ਪੰਜਾਬ ਵਿੱਚ ਘਿਨਾਉਣੇ ਜ਼ੁਰਮਾਂ ਦੀ ਦਰ ਵਿੱਚ ਕਮੀ ਆਈ: ਪੁਲੀਸ ਦਾ ਦਾਅਵਾ

ਨਸ਼ਾ ਤਸਕਰੀ ਤੇ 8 ਅਤਿਵਾਦੀ ਟੋਲਿਆਂ ਦਾ ਪ੍ਰਰਦਾਫ਼ਾਸ਼ ਕਰਕੇ ਯੋਜਨਾਬੱਧ ਕਤਲਾਂ ਦੀ ਖੁਰਾ ਖੋਜ ਨੱਪਣਾ ਵੱਡੀਆਂ ਪ੍ਰਾਪਤੀਆਂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 4 ਜਨਵਰੀ:
ਸਾਲ 2017 ਦੌਰਾਨ ਪੰਜਾਬ ਵਿੱਚ ਘਿਨਾਉਣੇ ਜ਼ੁਰਮਾਂ ਦੀ ਦਰ ਵਿੱਚ ਆਈ ਕਮੀ, ਡੇਰਾ ਸੱਚਾ ਸੌਦਾ ਮੁੱਖੀ ਨੂੰ ਸਜ਼ਾ ਸੁਣਾਏ ਜਾਣ ਪਿੱਛੋਂ ਅਮਨ-ਕਾਨੂੰਨ ਨੂੰ ਪੂਰੀ ਤਰਾਂ ਕਾਬੂ ਵਿੱਚ ਰੱਖਣ ਅਤੇ 8 ਅੱਤਵਾਦੀ ਗਰੁੱਪਾਂ ਨੂੰ ਕਾਬੂ ਕਰਕੇ ਉਨਾਂ ਵੱਲੋਂ ਮਿੱਥ ਕੇ ਕੀਤੇ ਪ੍ਰਮੁੱਖ ਕਤਲ ਕੇਸਾਂ ਨੂੰ ਹੱਲ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਨਾਂ ਨੇ ਪਿਛਲੇ ਦੋ ਸਾਲਾਂ ਦੌਰਾਨ ਪੰਜਾਬ ਦਾ ਮਾਹੌਲ ਖਰਾਬ ਕਰ ਰੱਖਿਆ ਸੀ। ਇਸੇ ਅਰਸੇ ਦੌਰਾਨ ਪੰਜਾਬ ਪੁਲਿਸ ਨਸ਼ਾ ਤਸਕਰੀ ਤੇ ਸਮਗਲਰਾਂ ਨੂੰ ਕਾਬੂ ਕਰਨ ਅਤੇ ਵਿਧਾਨ ਸਭਾ ਚੋਣਾਂ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਵਿੱਚ ਵੀ ਪੂਰੀ ਕਾਮਯਾਬ ਰਹੀ।
ਪਿਛਲੇ ਸਾਲ ਦੌਰਾਨ ਹੋਈਆਂ ਪ੍ਰਮੁੱਖ ਪ੍ਰਾਪਤੀਆਂ ਵਿੱਚ ਮੋਗਾ ਵਿਖੇ 8 ਨਵੰਬਰ ਨੂੰ 5 ਵਿਅਕਤੀ ਗ੍ਰਿਫਤਾਰ ਕਰਕੇ ਇੱਕ ਦਹਿਸ਼ਗਰਦ ਗੁੱਟ ਦਾ ਪਰਦਾਫ਼ਾਸ਼ ਕੀਤਾ ਜਿਸ ਕਰਕੇ ਰਾਜ ਵਿੱਚ ਘੱਟਗਿਣਤੀ ਵਰਗ ਦੇ ਆਗੂਆਂ ਦੀਆਂ ਮਿੱਥ ਕੇ ਕੀਤੀਆਂ ਹੱਤਿਆਵਾਂ ਨਾਲ ਸਬੰਧਤ 8 ਕੇਸਾਂ ਨੂੰ ਵੀ ਹੱਲ ਕਰ ਲਿਆ ਗਿਆ ਜੋ ਕਿ ਪਿਛਲੇ ਦੋ ਸਾਲਾਂ ਤੋਂ ਅਣਸੁਲਝੇ ਚਲੇ ਆ ਰਹੇ ਸਨ। ਇਸੇ ਤਰ੍ਹਾਂ ਜੁਲਾਈ 2017 ਵਿੱਚ ਜਸਵੰਤ ਸਿੰਘ ਉਰਫ਼ ਕਾਲਾ ਅਤੇ 6 ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਪਾਰਸ ਮੋਨੀ, ਡੇਰਾ ਸੱਚਾ ਸੌਦਾ ਦੇ ਗੁਰਦੇਵ ਸਿੰਘ ਅਤੇ ਹਨੂੰਮਾਨਗੜ, ਰਾਜਸਥਾਨ ਵਿੱਚ ਬਾਬਾ ਲੱਖਾ ਸਿੰਘ ਉਰਫ਼ ਪਾਖੰਡੀ ਬਾਬਾ ਦੇ ਹੋਏ ਤਿੰਨ ਕਤਲ ਕੇਸਾਂ ਨੂੰ ਵੀ ਹੱਲ ਕਰ ਲਿਆ ਗਿਆ।
