ਮੁਹਾਲੀ ਮਿਉਂਸਪਲ ਕਾਰਪੋਰੇਸ਼ਨ ਦੀ ਮੀਟਿੰਗ ਵਿੱਚ 21 ਕਰੋੜ ਰੁਪਏ ਦੇ ਘਾਟੇ ਦਾ ਬਜਟ ਪਾਸ

ਮੀਟਿੰਗ ਵਿੱਚ ਰਿਹਾ ਭਾਰੂ ਅਵਾਰਾ ਕੁੱਤਿਆਂ ਦਾ ਮੁੱਦਾ, ਸਿਟੀ ਬੱਸ ਚਲਾਉਣ ਲਈ 6 ਕਰੋੜ ਰੁਪਏ ਕਰਜਾ ਲਵੇਗਾ ਨਿਗਮ: ਮੇਅਰ ਕੁਲਵੰਤ ਸਿੰਘ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਾਰਚ:
ਮੁਹਾਲੀ ਮਿਉਂਸਪਲ ਕਾਰਪੋਰੇਸ਼ਨ ਦੀ ਅੱਜ ਇੱਥੇ ਹੋਈ ਮੀਟਿੰਗ ਵਿੱਚ ਸਾਲ 2017-18 ਲਈ 21 ਕਰੋੜ ਰੁਪਏ ਘਾਟੇ ਦਾ ਬਜਟ ਪਾਸ ਕੀਤਾ ਗਿਆ। ਮੇਅਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੋਈ ਇਸ ਵਿਸ਼ੇਸ਼ ਮੀਟਿੰਗ ਵਿੱਚ ਕੌਸਲਰਾਂ ਵੱਲੋਂ ਵੱਖ ਵੱਖ ਮੁੱਦਿਆਂ ਤੇ ਬਹਿਸ ਕੀਤੀ ਗਈ ਅਤੇ ਮੁੱਖ ਤੌਰ ਤੇ ਆਵਾਰਾ ਕੁੱਤਿਆਂ ਦਾ ਮੁੱਦਾ ਛਾਇਆ ਰਿਹਾ ਅਤੇ ਕੌਂਸਲਰਾਂ ਵੱਲੋਂ ਇੱਕਮੁਠ ਹੋ ਕੇ ਇਸ ਸਮੱਸਿਆ ਦਾ ਪੱਕਾ ਹਲ ਕਰਨ ਦੀ ਮੰਗ ਕੀਤੀ ਗਈ।
ਮੀਟਿੰਗ ਦੀ ਸ਼ੁਰੂਆਤ ਮੇਅਰ ਕੁਲਵੰਤ ਸਿੰਘ ਵਲੋੱ ਪੰਜਾਬ ਵਿੱਚ ਨਵੀਂ ਬਣੀ ਕਾਂਗਰਸ ਪਾਰਟੀ ਨੂੰ ਵਧਾਈ ਦੇਣ ਨਾਲ ਹੋਈ। ਕੁਲਵੰਤ ਸਿੰਘ ਨੇ ਕਿਹਾ ਕਿ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਨਵੀਂ ਸਰਕਾਰ ਵਲੋੱ ਸ਼ਹਿਰ ਦੇ ਵਿਕਾਸ ਵਿੱਚ ਬਣਦਾ ਯੋਗਦਾਨ ਦਿੱਤਾ ਜਾਵੇਗਾ। ਮੇਅਰ ਵਲੋੱ ਮੀਟਿੰਗ ਦੀ ਸ਼ੁਰੂਆਤ ਕਰਨ ਅਤੇ ਏਜੰਡਾ ਪੜ੍ਹਣ ਲਈ ਕਹਿਣ ਦੇ ਨਾਲ ਹੀ ਫੇਜ਼-2 ਦੀ ਕੌਂਸਲਰ ਜਸਪ੍ਰੀਤ ਕੌਰ ਨੇ ਫੇਜ਼-2 ਵਿੱਚ ਚਲ ਰਹੇ ਅਣਆਧਿਕਾਰਤ ਟੈਕਸੀ ਸਟੈਂਡਾਂ ਵਲੋੱ ਕੀਤੇ ਨਾਜਾਇਜ਼ ਕਬਜੇ ਚੁਕਵਾਉਣ ਦੀ ਮੰਗ ਕੀਤੀ। ਉਹਨਾਂ ਇਸ ਸਬੰਧੀ ਮੇਅਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ।
