nabaz-e-punjab.com

ਰੱਖਿਆ ਮੰਤਰੀ ਵੱਲੋਂ ਹੁਸੈਨੀਵਾਲਾ ਵਿਖੇ ਸਤਲੁਜ ਦਰਿਆ ’ਤੇ ਨਵੇਂ ਬਣੇ ਪੁਲ ਦਾ ਉਦਘਾਟਨ

2 ਕਰੋੜ 48 ਲੱਖ ਦੀ ਲਾਗਤ ਨਾਲ ਬਣਿਆ 280 ਫੁੱਟ ਲੰਮਾ ਪੁੱਲ ਰਾਸ਼ਟਰ ਨੂੰ ਸਮਰਪਿਤ

ਪੁਲ ਬਣਨ ਨਾਲ ਨਾ ਸਿਰਫ਼ ਸੁਰੱਖਿਆ ਬਲਾਂ ਸਗੋਂ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਵੀ ਆਵਾਜਾਈ ਵਿੱਚ ਹੋਵੇਗੀ ਆਸਾਨੀ

ਨਬਜ਼-ਏ-ਪੰਜਾਬ ਬਿਊਰੋ, ਫਿਰੋਜ਼ਪੁਰ\ਚੰਡੀਗੜ੍ਹ, 12 ਅਗਸਤ:
ਹੁਸੈਨੀਵਾਲਾ ਵਿਖੇ ਸਤਲੁਜ ਦਰਿਆ ਤੇ ਮਹੱਤਵਪੂਰਨ 280 ਫੁੱਟ ਲੰਬੇ ਪੁੱਲ ਜਿਸ ਨੂੰ 1971 ਦੇ ਭਾਰਤ-ਪਾਕ ਯੁੱਧ ਵਿਚ ਉਡੱਾ ਦਿੱਤਾ ਗਿਆ ਸੀ ਨੂੰ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀ.ਆਰ.ਓ) ਵੱਲੋਂ ਚੇਤਕ ਪ੍ਰਾਜੈਕਟ ਤਹਿਤ 2 ਕਰੋੜ 48 ਲੱਖ ਰੁਪਏ ਦੀ ਲਾਗਤ ਨਾਲ ਪੱਕਾ ਤਿਆਰ ਕੀਤਾ ਗਿਆ ਹੈ। ਇਸ ਨਵੇਂ ਬਣੇ ਪੁਲ ਨੂੰ ਅੱਜ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਮੌਕੇ ਕੈਬਨਿਟ ਮੰਤਰੀ (ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ) ਰਾਣਾ ਗੁਰਮੀਤ ਸਿੰਘ ਸੋਢੀ, ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ, ਕਮਿਸ਼ਨਰ ਫ਼ਿਰੋਜ਼ਪੁਰ ਡਵੀਜ਼ਨ ਸ਼੍ਰੀ ਸੁਮੇਰ ਗੁਰਜ਼ਰ, ਆਈ.ਜੀ ਸ੍ਰ; ਗੁਰਿੰਦਰ ਸਿੰਘ, ਡਿਪਟੀ ਕਮਿਸ਼ਨਰ ਸ੍ਰ; ਬਲਵਿੰਦਰ ਸਿੰਘ ਧਾਲੀਵਾਲ ਅਤੇ ਐਸ.ਐਸ.ਪੀ ਸ੍ਰ: ਪ੍ਰੀਤਮ ਸਿੰਘ ਵੀ ਹਾਜ਼ਰ ਸਨ।