ਮਾਰਚ ਮਹੀਨੇ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਨਵੀਂ ਸਰਕਾਰ ਦੇ ਗਠਨ ਉਪਰੰਤ ਪੁਲਿਸ ਦੀ ਪੂਰੀ ਮੁਸਤੈਦੀ ਕਾਰਨ ਕਤਲਾਂ ਜਾਂ ਕਤਲ ਕਰਨ ਦੀਆਂ ਸਾਜ਼ਿਸ਼ਾਂ, ਅਗਵਾ, ਚੋਰੀਆਂ, ਡਾਕੇ ਆਦਿ ਨਾਲ ਸਬੰਧਿਤ ਵਰਗਾਂ ਵਿੱਚ ਜ਼ੁਰਮਾਂ ਦੀ ਦਰ ਮੁਕਾਬਲਤਨ ਪਿਛਲੇ ਸਾਲ ਕਾਫ਼ੀ ਘੱਟ ਰਹੀ। ਇਸ ਤੋਂ ਇਲਾਵਾ ਸਥਾਨਕ ਅਤੇ ਵਿਸ਼ੇਸ਼ ਕਾਨੂੰਨਾਂ ਖਾਸਕਰ ਨਸ਼ੀਲੀਆਂ ਵਸਤਾਂ ਰੋਕਥਾਮ (ਐਨ.ਡੀ.ਪੀ.ਐਸ.) ਕਾਨੂੰਨ ਤਹਿਤ ਪੁਲਿਸ ਨੂੰ ਵੱਡੀਆਂ ਪ੍ਰਾਪਤੀਆਂ ਹੋਈਆਂ ਹਨ। ਪੁਲਿਸ ਦੇ ਤਕਨੀਕੀ ਅਤੇ ਬੁਨਿਆਦੀ ਢਾਂਚੇ ਦੇ ਨਿਰਮਾਣ ਦੇ ਨਾਲ ਆਵਾਜਾਈ ਪ੍ਰਣਾਲੀ ਵਿੱਚ ਸੁਧਾਰ ਸਬੰਧੀ ਵੀ ਪ੍ਰਮੁੱਖਤਾ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਅਪਰਾਧ ਅਤੇ ਅਪਰਾਧਿਕ ਟਰੈਕਿੰਗ ਪ੍ਰਣਾਲੀ (ਸੀ.ਸੀ.ਟੀ.ਐਨ.ਐਸ) ਨੂੰ 24 ਕੋਰ ਐੱਪਲੀਕੇਸ਼ਨ ਸਾਫਟਵੇਅਰ ਮਾਡਿਊਲ ਨਾਲ ਜੋੜ ਦਿੱਤਾ ਹੈ ਜਿਸ ਵਿਚ ਸਾਂਝ ਕੇਂਦਰਾਂ ਰਾਹੀਂ ਆਮ ਲੋਕਾਂ ਨੂੰ 8 ਨਾਗਰਿਕ ਸੇਵਾਵਾਂ ਪ੍ਰਦਾਨ ਕਰਨ, ਪੁਲਿਸ ਸਟੇਸ਼ਨਾਂ ਲਈ ਹਾਰਡਵੇਅਰ ਮੁਹੱਹੀਆ ਕਰਨ, ਆਨਲਾਈਨ ਐਫ.ਆਈ.ਆਰ. ਦਰਜ਼ ਕਰਵਾਉਣਾ, ਜਨਰਲ ਡਾਇਰੀ ਸਮੇਤ ਪਿਛਲੇ 10 ਸਾਲਾਂ ਦੌਰਾਨ ਹਰ ਥਾਣੇ ਵਿੱਚ ਦਰਜ ਕੀਤੀਆਂ ਐਫ.ਆਈ.ਆਰਜ਼ ਦੀ ਡਿਜੀਟਲਾਈਜ਼ੇਸ਼ਨ ਕਰਨਾ ਆਦਿ ਸ਼ਾਮਲ ਹਨ। ਮੌਜੂਦਾ ਸਾਲ 2018 ਵਿਚ ਅੱਤਵਾਦ ’ਤੇ ਠੱਲ੍ਹ ਪਾਉਣ ਦੀ ਸਮਰੱਥਾ ਵਿੱਚ ਵਾਧਾ ਕਰਨ ਲਈ ਪੰਜਾਬ ਪੁਲਿਸ ਦੀ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸ.ਓ.ਜੀ) ਨੂੰ ਸ਼ੁਰੂ ਕਰਨ ਦੀ ਯੋਜਨਾ ਹੈ ਜਿਸ ਨੂੰ ਦੁਨੀਆਂ ਦੀਆਂ ਸਭ ਤੋਂ ਬਿਹਤਰ ਫੋਰਸਾਂ ਦੇ ਬਰਾਬਰ ਸਿੱਖਿਅਤ ਕਰਕੇ ਤਿਆਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਚਾਲੂ ਸਾਲ ਅੰਦਰ ਰਾਜ ਵਿਚ ਕੇਂਦਰੀ ਸੰਕਟਕਾਲੀਨ ਨੰਬਰ 112 ਦੀ ਤਰਜ਼ ’ਤੇ ਰਾਸ਼ਟਰੀ ਐਮਰਜੈਂਸੀ ਰਿਸਪਾਂਸ ਸਿਸਟਮ (ਐਨ.ਈ.ਆਰ.ਐਸ.) ਪ੍ਰੋਜੈਕਟ ਲਾਗੂ ਕੀਤਾ ਜਾ ਰਿਹਾ ਹੈ ਜਿਸ ਤਹਿਤ ਕਾਲਾਂ ਦੇ ਕੇਂਦਰੀਕਰਨ ਲਈ ਮੋਹਾਲੀ ਵਿਚ ਇਕ ਪਬਲਿਕ ਸੇਫਟੀ ਆਨਸਰਿੰਗ ਪੁਆਇੰਟ (ਪੀ.ਐਸ.ਏ.ਪੀ) ਅਪ੍ਰੈਲ ਮਹੀਨੇ ਸਥਾਪਤ ਕੀਤਾ ਜਾਵੇਗਾ ਜਿਸ ਅਧੀਨ 60 ਕਾਲ ਵਰਕ ਸਟੇਸ਼ਨ ਅਤੇ 12 ਪੁਲਿਸ ਕੰਟਰੋਲ ਰੂਮ ਦੇ ਨਾਲ 900 ਐਮਰਜੈਂਸੀ ਗੱਡੀਆਂ ਹੋਣਗੀਆਂ ਜਿਨਾਂ ਨੂੰ ਤੁਰੰਤ ਸੰਦੇਸ਼ ਪਹੁੰਚ ਸਕੇਗਾ।
ਸੋਸ਼ਲ ਮੀਡੀਆ ’ਤੇ ਗਰਮਖਿਆਲੀਆਂ ਦੀਆਂ ਵਧਦੀਆਂ ਕਾਰਵਾਈਆਂ ਦੇ ਮੱਦੇਨਜਰ ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਇਸ ਸਾਲ ਦੌਰਾਨ ਸੋਸ਼ਲ ਮੀਡੀਆ ਵਿੱਚ ਆਪਣੀ ਪ੍ਰਤੀਕ੍ਰਿਰਿਆ ਰੱਖਿਆ ਕਰੇਗੀ ਜਿਸ ਲਈ ਪੁਲਿਸ ਵੱਲੋਂ ਆਪਣਾ ਖੁਦ ਦਾ ਫੇਸਬੁੱਕ ਪੇਜ਼, ਟਵਿੱਟਰ ਅਤੇ ਯੂਟਿਊਬ ਦਾ ਖਾਤਾ ਖੋਲ੍ਹਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਨਾਲ ਸਿੱਧੇ ਤੌਰ ’ਤੇ ਜਵਾਬੀ ਗੱਲਬਾਤ, ਸਮੇਂ ਸਿਰ ਜਵਾਬ ਅਤੇ ਸ਼ਿਕਾਇਤ ਨਿਵਾਰਨ ਪ੍ਰਣਾਲੀ ਪ੍ਰਦਾਨ ਕੀਤੀ ਜਾ ਸਕੇ ਅਤੇ ਪੁਲਿਸ ਦੁਆਰਾ ਕੀਤੇ ਗਏ ਹਾਂ-ਪੱਖੀ ਕੰਮਾਂ ਨੂੰ ਦਰਸਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਇਹ ਖਾਤੇ ਜਨਵਰੀ 2018 ਵਿਚ ਚਾਲੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਮੌਜੂਦਾ ਸਾਲ ਵਿਚ ਸਿੱਧੀ ਭਰਤੀ ਰਾਹੀਂ ਲਗਭਗ 4,000 ਖਾਲੀ ਅਸਾਮੀਆਂ ਭਰੀਆਂ ਜਾਣਗੀਆਂ ਅਤੇ ਹਰ ਸਾਲ ਸੇਵਾਮੁਕਤ ਹੋਣ ਵਾਲੇ ਤੇ ਲੋੜ ਵਾਲੀਆਂ ਖਾਲੀ ਅਸਾਮੀਆਂ ਨੂੰ ਭਰਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਸ਼੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਪੁਲਿਸ ਅੌਰਤਾਂ ਦੀ ਸੁਰੱਖਿਆ ‘ਤੇ ਆਪਣਾ ਵਿਸ਼ੇਸ਼ ਧਿਆਨ ਕੇਂਦਰਿਤ ਰੱਖੇਗੀ ਅਤੇ ਪੰਜਾਬ ਪੁਲਿਸ ਵੱਲੋਂ ਖੇਤਰੀ ਵੂਮੈਨ ਕਾਨਫਰੰਸਾਂ ਕਰਨ ਲਈ ਕਾਰਵਾਈ ਯੋਜਨਾ ਤਿਆਰ ਕੀਤੀ ਗਈ ਹੈ ਅਤੇ ਇਹ 8 ਮਾਰਚ ਨੂੰ ਇਕ ਰਾਜ ਪੱਧਰੀ ਸਮਾਗਮ ਵਿਚ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਕਰਮਚਾਰੀਆਂ ਵੱਲੋਂ ਅੌਰਤਾਂ ਨਾਲ, ਖਾਸ ਤੌਰ ‘ਤੇ ਅਪਰਾਧ ਪੀੜਤਾਂ ਨਾਲ ਗੱਲਬਾਤ ਕਰਨ ਦੀ ਲੋੜੀਂਦੀ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨਸੀ ਹਮਲੇ/ਪ੍ਰੇਸ਼ਾਨ ਕਰਨਾ, ਘਰੇਲੂ ਹਿੰਸਾ, ਛੇੜਛਾੜ ਦੇ ਮਾਮਲੇ ਅਤੇ ਅਸ਼ਲੀਲ ਕਾਲਾਂ/ਸੰਦੇਸ਼ ਭੇਜਣ ਸਬੰਧੀ ਸ਼ਿਕਾਇਤਾਂ ‘ਤੇ ਪ੍ਰਭਾਵਸ਼ਾਲੀ ਅਤੇ ਤੁਰੰਤ ਜਵਾਬ ਦਿੱਤੇ ਜਾਣਗੇ।
ਉਨਾਂ ਕਿਹਾ ਕਿ ਪੰਜਾਬ ਪੁਲਿਸ ਸਾਲ 2018 ਦੌਰਾਨ ਆਪਣੇ ਸ਼ਾਨਦਾਰ ਇਤਿਹਾਸ ਨੂੰ ਕਾਇਮ ਰੱਖਦਿਆਂ ਸੂਬੇ ਵਿਚ ਸ਼ਾਂਤੀ, ਕੌਮੀ ਸੁਰੱਖਿਆ ਅਤੇ ਅਮਨ-ਕਾਨੂੰਨ ਨੂੰ ਕਾਇਮ ਰੱਖਣ ਲਈ ਪੂਰਨ ਸਮਰਪਿਤ ਰਹੇਗੀ। ਇਸ ਤੋਂ ਇਲਾਵਾ ਪੰਜਾਬ ਪੁਲਿਸ ਆਪਣੀ ਸਮਰੱਥਾ ਵਿੱਚ ਵਾਧਾ ਕਰਦੇ ਹੋਏ ਅੱਤਵਾਦ ਵਿਰੱੁਧ ਕਾਰਵਾਈਆਂ, ਸੰਗਠਿਤ ਅਪਰਾਧਾਂ ਖਿਲਾਫ਼ ਸਖਤੀ ਨਾਲ ਨਜਿੱਠਣ ਅਤੇ ਆਪਣੀ ਤਕਨੀਕੀ ਸਮਰੱਥਾ ਨੂੰ ਵਧਾਉਣ ਲਈ ਉਚੇਚੇ ਕਦਮ ਚੁੱਕਣ ਦੇ ਨਾਲ-ਨਾਲ ਇਕ ਨਿਰਪੱਖ, ਜਵਾਬਦੇਹ, ਲੋਕਪੱਖੀ, ਸੰਵੇਦਨਸ਼ੀਲ ਅਤੇ ਪੇਸ਼ੇਵਰ ਤਰੀਕੇ ਨਾਲ ਕੰਮ ਕਰਨ ਪ੍ਰਤੀ ਪਹਿਲ ਦੇਵੇਗੀ।
ਸਾਲ 2017 ਦੀਆਂ ਪ੍ਰਾਪਤੀਆਂ ਅਤੇ 2018 ਦੀਆਂ ਭਵਿੱਖਤ ਯੋਜਨਾਵਾਂ ਦਾ ਵੇਰਵਾ ਦਿੰਦਿਆਂ ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾ ਨੇ ਕਿਹਾ ਕਿ ਪੰਚਕੂਲਾ ਵਿਚ 25 ਅਗਸਤ ਨੂੰ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਜ਼ਾ ਸੁਣਾਏ ਜਾਣ ਪਿੱਛੋਂ ਅਮਨ-ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਕਾਨੂੰਨ ਵਿਵਸਥਾ ਨੂੰ ਸਫਲਤਾਪੂਰਵਕ ਕਾਇਮ ਰੱਖਿਆ ਗਿਆ ਜੋ ਕਿ ਰਾਜ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀ ਵੱਡੀ ਤਾਇਨਾਤੀ, ਬਚਾਅ ਸਬੰਧੀ ਉਪਾਓ, ਸਮੁੱਚੀ ਪੁਲਿਸ ਮਸ਼ੀਨਰੀ ਦੀ ਤਾਇਨਾਤੀ ਅਤੇ ਸ਼ੁਰੂਆਤੀ ਚੁਣੌਤੀਆਂ ਲਈ ਫੁਰਤੀਲੀ ਅਤੇ ਸਪਸ਼ਟ ਕਾਰਵਾਈ ਸਦਕਾ ਯਕੀਨੀ ਬਣਾਇਆ ਗਿਆ।
ਲੰਘੇ ਸਾਲ ਦੌਰਾਨ ਪੰਜਾਬ ਪੁਲਿਸ ਨੇ ਅੱਤਵਾਦੀ ਤੱਤਾਂ ਵਿਰੁੱਧ ਸ਼ਲਾਘਾਯੋਗ ਮੁਹਿੰਮ ਚਲਾਈ ਅਤੇ 8 ਦਹਿਸ਼ਤਗਰਦੀ ਗਰੁੱਪਾਂ ਦਾ ਪਰਦਾਫਾਸ਼ ਕਰਦੇ ਹੋਏ 47 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਤੋਂ 43 ਜਾਨਲੇਵਾ ਹਥਿਆਰ ਵੀ ਬਰਾਮਦ ਕੀਤੇ। ਅਜਿਹੇ ਗਰੁੱਪਾਂ ਨੂੰ ਵਿੱਤੀ ਸਹਾਇਤਾ ਅਤੇ ਹੋਰ ਸਹੂਲਤਾਂ ਪ੍ਰਦਾਨ ਕਰਨ ਵਾਲੇ 21 ਵਿਦੇਸ਼ੀ ਆਗੂਆਂ ਦੀ ਵੀ ਪਹਿਚਾਣ ਕੀਤੀ ਗਈ ਹੈ। ਇਹਨਾਂ ਗਰੁੱਪਾਂ ਨੂੰ ਯੂਰਪ, ਉੱਤਰੀ ਅਮਰੀਕਾ ਅਤੇ ਮੱਧ ਪੂਰਵ ਵਿੱਚ ਬੈਠੇ ਇਹਨਾਂ ਦੇ ਸਮਰਥਕਾਂ ਦੁਆਰਾ ਕੰਟਰੋਲ ਕਰਨਾ, ਹੋਰ ਸਮਰਥਕ ਜੁਟਾਉਣੇ ਅਤੇ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਤਾਂ ਕਿ ਉਹ ਘੱਟਗਿਣਤੀ ਜਥੇਬੰਦੀਆਂ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਫਿਰਕੂ ਇੱਕਸੁਰਤਾ ਨੂੰ ਭੰਗ ਕਰਕੇ ਸੂਬੇ ਅੰਦਰ ਅੱਤਵਾਦ ਨੂੰ ਮੁੜ੍ਹ ਸੁਰਜੀਤ ਕਰ ਸਕਣ।
ਪਿਛਲੇ ਸਾਲ ਦੌਰਾਨ ਹੋਈਆਂ ਪ੍ਰਮੁੱਖ ਪ੍ਰਾਪਤੀਆਂ ਵਿੱਚ ਮੋਗਾ ਵਿਖੇ 8 ਨਵੰਬਰ ਨੂੰ ਪੰਜ ਵਿਅਕਤੀ ਗ੍ਰਿਫਤਾਰ ਕਰਕੇ ਇੱਕ ਦਹਿਸ਼ਗਰਦ ਗੁੱਟ ਦਾ ਪਰਦਾਫ਼ਾਸ਼ ਕੀਤਾ ਜਿਸ ਕਰਕੇ ਰਾਜ ਵਿੱਚ ਘੱਟਗਿਣਤੀ ਵਰਗ ਦੇ ਆਗੂਆਂ ਦੀਆਂ ਮਿੱਥ ਕੇ ਕੀਤੀਆਂ ਹੱਤਿਆਵਾਂ ਨਾਲ ਸਬੰਧਤ 8 ਕੇਸਾਂ ਨੂੰ ਵੀ ਹੱਲ ਕਰ ਲਿਆ ਗਿਆ ਜੋ ਕਿ ਪਿਛਲੇ ਦੋ ਸਾਲਾਂ ਤੋਂ ਅਣਸੁਲਝੇ ਚਲੇ ਆ ਰਹੇ ਸਨ। ਇਸੇ ਤਰ੍ਹਾਂ ਜੁਲਾਈ 2017 ਵਿੱਚ ਜਸਵੰਤ ਸਿੰਘ ਉਰਫ਼ ਕਾਲਾ ਅਤੇ 6 ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਪਾਰਸ ਮੋਨੀ, ਡੇਰਾ ਸੱਚਾ ਸੌਦਾ ਦੇ ਗੁਰਦੇਵ ਸਿੰਘ ਅਤੇ ਹਨੂੰਮਾਨਗੜ, ਰਾਜਸਥਾਨ ਵਿੱਚ ਬਾਬਾ ਲੱਖਾ ਸਿੰਘ ਉਰਫ਼ ਪਾਖੰਡੀ ਬਾਬਾ ਦੇ ਹੋਏ ਤਿੰਨ ਕਤਲ ਕੇਸਾਂ ਨੂੰ ਵੀ ਹੱਲ ਕਰ ਲਿਆ ਗਿਆ।
ਸਾਲ 2016 ਦੇ ਮੁਕਾਬਲੇ ਸਾਲ 2017 ਵਿਚ ਘਿਨਾਉਣੇ ਕੇਸਾਂ ਦਾ ਅੰਕੜੇ ਪੇਸ਼ ਕਰਦਿਆਂ ਡੀ.ਜੀ.ਪੀ. ਨੇ ਕਿਹਾ ਕਿ ਅਜਿਹੇ ਕੇਸਾਂ ਦੀ ਗਿਣਤੀ 771 ਤੋਂ ਘੱਟ ਕੇ 656 ’ਤੇ ਆ ਗਈ ਜਦਕਿ ਕਤਲ ਦੀ ਕੋਸ਼ਿਸ਼ ਦੇ ਕੇਸਾਂ ਦੀ ਗਿਣਤੀ 862 ਤੋਂ 795, ਅਗਵਾ ਕਰਨ ਦੇ ਕੇਸਾਂ ਦੀ ਗਿਣਤੀ 1591 ਤੋਂ 1462, ਚੋਰੀ ਦੇ ਕੇਸਾਂ ਦੀ ਗਿਣਤੀ 147 ਤੋਂ 116 ਅਤੇ ਡਕੈਤੀ ਦੇ ਕੇਸਾਂ ਦੀ ਗਿਣਤੀ 43 ਤੋਂ 26 ਰਹਿ ਗਈ।