ਮੀਟਿੰਗ ਵਿੱਚ ਪੇਸ਼ ਕੀਤੇ ਗਏ ਸਾਲ 2017-18 ਦੇ ਬਜਟ ਵਿੱਚ ਕੁਲ ਆਮਦਨ 11750 ਲੱਖ ਰੁਪਏ ਰਹਿਣ ਜਦੋਂ ਕਿ ਅਮਲਾ, ਵਿਕਾਸ ਅਤੇ ਅਚਨਚੇਤ ਖਰਚੇ ਮਿਲਾ ਕੇ ਕੁਲ ਖਰਚਾ 13850 ਲੱਖ ਰੁਪਏ ਤਜਵੀਜ ਕੀਤਾ ਗਿਆ ਹੈ। ਇਸ ਵਿੱਚ ਪ੍ਰਾਪਰਟੀ ਟੈਕਸ ਤੋਂ ਹੋਣ ਵਾਲੀ ਅਨੁਮਾਨਿਤ ਆਮਦਨ 1700 ਲੱਖ, ਵੈਟ ਤੋਂ ਹੋਣ ਵਾਲੀ ਆਮਦਨ ਦੇ 6000 ਲੱਖ ਰੁਪਏ, ਬਿਜਲੀ ਤੇ ਚੁੰਗੀ ਤੋੱ ਹੋਣ ਵਾਲੀ ਆਮਦਨ 600 ਲੱਖ ਰੁਪਏ, ਸਮਝੌਤਾ ਫੀਸ ਤੋੱ ਹੋਣ ਵਾਲੀ ਆਮਦਨ ਤੋੱ 70 ਲੱਖ ਰੁਪਏ, ਵਿਗਿਆਪਕ ਟੈਕਸ ਦੀ ਆਮਦਨ ਦੇ 1000 ਲੱਖ ਰੁਪਏ, ਵਾਟਰ ਸਪਲਾਈ ਅਤੇ ਸੀਵਰੇਜ ਦੇ 130 ਲੱਖ ਰੁਪਏ, ਬਿਲਡਿੰਗ ਐਪਲੀਕੇਸ਼ਨ ਫੀਸ ਦੇ 20 ਲੱਖ ਰੁਪਏ, ਲਾਇਸੈਂਸ ਫੀਸ ਦੇ 24 ਲੱਖ ਰੁਪਏ ਅਤੇ ਮੱਦਾਂ ਤੋੱ ਕੁਲ 306 ਲੱਖ ਰੁਪਏ ਦੀ ਆਮਦਨ ਦਾ ਅਨੁਮਾਨ ਲਗਾਇਆ ਗਿਆ ਹੈ। ਇਸਤੋੱ ਇਲਾਵਾ ਨਗਰ ਨਿਗਮ ਵੱਲੋੱ ਸ਼ਹਿਰ ਵਿੱਚ ਸਿਟੀ ਬਸ ਸਰਵਿਸ ਸ਼ੁਰੂ ਕਰਨ ਲਈ 600 ਲੱਖ ਰੁਪਏ ਕਰਜ਼ਾ ਲੈਣ ਦੀ ਵੀ ਤਜਵੀਜ ਪੇਸ਼ ਕੀਤੀ ਗਈ ਹੈ।
ਦੂਜੇ ਪਾਸੇ ਖਰਚਿਆਂ ਵਿਚ ਅਮਲੇ ਤੇ ਹੋਣ ਵਾਲਾ ਖਰਚਾ 3700 ਲੱਖ ਰੁਪਏ, ਵਿਕਾਸ ਕਾਰਜਾਂ ਤੇ ਹੋਣ ਵਾਲੇ ਖਰਚਿਆਂ ਤੇ 9800 ਲੱਖ ਰੁਪਏ ਅਤੇ ਅਚਨਚੇਤ ਤੇ ਖਰਚਿਆ ਤੇ 350 ਲੱਖ ਰੁਪਏ ਖਰਚ ਨਿਰਧਾਰਿਤ ਕੀਤਾ ਗਿਆ ਹੈ। ਮੀਟਿੰਗ ਦੌਰਾਨ ਸ਼ਹਿਰ ਦੇ ਵੱਖ ਵੱਖ ਮੁੱਦਿਆਂ ’ਤੇ ਭਰਵੀਂ ਬਹਿਸ ਵੀ ਹੋਈ। ਬਜਟ ਤਜਵੀਜਾਂ ਪੜ੍ਹੇ ਜਾਣ ਦੌਰਾਨ ਕੌਂਸਲਰ ਅਮਰੀਕ ਸਿੰਘ ਸੋਮਲ ਨੇ ਕਿਹਾ ਕਿ ਨਿਗਮ ਵੱਲੋਂ ਪਿਛਲੇ ਸਾਲ ਦੀ ਆਮਦਨ ਦੇ ਜਿਹੜੇ ਅੰਕੜੇ ਜਾਰੀ ਕੀਤੇ ਗਏ ਹਨ ਉਹ 31 ਦਸੰਬਰ ਤੱਕ ਦੇ ਹਨ ਜਦੋਂ ਕਿ ਇਹ 28 ਫਰਵਰੀ ਤਕ ਦੇ ਹੋਣੇ ਚਾਹੀਦੇ ਸੀ ਇਸ ਤੋਂ ਮੇਅਰ ਨੇ ਕਿਹਾ ਕਿ ਅਨੁਮਾਨਤ ਆਮਦਨ ਅਤੇ ਖਰਚੇ ਦੇ ਆਧਾਰ ਤੇ ਹੀ ਬਜਟ ਪੇਸ਼ ਕੀਤਾ ਜਾਦਾ ਹੈ।
ਇਸ ਮੌਕੇ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਪਾਰਟੀ ਵਲੋੱ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਜਿਤਾ ਕੇ ਵਿਕਾਸ ਦੇ ਏਜੰਡੇ ਤੇ ਮੋਹਰ ਲਗਾਈ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋੱ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਜਿਹੜਾ ਸੁਫਨਾ ਵੇਖਿਆ ਗਿਆ ਹੈ ਉਸ ਨੂੰ ਪੂਰਾ ਕਰਨ ਵਿੱਚ ਨਿਗਮ ਦਾ ਵੱਡਾ ਯੋਗਦਾਨ ਹੋਣਾ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲ ਦੇ ਟੀਚੇ ਦੇ ਮੁਕਾਬਲੇ ਆਮਦਨ ਵਿੱਚ ਹੋਏ ਵਾਧੇ ਲਈ ਮੇਅਰ ਅਤੇ ਉਹਨਾਂ ਦੀ ਟੀਮ ਵਧਾਈ ਦੀ ਖਾਤਰ ਹੈ ਪਰ ਨਾਲ ਹੀ ਉਹਨਾਂ ਕਿਹਾ ਕਿ ਸਾਲ 2017-18 ਲਈ ਆਮਦਨ ਦਾ ਜਿਹੜਾ ਟੀਚਾ ਰੱਖਿਆ ਗਿਆ ਹੈ ਉਹ ਘੱਟ ਰੱਖਿਆ ਗਿਆ ਹੈ ਕਿਉਂਕਿ ਸ਼ਹਿਰ ਹੋਰ ਵੱਧ ਗਿਆ ਹੈ ਅਤੇ ਨਵੇੱ ਸੈਕਟਰ ਵੀ ਨਿਗਮ ਦੇ ਅਧੀਨ ਆ ਗਏ ਹਨ। ਉਹਨਾਂ ਕਿਹਾ ਕਿ ਵਿਗਿਆਪਨਾਂ ਤੋੱ ਹੋਣ ਵਾਲੀ ਆਮਦਨ 10 ਕਰੋੜ ਰੱਖੀ ਗਈ ਹੈ ਜਦੋੱਕਿ ਇਹ 15 ਕਰੋੜ ਤੋੱ ਵੱਧ ਹੋਣੀ ਚਾਹੀਦੀ ਹੈ।
ਇਸ ਦਾ ਜਵਾਬ ਦਿੰਦਿਆਂ ਮੇਅਰ ਨੇ ਕਿਹਾ ਕਿ ਆਮਦਨ ਦਾ ਅਨੁਮਾਨ ਪਿਛਲੇ ਸਾਲ ਦੀ ਆਮਦਨ ਤੋਂ 10 ਫੀਸਦੀ ਵਧਾ ਕੇ ਪਾਇਆ ਜਾਂਦਾ ਹੈ ਅਤੇ ਆਮਦਨ ਉਸ ਤੋੱ ਵੱਧ ਹੋਵੇਗੀ ਤਾਂ ਉਹ ਵੀ ਖਾਤੇ ਵਿੱਚ ਹੀ ਆਵੇਗੀ। ਉਨ੍ਹਾਂ ਕਿਹਾ ਕਿ ਸਵਾਲ ਟੀਚੇ ਤੈਅ ਕਰਨ ਦਾ ਨਹੀਂ ਬਲਕਿ ਕੰਮ ਕਰਨ ਦਾ ਹੈ। ਉਹਨਾਂ ਕਿਹਾ ਕਿ ਜਿੱਥੋੱ ਤਕ ਵਿਗਿਆਪਨ ਫੀਸ ਦੀ ਗੱਲ ਹੈ ਤਾਂ ਨਿਗਮ ਵਲੋੱ ਇਸ ਵਾਰ ਸ਼ਹਿਰ ਵਿੱਚ ਹੋਰਡਿੰਗਾਂ ਅਤੇ ਯੂਨੀਪੋਲਾਂ ਦੀ ਗਿਣਤੀ ਘੱਟ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਥਾਂ ਥਾਂ ਤੇ ਲੱਗੇ ਇਹ ਹੋਰਡਿੰਗ ਅਤੇ ਯੂਨੀਪੋਲ ਸ਼ਹਿਰ ਦੀ ਦਿੱਖ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਸ਼ਹਿਰ ਦੀ ਆਮਦਨ ਦੇ ਨਾਲ ਨਾਲ ਖੂਬਸੂਰਤੀ ਵੱਲ ਵੀ ਧਿਆਨ ਦਿੱਤਾ ਜਾਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਨਾ ਤਾਂ ਕੋਈ ਹੋਰਡਿੰਗ ਲੱਗਦਾ ਹੈ ਅਤੇ ਨਾ ਹੀ ਉੱਥੇ ਯੂਨੀਪੋਲ ਲੱਗੇ ਹਨ ਅਤੇ ਸਾਡੇ ਇਹ ਹਾਲਤ ਹੈ ਕਿ ਇੱਥੇ ਸੁਆਗਤ ਦੇ ਬੋਰਡਾਂ ਤੇ ਵੀ ਇਸ਼ਤਿਹਾਰ ਲੱਗੇ ਹਨ।
