ਪੰਜਾਬ ਵਿੱਚ ਸਖ਼ਤੀ ਨਾਲ ਰੋਕੀ ਜਾਵੇਗੀ ਜੰਗਲਾਂ ਦੀ ਗੈਰ ਕਾਨੂੰਨੀ ਕਟਾਈ: ਸਾਧੂ ਸਿੰਘ ਧਰਮਸੋਤ

ਜੰਗਲਾਤ ਦੀਆਂ ਜ਼ਮੀਨਾਂ ਤੋਂ ਨਾਜਾਇਜ਼ ਕਬਜੇ ਛੁਡਾਉਣ ਲਈ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਆਦੇਸ਼

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 16 ਅਪਰੈਲ:
ਪੰਜਾਬ ਦੇ ਜੰਗਲਾਤ, ਛਪਾਈ ਤੇ ਲਿਖਣ ਸਮੱਗਰੀ ਅਤੇ ਐਸ.ਸੀ. ਤੇ ਬੀ.ਸੀ. ਭਲਾਈ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਜੰਗਲੀ ਖੇਤਰਾਂ ਦੇ ਰੁੱਖਾਂ ਦੀ ਗੈਰ ਕਾਨੂੰਨੀ ਕਟਾਈ ਨੂੰ ਸਖ਼ਤੀ ਨਾਲ ਰੋਕਣ ਦੇ ਆਦੇਸ਼ ਦਿੱਤੇ ਹਨ ਤਾਂ ਜੋ ਇਸ ਗੈਰ ਕਾਨੂੰਨੀ ਅਮਲ ਨੂੰ ਸਖ਼ਤੀ ਨਾਲ ਰੋਕਿਆ ਜਾ ਸਕੇ। ਜੰਗਲਾਤ ਮੰਤਰੀ ਨੇ ਦੱਸਿਆ ਕਿ ਵਿਭਾਗ ਦੇ ਕੰਮਾਂ ਦੀ ਸਮੀਖਿਆ ਦੌਰਾਨ ਜੰਗਲਾਤ ਖੇਤਰ ਦੇ ਰੁੱਖਾਂ ਦੀ ਨਾਜਾਇਜ਼ ਕਟਾਈ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਸੂਬੇ ਦੇ ਸਮੁੱਚੇ ਜੰਗਲਾਤ ਖੇਤਰਾਂ ’ਚ ਦਿਨ ਤੇ ਰਾਤ ਸਮੇਂ ਗਸ਼ਤ ਵਧਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ ਕਿ ਉਹ ਆਪਣੇ ਅਧੀਨ ਆਉਂਦੇ ਜੰਗਲਾਤ ਖੇਤਰਾਂ ਦੀਆਂ ਜ਼ਮੀਨਾਂ ’ਤੇ ਹੋਏ ਨਾਜਾਇਜ਼ ਕਬਜਿਆਂ ਨੂੰ ਛੁਡਾਉਣ ਅਤੇ ਇਨ੍ਹਾਂ ਜ਼ਮੀਨਾਂ ’ਤੇ ਵੱਖ-ਵੱਖ ਤਰ੍ਹਾਂ ਦੇ ਹਰੇ-ਭਰੇ ਪੌਦੇ ਲਗਾਉਣੇ ਯਕੀਨੀ ਬਣਾਉਣ।
ਸ੍ਰੀ ਧਰਮਸੋਤ ਨੇ ਜੰਗਲੀ ਖੇਤਾਂ ਨੂੰ ਅੱਗ ਤੋਂ ਬਚਾਉਣ ਲਈ ਲੋਕਾਂ ਅਤੇ ਵਿਸ਼ੇਸ਼ ਤੌਰ ’ਤੇ ਕਿਸਾਨਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਜੰਗਲੀ ਰਕਬਿਆਂ ਵਿੱਚ ਅੱਗਾਂ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੜਕਾਂ, ਨਹਿਰਾਂ, ਡਰੇਨਾਂ ਅਤੇ ਰੇਲ ਪਟੜੀਆਂ ਦੇ ਨਾਲ ਲਗਦੇ ਖੇਤਰਾਂ ’ਚ ਕਿਸਾਨਾਂ ਵਲੋਂ ਕਣਕ ਦੇ ਨਾੜ ਨੂੰ ਅੱਗ ਲਾਉਣ ਨਾਲ ਇਨ੍ਹਾਂ ਜੰਗਲੀ ਖੇਤਰਾਂ ’ਚ ਅੱਗ ਲੱਗਣ ਦਾ ਖ਼ਤਰਾ ਬਹੁਤ ਵਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੰਗਲੀ ਬਲਾਕਾਂ, ਜੰਗਲੀ ਜੀਵ ਰੱਖਾਂ ਅਤੇ ਬੰਦ ਰਕਬਿਆਂ ਵਿੱਚ ਬਿਨ੍ਹਾਂ ਸੋਚੇ ਸਮਝੇ ਬੀੜੀ-ਸਿਗਰਟ ਦਾ ਟੁਕੜਾ ਸੁੱਟਣ ਨਾਲ, ਸ਼ਹਿਦ ਇਕੱਠਾ ਕਰਨ ਵਾਲਿਆਂ ਜਾਂ ਪਸ਼ੂ ਚਾਰਨ ਵਾਲਿਆਂ ਵਲੋਂ ਅੱਗ ਬਾਲਣ ਨਾਲ ਜੰਗਲੀ ਇਲਾਕਿਆਂ ’ਚ ਅੱਗ ਲੱਗ ਜਾਂਦੀ ਹੈ, ਜਿਸ ਨਾਲ ਜੰਗਲੀ ਜੀਵਾਂ ਅਤੇ ਜੰਗਲਾਂ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ।
ਸ੍ਰੀ ਧਰਮਸੋਤ ਨੇ ਸੂਬੇ ਦੇ ਜੰਗਲੀ ਖੇਤਰਾਂ ਨਾਲ ਲਗਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੰਗਲੀ ਖੇਤਰਾਂ ਤੇ ਜੰਗਲੀ ਜੀਵਾਂ ਨੂੰ ਬਚਾਉਣ ਲਈ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਅਤੇ ਜੰਗਲੀ ਖੇਤਰਾਂ ਨੂੰ ਅੱਗ ਲੱਗਣ ਦੀ ਸੂਰਤ ਵਿੱਚ ਪੁਲੀਸ, ਮਾਲ ਵਿਭਾਗ, ਫਾਇਰ ਵਿਭਾਗ ਅਤੇ ਜੰਗਲਾਤ ਵਿਭਾਗ ਦੀ ਮਦਦ ਲੈਣ ਅਤੇ ਸੂਚਨਾ ਸਾਂਝੀ ਕਰਨ ਦੀ ਖੇਚਲ ਕਰਨ। ਉਨ੍ਹਾਂ ਕਿਹਾ ਕਿ ਅੱਗਾਂ ਦੀ ਰੋਕਥਾਮ ਲਈ ਵੱਖ-ਵੱਖ ਜ਼ਿਲ੍ਹਿਆਂ ਦੇ ਵਣ ਮੰਡਲਾਂ ਦੇ ਸੰਪਰਕ ਨੰਬਰਾਂ ’ਤੇ ਅਤੇ ਵਿਭਾਗ ਦੇ ਹੈਲਪ ਲਾਈਨ ਨੰਬਰ 0172-2298098 ’ਤੇ ਸੂਚਨਾ ਦਿੱਤੀ ਜਾ ਸਕਦੀ ਹੈ।

Load More Related Articles
Load More By Nabaz-e-Punjab
Load More In General News

Check Also

ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ‘ਚ ਵਿਰਾਸਤੀ ਖੇਡਾਂ ਅਸਰਦਾਰ ਸਿੱਧ ਹੋਈਆਂ- ਹਰਜੀਤ ਸਿੰਘ ਗਰੇਵਾਲ

ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ‘ਚ ਵਿਰਾਸਤੀ ਖੇਡਾਂ ਅਸਰਦਾਰ ਸਿੱਧ ਹੋਈਆਂ- ਹਰਜੀਤ ਸਿੰਘ ਗਰੇਵਾਲ ਪਹਿਲ…