ਉਧਰ ਐਨ.ਡੀ.ਪੀ.ਐਸ ਐਕਟ ਤਹਿਤ ਦਰਜ ਹੋਏ ਮੁਕੱਦਮਿਆਂ ਦੀ ਗਿਣਤੀ 2016 ਵਿੱਚ 5,906 ਤੋਂ ਵੱਧ ਕੇ 12,309 ਹੋ ਗਈ ਹੈ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਵਿਚ ਵਾਧਾ ਹੋਇਆ ਹੈ। ਹੈਰੋਇਨ ਦੀ ਬਰਾਮਦਗੀ 139.596 ਕਿਲੋਗ੍ਰਾਮ ਤੋਂ ਵੱਧ ਕੇ 186.865 ਕਿਲੋਗ੍ਰਾਮ, ਪੋਸਤ-ਡੋਡੇ 33,189 ਕਿਲੋਗ੍ਰਾਮ ਤੋਂ 43,734.5 ਕਿਲੋਗ੍ਰਾਮ ਅਤੇ ਅਫੀਮ 354.68 ਕਿਲੋਗ੍ਰਾਮ ਤੋਂ 447.56 ਕਿਲੋਗ੍ਰਾਮ ਫੜੀ ਗਈ ਹੈ।
ਇਸ ਸਾਲ ਦੌਰਾਨ ਹੋਈਆਂ ਵਿਧਾਨ ਸਭਾ ਚੋਣਾਂ ਅਤੇ ਗੁਰਦਾਸਪੁਰ ਜਿਮਨੀ ਚੋਣ ਸਮੇਤ ਨਗਰਪਾਲਿਕਾ ਚੋਣਾਂ ਨੂੰ ਵੀ ਪੁਲਿਸ ਵੱਲੋਂ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ ਅਤੇ ਪੰਜਾਬ ਪੁਲਿਸ ਨੇ ਅਪਰਾਧੀ ਗਰੁੱਪਾਂ ‘ਤੇ ਆਪਣਾ ਦਬਦਬਾ ਕਾਇਮ ਰੱਖਦੇ ਹੋਏ 408 ਅਪਰਾਧੀਆਂ ਨੂੰ ਕਾਬੂ ਕੀਤਾ ਜਿਹਨਾਂ ਵਿੱਚ ਗੁਰਪ੍ਰੀਤ ਸੇਖੋਂ, ਕੁਲਪ੍ਰੀਤ ਸਿੰਘ ਉਰਫ਼ ਨੀਟਾ ਦਿਓਲ, ਗੁਰਬਖ਼ਸ ਸਿੰਘ ਸੇਵੇਵਾਲਾ, ਅਮਨ ਢੋਟੀਆਂ, ਜਸਪ੍ਰੀਤ ਸਿੰਘ ਉਰਫ਼ ਜੰਪੀ ਡੌਨ, ਕਮਲਜੀਤ ਸਿੰਘ ਉਰਫ਼ ਬੰਟੀ ਅਤੇ ਕੁਝ ਹੋਰ ਸ਼ਾਮਲ ਸਨ।
ਸ਼੍ਰੀ ਅਰੋੜਾ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਪਰਾਧੀ ਗਰੁੱਪਾਂ ਤੋਂ 149 ਚੋਰੀ ਦੇ ਵਾਹਨ, 183 ਹਥਿਆਰ ਅਤੇ 1.5 ਕਰੋੜ ਰੁਪਏ ਨਗਦ ਬਰਾਮਦ ਕੀਤੇ ਗਏ। ਇੱਕ ਮੋਬਾਇਲ ਐਪਲੀਕੇਸ਼ਨ ਤਿਆਰ ਕਰਕੇ ਉਸ ਵਿੱਚ 80,000 ਸਰਗਰਮ ਵੱਡੇ-ਛੋਟੇ ਅਪਰਾਧੀਆਂ ਦਾ ਰਿਕਾਰਡ ਆਰਟੀਫਿਸ਼ਲ ਇੰਟੈਲੀਜੈਂਸ ਪ੍ਰਣਾਲੀ ਅਤੇ ਚਿਹਰਾ ਪਛਾਣ ਸਿਸਟਮ ਦੇ ਸੁਮੇਲ ਸਦਕਾ ਚਾਲੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਪਰਾਧੀਆਂ ਦੇ ਕੇਸਾਂ ਸਬੰਧੀ 159 ਮੁਕੱਦਮਿਆਂ ਦੀ ਪੇਸ਼ੀ ਵੀਡਿਓ ਕਾਨਫਰੰਸਾਂ ਰਾਹੀਂ ਕਰਵਾਉਣ ਦੀ ਆਗਿਆ ਹਾਸਲ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਕਿਸਤਾਨ ਨਾਲ ਕੌਮਾਂਤਰੀ ਸਰਹੱਦ ਨਾਲ ਲਗਦੇ ਹੋਣ ਕਾਰਨ ਪੁਲਿਸ ਨੇ ਸਰਹੱਦੀ ਘੁਸਪੈਠ ਨੂੰ ਮੁਕੰਮਲ ਤੌਰ ’ਤੇ ਠੱਲਣ ਲਈ ਅੰਤਰਰਾਸ਼ਟਰੀ ਸਰਹੱਦ ਨੇੜੇ ਰੱਖਿਆ ਦੀ ਦੂਜੀ ਪੰਕਤੀ ਨੂੰ ਮਜ਼ਬੂਤ ​​ਕੀਤਾ ਜਿਸ ਲਈ ਸਰਹੱਦੀ ਜਿਲਿਆਂ ’ਚ ਬੁੱਲਟ ਪਰੂਫ਼ ਮੋਰਚੇ, ਥਰਮਲ ਇਮੇਜ਼ਰ, ਬੁੱਲਟ ਪਰੂਫ਼ ਟਰੈਕਟਰਾਂ, ਬਾਡੀ ਪ੍ਰੋਟੈਕਟਰਾਂ, ਮਾਈਕਰੋ ਯੂ.ਏ.ਵੀਜ਼ ਆਦਿ ਪੁਲਿਸ ਬਲਾਂ ਨੂੰ ਦਿੱਤੇ ਗਏ। ਦੰਗਾ ਵਿਰੋਧੀ ਸਮੱਰਥਾ ਪ੍ਰਣਾਲੀ ਨੂੰ ਵੀ ਮਜ਼ਬੂਤ ​​ਕੀਤਾ ਗਿਆ ਜਦਕਿ ਪਾਣੀ ਵਾਲੀ ਤੋਪਾਂ ਅਤੇ ਬਖਤਰਬੰਦ ਗੱਡੀਆਂ ਵੀ ਪੁਲਿਸ ਨੂੰ ਭਵਿੱਖ ਵਿੱਚ ਮਿਲ ਜਾਣ ਦੀ ਆਸ ਹੈ ਜਿਸ ਨਾਲ ਮੁਜਰਮਾਨਾਂ ਕਾਰਵਾਈਆਂ ਨੂੰ ਹੋਰ ਠੱਲ੍ਹ ਪਾਈ ਜਾ ਸਕੇਗੀ।
ਰਾਜ ਵਿੱਚ ਆਵਾਜਾਈ ਨੂੰ ਸੁਧਾਰਨ ਲਈ ਚੁੱਕੇ ਗਏ ਕਦਮਾਂ ਕਾਰਨ ਸੁਪਰੀਮ ਕੋਰਟ ਵੱਲੋਂ ਸਥਾਪਤ ਸੜਕ ਸੁਰੱਖਿਆ ਕਮੇਟੀ ਦੇ ਅੰਕੜਿਆਂ ਅਨੁਸਾਰ ਹੋਰਨਾਂ ਰਾਜਾਂ ਦੇ ਮੁਕਾਬਲੇ ਸਾਲ 2017 ਦੌਰਾਨ ਪੰਜਾਬ ਅੰਦਰ ਸੜਕੀ ਹਾਦਸਿਆਂ ਵਿਚ 14 ਫੀਸਦ ਗਿਰਾਵਟ ਆਈ ਹੈ। ਪੰਜਾਬ ਪੁਲਿਸ ਹੁਣ ਟ੍ਰਰੈਫਿਕ ਮੁਲਾਜਮਾਂ ਨੂੰ ਸਰੀਰਕ ਕੈਮਰਿਆਂ ਨਾਲ ਲੈਸ ਕਰੇਗੀ, ਹਾਈਵੇ ’ਤੇ ਗਸ਼ਤ ਕਰਨਾ, ਈ-ਚਲਾਨ ਚਾਲੂ ਕਰਨੇ ਅਤੇ ਆਵਾਜਾਈ ਨਿਯਮਾਂ ਨੂੰ ਹੋਰ ਮਜ਼ਬੂਤ ​​ਕਰਨ ਲਈ ਆਵਾਜਾਈ ਸਿੱਖਿਆ ’ਤੇ ਧਿਆਨ ਕੇਂਦਰਤ ਕਰਨ ਦੀ ਯੋਜਨਾ ਬਣਾ ਰਹੀ ਹੈ।

Load More Related Articles
Load More By Nabaz-e-Punjab
Load More In Police

Check Also

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ ਨਬਜ਼-ਏ-ਪੰਜਾਬ, ਮੁਹਾਲੀ, 14 ਦਸੰਬ…