nabaz-e-punjab.com

ਬੇਅਦਬੀ ਮਾਮਲਾ: ਸੀਬੀਆਈ ਅਦਾਲਤ ਵਿੱਚ ਜਲਾਲ ਦੀ ਅਰਜ਼ੀ ’ਤੇ ਭਖਵੀਂ ਬਹਿਸ ਹੋਈ

ਸੀਬੀਆਈ, ਸਰਕਾਰ ਤੇ ਸ਼ਿਕਾਇਤਕਰਤਾਵਾਂ ਨੇ ਇਕਸੁਰ ਵਿੱਚ ਕਿਹਾ ਸਾਬਕਾ ਵਿਧਾਇਕ ਨੂੰ ਧਿਰ ਬਣਨ ਦਾ ਕੋਈ ਹੱਕ ਨਹੀਂ

ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਨੇ 19 ਪੰਨਿਆਂ ਦੀ ਨਵੇਂ ਸਿਰਿਓਂ ਅਰਜ਼ੀ ਦਾਇਰ, ਅਗਲੀ ਸੁਣਵਾਈ 6 ਨਵੰਬਰ ਨੂੰ

ਸੀਬੀਆਈ, ਸੂਬਾ ਸਰਕਾਰ ਤੇ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਖ਼ਿਲਾਫ਼ ਕੀਤੀਆਂ 110 ਟਿੱਪਣੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਕਤੂਬਰ:
ਬੇਅਦਬੀ ਮਾਮਲਿਆਂ ਸਬੰਧੀ ਅੱਜ ਮੁਹਾਲੀ ਸਥਿਤ ਸੀਬੀਆਈ ਦੇ ਵਿਸ਼ੇਸ਼ ਜੱਜ ਜੀਐਸ ਸੇਖੋਂ ਦੀ ਅਦਾਲਤ ਵਿੱਚ ਸੁਣਵਾਈ ਦੌਰਾਨ ਰਾਮਪੁਰਾ ਫੂਲ ਤੋਂ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਦੀ ਅਰਜ਼ੀ ’ਤੇ ਭਖਵੀਂ ਬਹਿਸ ਹੋਈ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਸਰਕਾਰੀ ਵਕੀਲ ਸੰਜੀਵ ਬੱਤਰਾ ਅਤੇ ਸੀਬੀਆਈ ਦੇ ਵਕੀਲ ਤੇ ਜਾਂਚ ਅਧਿਕਾਰੀ ਸਮੇਤ ਤਿੰਨੇ ਸ਼ਿਕਾਇਤ ਕਰਤਾਵਾਂ ਦੇ ਵਕੀਲਾਂ ਨੇ ਇਕਸੁਰ ਵਿੱਚ ਜਲਾਲ ਦਾ ਇਸ ਕੇਸ ਵਿੱਚ ਧਿਰ ਬਣਨ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਉਨ੍ਹਾਂ (ਜਲਾਲ) ਨੂੰ ਇਸ ਮਾਮਲੇ ਵਿੱਚ ਧਿਰ ਬਣਨ ਦਾ ਕੋਈ ਹੱਕ\ਅਧਿਕਾਰ ਨਹੀਂ ਹੈ।
ਅਦਾਲਤ ਵਿੱਚ ਜਿਰ੍ਹਾ ਕਰਦਿਆਂ ਸਰਕਾਰੀ ਵਕੀਲ ਸੰਜੀਵ ਬੱਤਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਦੋਂ ਬੇਅਦਬੀ ਮਾਮਲਿਆਂ ਸਬੰਧੀ ਸਿੱਟ ਦਾ ਗਠਨ ਕੀਤਾ ਗਿਆ ਸੀ ਤਾਂ ਉਦੋਂ ਸਾਬਕਾ ਵਿਧਾਇਕ ਜਲਾਲ ਜਾਂਚ ਟੀਮ ਦੇ ਸਾਹਮਣੇ ਕਿਉਂ ਨਹੀਂ ਆਏ। ਇੰਝ ਹੀ ਸੀਬੀਆਈ ਦੇ ਵਕੀਲ ਨੇ ਕਿਹਾ ਕਿ ਜਲਾਲ ਨੂੰ ਇਸ ਮਾਮਲੇ ਵਿੱਚ ਹੁਣ ਧਿਰ ਬਣਾਉਣ ਦੀ ਕੋਈ ਤੁਕ ਨਹੀਂ ਬਣਦੀ ਹੈ। ਸ਼ਿਕਾਇਤ ਕਰਤਾਵਾਂ ਦੇ ਵਕੀਲਾਂ ਨੇ ਇਹੀ ਦਲੀਲ ਦਿੱਤੀ ਜਦੋਂਕਿ ਬੇਅਦਬੀ ਮਾਮਲਿਆਂ ਸਬੰਧੀ ਕੇਸ ਦਰਜ ਕੀਤਾ ਗਿਆ ਸੀ ਅਤੇ ਜਾਂਚ ਦੌਰਾਨ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਸੀ ਤਾਂ ਉਸ ਵੇਲੇ ਸ੍ਰੀ ਜਲਾਲ ਨੇ ਆਪਣੇ ਬਿਆਨ ਕਿਉਂ ਨਹੀਂ ਦਰਜ ਕਰਵਾਏ ਗਏ। ਉਨ੍ਹਾਂ ਕਿਹਾ ਕਿ ਜਲਾਲ ਦਾ ਧਿਰ ਬਣਨਾ ਮਹਿਜ਼ ਸਿਆਸੀ ਸਟੰਟ ਹੈ। ਉਹ ਰਾਜਸੀ ਅਤੇ ਨਿੱਜੀ ਫਾਇਦੇ ਲਈ ਪਾਰਟੀ ਬਣਨਾ ਚਾਹੁੰਦਾ ਹੈ।
ਉਧਰ, ਸਾਬਕਾ ਵਿਧਾਇਕ ਜਲਾਲ ਨੇ ਅੱਜ ਅਦਾਲਤ ਵਿੱਚ 19 ਪੰਨਿਆਂ ਦੀ ਨਵੇਂ ਸਿਰਿਓਂ ਅਰਜ਼ੀ ਦਾਇਰ ਕੀਤੀ ਗਈ। ਜਿਸ ਵਿੱਚ ਉਨ੍ਹਾਂ ਨੇ ਪੰਜਾਬ ਸਰਕਾਰ, ਸੀਬੀਆਈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਖ਼ਿਲਾਫ਼ ਕਰੀਬ 110 ਪੁਆਇੰਟਾਂ ਨੂੰ ਅੰਡਰ ਲਾਈਨ ਕਰਕੇ ਟਿੱਪਣੀਆਂ ਕੀਤੀਆਂ ਹਨ। ਇਸ ਸਬੰਧੀ ਸ੍ਰੀ ਜਲਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਸਮੇਤ ਹਰੇਕ ਸਿੱਖ ਨੂੰ ਇਸ ਕੇਸ ਵਿੱਚ ਧਿਰ ਬਣਨ ਦਾ ਪੁਰਾ ਹੱਕ ਹੈ। ਉਨ੍ਹਾਂ ਕਿਹਾ ਕਿ ਜੇਕਰ ਅਦਾਲਤ ਨੇ ਉਨ੍ਹਾਂ ਦੀ ਅਪੀਲ ਮਨਜ਼ੂਰ ਕੀਤੀ ਗਈ ਤਾਂ ਉਹ 150 ਤੋਂ ਵੱਧ ਕਾਲੇ ਕਾਰਨਾਮਿਆਂ ਤੋਂ ਪਰਦਾ ਚੁੱਕਣਗੇ। ਉਨ੍ਹਾਂ ਦੋਸ਼ ਲਾਇਆ ਕਿ ਜਾਂਚ ਦੌਰਾਨ ਸੀਬੀਆਈ ਨੇ ਮਾਮਲੇ ਦੀ ਤੈਅ ਤੱਕ ਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਸੀਬੀਆਈ ਨੇ ਲੋਕਾਂ ਦੀ ਕਚਹਿਰੀ ਵਿੱਚ ਜਾਣ ਦੀ ਬਜਾਏ ਦਫ਼ਤਰ ਵਿੱਚ ਬੈਠ ਕੇ ਖਾਨਾਪੂਰਤੀ ਕੀਤੀ ਗਈ ਹੈ, ਜਿਸ ਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ। ਉਨ੍ਹਾਂ ਮੁੜ ਦੁਹਰਾਇਆ ਕਿ ਸੀਬੀਆਈ ਨੂੰ ਜਾਂਚ ਦਾ ਕੋਈ ਅਧਿਕਾਰ ਨਹੀਂ ਹੈ। ਅਦਾਲਤ ਨੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਸ ਮਾਮਲੇ ਦੀ ਅਗਲੀ ਸੁਣਵਾਈ 6 ਨਵੰਬਰ ’ਤੇ ਅੱਗੇ ਪਾ ਦਿੱਤੀ।
(ਬਾਕਸ ਆਈਟਮ)
ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਨੇ ਕਿਹਾ ਕਿ ਉਹ ਧਾਰਾ 340 ਅਧੀਨ ਜਲਦੀ ਹੀ ਸੀਬੀਆਈ ਅਦਾਲਤ ਵਿੱਚ ਨਵੀਂ ਅਰਜ਼ੀ ਦਾਇਰ ਕਰਨਗੇ। ਜਿਸ ਵਿੱਚ ਕਰੀਬ 21 ਫੌਜਦਾਰੀਆਂ ਅਤੇ ਝੂਠੇ ਦਸਤਾਵੇਜ਼ਾਂ ਦਾ ਖੁਲਾਸਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਦੀ ਜਾਂਚ ਦੌਰਾਨ ਕਥਿਤ ’ਤੇ ਵੱਡੇ ਪੱਧਰ ਉੱਤੇ ਗੜਬੜੀਆਂ ਹੋਈਆਂ ਹਨ। ਇਨ੍ਹਾਂ ਸਾਰੀਆਂ ਗੱਲਾਂ ਦਾ ਪਰਦਾ ਪਾਉਣ ਲਈ ਉਨ੍ਹਾਂ ਨੂੰ ਧਿਰ ਬਣਨ ਤੋਂ ਰੋਕਿਆ ਜਾ ਰਿਹਾ ਹੈ। ਸ੍ਰੀ ਜਲਾਲ ਨੇ ਕਿਹਾ ਕਿ ਉਹ ਚੁੱਪ ਬੈਠਣ ਵਾਲੇ ਨਹੀਂ ਹਨ ਅਤੇ ਜੇਕਰ ਲੋੜ ਪਈ ਤਾਂ ਉਹ ਇਨਸਾਫ਼ ਪ੍ਰਾਪਤੀ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਉਣ ਤੋਂ ਵੀ ਗੁਰੇਜ਼ ਨਹੀਂ ਕਰਨਗੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…