Nabaz-e-punjab.com

ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਾ. ਬੀਆਰ ਅੰਬੇਦਕਰ ਇੰਸਟੀਚਿਊਟ ਵਿੱਚ ਪੌਦੇ ਲਗਾਏ

ਡਾਇਰੈਕਟਰ ਦਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਲਈ ਪ੍ਰੇਰਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਸਤੰਬਰ:
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸ਼ੁਰੂ ਕੀਤੀ ਪੌਦੇ ਲਗਾਉਣ ਦੀ ਮੁਹਿੰਮ ਤਹਿਤ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਪੰਜਾਬ ਦੇ ਡਾਇਰੈਕਟਰ ਦਵਿੰਦਰ ਸਿੰਘ ਨੇ ਅੱਜ ਇੱਥੋਂ ਫੇਜ਼-3ਬੀ2 ਸਥਿਤ ਡਾ. ਬੀ.ਆਰ. ਅੰਬੇਦਕਰ ਇੰਸਟੀਚਿਊਟ ਵਿੱਚ ਪੌਦੇ ਲਗਾਏ। ਇਸ ਇੰਸਟੀਚਿਊਟ ਵਿੱਚ ਅਧਿਆਪਕ ਰਹਿ ਚੁੱਕੇ ਦਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਨਾਲ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਹਿੰਮਤ ਤੇ ਲਗਨ ਨਾਲ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ।
ਇੰਸਟੀਚਿਊਟ ਵਿੱਚ ਸਿਵਲ ਸੇਵਾਵਾਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਡਾਇਰੈਕਟਰ ਨੇ ਕਿਹਾ ਕਿ ਜੇ ਉਹ ਦਿੜ੍ਹ ਸੰਕਲਪ ਨਾਲ ਆਪਣੇ ਮੰਤਵ ਦੀ ਪੂਰਤੀ ਲਈ ਲਗਾਤਾਰ ਕੋਸ਼ਿਸ਼ ਕਰਨ ਤਾਂ ਇਕ ਦਿਨ ਸਫਲਤਾ ਜ਼ਰੂਰ ਉਨ੍ਹਾਂ ਦੇ ਕਦਮ ਚੁੰਮੇਗੀ। ਉਨ੍ਹਾਂ ਇੰਸਟੀਚਿਊਟ ਵਿੱਚ ਬਿਤਾਏ ਆਪਣੇ ਪੁਰਾਣੇ ਦਿਨਾਂ ਦੀਆਂ ਯਾਦਾਂ ਨੂੰ ਚੇਤੇ ਕਰਦਿਆਂ ਕਿਹਾ ਕਿ ਇਹ ਸੰਸਥਾ ਜਿੱਥੇ ਲਾਮਿਸਾਲ ਪ੍ਰਾਪਤੀਆਂ ਹਾਸਲ ਕਰ ਰਹੀ ਹੈ, ਉੱਥੇ ਵਿਦਿਆਰਥੀਆਂ ਨੂੰ ਅੱਗੇ ਵਧਣ ਲਈ ਇਕ ਪਲੇਟਫ਼ਾਰਮ ਵੀ ਮੁਹੱਈਆ ਕਰ ਰਹੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਦਕਰ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਕਿਹਾ।
ਇਸ ਦੌਰਾਨ ਡਾਇਰੈਕਟਰ ਦਵਿੰਦਰ ਸਿੰਘ ਨੇ ਇੰਸਟੀਚਿਊਟ ਦੇ ਮੁਲਾਜ਼ਮਾਂ ਨੂੰ ਵੀ ਮਿਲੇ ਅਤੇ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਚੇਤੇ ਕੀਤਾ। ਉਨ੍ਹਾਂ ਸੰਸਥਾ ਦੇ ਵਿਕਾਸ ਨਾਲ ਜੁੜੇ ਅਤੇ ਮੁਲਾਜ਼ਮਾਂ ਦੀ ਘਾਟ ਸਮੇਤ ਕਈ ਮਸਲੇ ਵੀ ਵਿਚਾਰੇ ਅਤੇ ਉਨ੍ਹਾਂ ਉੱਤੇ ਢੁਕਵੀਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਿਭਾਗ ਦੇ ਡਿਪਟੀ ਡਾਇਰੈਕਟਰ ਸਰਬਜਿੰਦਰ ਸਿੰਘ ਰੰਧਾਵਾ, ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਗਿੱਲ, ਇੰਸਟੀਚਿਊਟ ਦੀ ਪ੍ਰਿੰਸੀਪਲ ਰਾਜਵਿੰਦਰ ਕੌਰ ਮਿਨਹਾਸ, ਜ਼ਿਲ੍ਹਾ ਭਲਾਈ ਅਫ਼ਸਰ ਸੁਖਸਾਗਰ ਸਿੰਘ ਅਤੇ ਤਹਿਸੀਲ ਭਲਾਈ ਅਫ਼ਸਰ ਪਰਮਜੀਤ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…