ਹੁਸੈਨੀਵਾਲਾ ਹੈੱਡ ਨਾਲ ਜੁੜੇ ਸਤਲੁਜ ਦਰਿਆ ਤੇ ਪੁਰਾਣੇ ਫ਼ਿਰੋਜਪੁਰ ਲਾਹੌਰ ਰਾਜਮਾਰਗ ਤੇ ਬਣਿਆ ਇਹ ਪੁਲ ਹੁਸੈਨੀਵਾਲਾ ਹੈੱਡ ਨੂੰ ਫ਼ਿਰੋਜਪੁਰ ਨਾਲ ਜੋੜਦਾ ਹੈ। 1971 ਦੇ ਭਾਰਤ-ਪਾਕ ਯੁੱਧ ਤੋ ਬਾਅਦ ਇਸ ਜਗਾ ਤੇ ਆਵਾਜਾਈ ਦੇ ਲਈ ਸੈਨਾ ਨੇ ਅਸਥਾਈ ਪੁਲ ਦਾ ਨਿਰਮਾਣ ਕੀਤਾ ਸੀ। ਇਸ ਪੁਰਾਣੇ ਪੁਲ ਨੂੰ ਪੱਕੇ ਪੁਲ ਦੇ ਰੂਪ ਵਿਚ ਬਦਲਣ ਦੇ ਲਈ ਸੈਨਾ ਦੀ ਸੀਮਾ ਸੜਕ ਸੰਗਠਨ ਦੇ ਪ੍ਰੋਜੈਕਟ ਚੇਤਕ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ। ਪੁਲ ਦੇ ਤਿਆਰ ਹੋਣ ਤੇ ਇਸ ਨੂੰ ਰੱਖਿਆ ਮੰਤਰੀ ਨੇ ਰਾਸ਼ਟਰ ਨੂੰ ਸਮਰਪਿਤ ਕੀਤਾ।
ਇਸ ਮੌਕੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਹੁਸੈਨੀਵਾਲਾ ਰੋਡ ਤੇ ਪੱਕੇ ਪੁੱਲ ਦੇ ਨਿਰਮਾਣ ਨਾਲ ਨਾ ਸਿਰਫ਼ ਸੁਰੱਖਿਆ ਬਲਾਂ ਨੂੰ ਬਲਕਿ ਇੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਵੀ ਆਪਣੀ ਰੋਜ਼ਾਨਾ ਆਵਾਜਾਈ ਵਿਚ ਆਸਾਨੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਹੁਸੈਨੀਵਾਲਾ ਸਾਡੇ ਮਹਾਨ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਤੇ ਬਹੁਤ ਸਾਰੇ ਯੱੁਧ ਨਾਇਕਾ ਦੇ ਕਾਰਨ ਇੱਕ ਪਵਿੱਤਰ ਸਥਾਨ ਹੈ ਤੇ ਇਸ ਇਤਿਹਾਸਿਕ ਪੁੱਲ ਜੋ ਕਿ 1971 ਦੇ ਯੁੱਧ ਵਿਚ ਬਰਬਾਦ ਹੋ ਗਿਆ ਸੀ, ਉਸ ਦਾ ਉਦਘਾਟਨ ਕਰਕੇ ਸਨਮਾਨ ਅਤੇ ਗੌਰਵ ਮਹਿਸੂਸ ਕਰ ਰਹੀ ਹਾਂ। ਨਵੇਂ ਪੁੱਲ ਦੇ ਨਿਰਮਾਣ ਨਾਲ ਹੁਸੈਨੀਵਾਲਾ ਦੇ ਬਹੁਤ ਸਾਰੇ ਖੇਤਰਾਂ ਨਾਲ ਵਿਕਾਸ ਦੇ ਰਸਤੇ ਖੱੁਲ੍ਹਣਗੇ। ਇਸ ਨਾਲ ਇਲਾਕੇ ਦੇ ਵਿਕਾਸ, ਵਪਾਰ, ਖੇਤੀ ਅਤੇ ਸੈਨਾ ਦੇ ਵਾਹਨਾਂ ਗੋਲਾ-ਬਾਰੂਦ ਅਤੇ ਹੋਰ ਸਮਗਰੀ ਨੂੰ ਲਿਆਉਣ ਤੇ ਲਿਜਾਉਣ ਵਿਚ ਮਦਦ ਮਿਲੇਗੀ।
ਰੱਖਿਆ ਮੰਤਰੀ ਨੇ ਪੁੱਲ ਦੇ ਨਿਰਮਾਣ ਨੂੰ ਸਮੇਂ ਤੋ ਪਹਿਲਾਂ ਅਤੇ ਸਥਾਨਕ ਨਿਵਾਸੀਆਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਤੋ ਪੂਰਾ ਕਰਨ ਦੇ ਲਈ ਸੀਮਾ ਸੜਕ ਸੰਗਠਨ ਦੇ ਉਪਰਾਲੇ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਸੰਗਠਨ ਦੂਰ ਸੀਮਾਵਾਂ ਤੇ ਸੜਕਾਂ ਪੁੱਲਾ, ਸੁਰੰਗਾਂ ਅਤੇ ਬਾਕੀ ਰੱਖਿਆ ਕੰਮਾਂ ਦੇ ਨਿਰਮਾਣ ਅਤੇ ਰੱਖ – ਰਖਾਵ ਵਿਚ ਵਿਅਸਤ ਰਹਿੰਦਾ ਹੈ। ਇਸ ਪੁੱਲ ਦਾ ਨਿਰਮਾਣ ਇਹਨਾਂ ਦੇ ਰਾਸ਼ਟਰ ਨਿਰਮਾਣ ਵਿਚ ਮਹੱਤਵਪੂਰਨ ਯੋਗਦਾਨ ਨੂੰ ਦਿਖਾਉਂਦਾ ਹੈ। ਸੀਮਾ ਸੜਕ ਸੰਗਠਨ ਨੇ ਲਗਭਗ 52000 ਕਿ.ਮੀ ਸੜਕਾਂ 650 ਪੱਕੇ ਪੁੱਲ ਅਤੇ 19 ਹਵਾਈ ਪੱਟੀਆਂ ਦਾ ਮੁਸ਼ਕਿਲ ਇਲਾਕਿਆਂ ਵਿਚ ਨਿਰਮਾਣ ਕੀਤਾ ਹੈ। ਇਸ ਸਮੇਂ ਸੰਗਠਨ ਪੁਰਵੀ ਅਤੇ ਪੱਛਮੀ ਖੇਤਰ ਵਿਚ 530 ਸੜਕਾਂ (22803 ਕਿ.ਮੀ) ਜਿਸ ਵਿਚ ਨਵੀਆਂ ਸੜਕਾਂ ਤੇ ਨਾਲ – ਨਾਲ ਇੱਕ ਮਾਰਗ ਨੂੰ ਦੋ ਮਾਰਗਾਂ ਕਰਨ ਦਾ ਕੰਮ ਕਰ ਰਿਹਾ ਹੈ। ਇਹ ਸੰਗਠਨ 322 ਸੜਕਾਂ (16803 ਕਿ.ਮੀ) ਅਤੇ ਸੱਤ ਹਵਾਈ ਪੱਟੀਆਂ ਤੋ ਇਲਾਵਾ 138 ਸੜਕਾਂ (4325 ਕਿ.ਮੀ) ਤੋ ਬਰਫ਼ ਨੂੰ ਹਟਾਉਣ ਦਾ ਕੰਮ ਵੀ ਕਰਦਾ ਹੈ ਜਿਸ ਨਾਲ ਕਿ ਉਹਨਾ ਖੇਤਰਾਂ ਦਾ ਦੇਸ਼ ਦੇ ਹੋਰਨਾਂ ਹਿੱਸਿਆ ਨਾਲ ਸੰਪਰਕ ਬਣਿਆ ਰਹੇ। 8.80 ਕਿ.ਮੀ. ਲੰਬੀ ਮਸ਼ਹੂਰ ਰੋਹਤਾਂਗ ਸੁਰੰਗ ਦਾ ਨਿਰਮਾਣ ਵੀ ਸੀਮਾ ਸੜਕ ਸੰਗਠਨ ਦੁਆਰਾ ਕੀਤਾ ਜਾ ਰਿਹਾ ਹੈ।
ਰੱਖਿਆ ਮੰਤਰੀ ਨਿਰਮਲਾ ਸੀਤਾਰਮਨ, ਲੈਫ ਜਨਰਲ ਸੁਰਿੰਦਰ ਸਿੰਘ, ਆਰਮੀ ਕਮਾਂਡਰ ਪੱਛਮੀ ਕਮਾਂਡ ਅਤੇ ਲੈਫ ਜਨਰਲ ਹਰਪਾਲ ਸਿੰਘ, ਡਾਇਰੈਕਟਰ ਜਨਰਲ ਸੀਮਾ ਸੜਕ ਸੰਗਠਨ ਦੇ ਨਾਲ ਐਤਵਾਰ ਸਵੇਰੇ ਫ਼ਿਰੋਜਪੁਰ, ਪਹੁੰਚੀ। ਹੈਲੀਪੈਡ ਤੇ ਉਨ੍ਹਾਂ ਦਾ ਸਵਾਗਤ ਲੈਫ ਜਨਰਲ ਦੁਸ਼ਅੰਤ ਸਿੰਘ, ਜੀ ਉ ਸੀ ਵਜਰਾ ਕੋਰ ਨੇ ਕੀਤਾ ਅਤੇ ਹੁਸੈਨੀਵਾਲਾ ਪੁੱਲ ਤੇ ਉਹਨਾ ਦਾ ਸਵਾਗਤ ਬ੍ਰਿਗੇਡੀਅਰ ਰਿਪੂ ਸੂਦਨ, ਮੁੱਖ ਇੰਜੀਨੀਅਰ (ਪ) ਚੇਤਕ ਨੇ ਕੀਤਾ ਅਤੇ ਪੁੱਲ ਦੇ ਨਿਰਮਾਣ ਤੇ ਤਕਨੀਕ ਬਾਰੇ ਜਾਣਕਾਰੀ ਦਿੱਤੀ।
ਬਾਅਦ ਵਿੱਚ ਰੱਖਿਆ ਮੰਤਰੀ ਨੇ ਹੁਸੈਨੀਵਾਲਾ ਸ਼ਹੀਦੀ ਸਮਾਰਕ ਤੇ ਸ਼ਹੀਦਾਂ ਨੂੰ ਫੁੱਲਾ ਦੇ ਨਾਲ ਸ਼ਰਧਾਂਜਲੀ ਦਿੱਤੀ ਅਤੇ ਏਥੇ ਹਾਜ਼ਰ ਸਾਰਿਆ ਨਾਲ ਗੱਲਬਾਤ ਕੀਤੀ। ਇਸ ਮੌਕੇ ਲੈਫ ਜਨਰਲ ਹਰਪਾਲ ਸਿੰਘ, ਡਾਇਰੈਕਟਰ ਜਨਰਲ ਸੀਮਾ ਸੜਕ ਸੰਗਠਨ, ਲੈਫ ਜਨਰਲ ਸੁਰਿੰਦਰ ਸਿੰਘ ਆਰਮੀ ਕਮਾਂਡਰ ਪੱਛਮੀ ਕਮਾਂਡ, ਜੀ ੳ ਸੀ ਵਜਰਾ ਕੋਰ, ਸਿਵਲ ਅਧਿਕਾਰੀ ਅਤੇ ਹੋਰ ਮਾਨਯੋਗ ਵਿਅਕਤੀ ਮੌਜੂਦ ਸਨ।

Load More Related Articles
Load More By Nabaz-e-Punjab
Load More In Development and Work

Check Also

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ ਮੁਕਾਬਲਾ ਪ੍ਰ…