮਦਦ ਨਾਲ ਪਬਲਿਕ ਪਖਾਨਿਆਂ ਦੀ ਲੋਕੇਸ਼ਨ ਗੂਗਲ ’ਤੇ ਉਪਲਬਧ ਕਰਵਾਈ ਗਈ ਤਾਂ ਜੋ ਲੋਕਾਂ ਦੀ ਜ਼ਿੰਦਗੀ ਸੁਖਾਲੀ ਬਣ ਸਕੇ।
ਇਸ ਮੌਕੇ ਆਜ਼ਾਦ ਗਰੁੱਪ ਦੀ ਫੇਜ਼-1 ਤੋਂ ਉਮੀਦਵਾਰ ਮੈਡਮ ਉਮਾ ਸ਼ਰਮਾ, ਸਮਾਜ ਸੇਵੀ ਹਰਬਿੰਦਰ ਸਿੰਘ, ਸਾਬਕਾ ਕੌਂਸਲਰ ਆਰਪੀ ਸ਼ਰਮਾ ਅਤੇ ਸੇਵਾਮੁਕਤ ਏਡੀਸੀ ਮਹਿੰਦਰ ਸਿੰਘ ਕੈਂਥ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।