ਕੌਂਸਲਰ ਸੁਖਦੇਵ ਸਿੰਘ ਨੇ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹਲ ਲਈ ਬਜਟ ਵਿੱਚ ਵਿਸ਼ੇਸ਼ ਖਰਚਾ ਰੱਖਣ ਦੀ ਮੰਗ ਕੀਤੀ ਜਿਸ ਤੇ ਮੇਅਰ ਨੇ ਕਿਹਾ ਕਿ ਅਚਨਚੇਤ ਖਰਚਿਆਂ ਵਿੱਚ ਇਸ ਸਬੰਧੀ ਰਕਮ ਦਾ ਪ੍ਰਬੰਧ ਕੀਤਾ ਗਿਆ ਹੈ।
ਜ਼ਿਲ੍ਹਾ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਨੇ ਇਸ ਮੌਕੇ ਬੋਲਦਿਆਂ ਅਕਾਲੀ ਦਲ ਵੱਲੋਂ ਕਾਂਗਰਸ ਪਾਰਟੀ ਨੂੰ ਸਰਕਾਰ ਬਣਾਉਣ ਦੀ ਵਧਾਈ ਦਿੰਦਿਆਂ ਕਿਹਾ ਕਿ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਕਾਂਗਰਸ ਸਰਕਾਰ ਵੀ ਪਿਛਲੀ ਅਕਾਲੀ ਭਾਜਪਾ ਸਰਕਾਰ ਵਾਂਗ ਐਸ ਏ ਐਸ ਨਗਰ ਦੇ ਵਿਕਾਸ ਨੂੰ ਵਿਸ਼ੇਸ਼ ਤਰਜੀਹ ਦੇਵਗੀ। ਉਨ੍ਹਾਂ ਪੁੱਛਿਆ ਕਿ ਗਮਾਡਾ ਵਲੋੱ ਹਰ ਸਾਲ ਜਿਹੜੀ 50 ਕਰੋੜ ਰੁਪਏ ਦੀ ਰਕਮ ਨਿਗਮ ਨੂੰ ਵਿਕਾਸ ਕਾਰਜਾਂ ਲਈ ਮਿਲਣੀ ਹੈ ਉਸ ਨੂੰ ਬਜਟ ਵਿੱਚ ਕਿਉਂ ਨਹੀਂ ਪਾਇਆ ਗਿਆ। ਇਸ ਤੇ ਮੇਅਰ ਨੇਕਿਹਾ ਕਿ ਤਕਨੀਕੀ ਕਾਰਨਾਂ ਕਰਕੇ ਇਸ ਰਕਮ ਨੂੰ ਬਜਟ ਵਿੱਚ ਸ਼ਾਮਿਲ ਨਹੀੱ ਕੀਤਾ ਜਾ ਸਕਦਾ ਸੀ। ਸ੍ਰੀ ਕਾਹਲੋੱ ਨੇ ਕਿਹਾ ਕਿ ਹਲਕਾ ਵਿਧਾਇਕ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਚੋਣਾਂ ਵੇਲੇ ਸ਼ਹਿਰ ਵਾਸੀਆਂ ਨਾਲ ਵਾਇਦਾ ਕੀਤਾ ਸੀ ਕਿ ਕਾਂਗਰਸ ਪਾਰਟੀ ਦੀ ਸਰਕਾਰ ਪ੍ਰਾਪਰਟੀ ਟੈਕਸ ਮਾਫ ਕਰ ਦੇਵੇਗੀ ਅਤੇ ਕੀ ਹੁਣ ਨਿਗਮ ਵਲੋੱ ਪ੍ਰਾਪਰਟੀ ਟੈਕਸ ਮਾਫ ਕੀਤਾ ਜਾ ਰਿਹਾ ਹੈ ਇਸ ਤੇ ਮੇਅਰ ਨੇ ਕਿਹਾ ਕਿ ਸਰਕਾਰ ਵਲੋੱ ਜੇਕਰ ਅਜਿਹਾ ਕੁਝ ਕੀਤਾ ਗਿਆ ਹੈ ਸਭ ਨੂੰ ਪਤਾ ਲੱਗ ਜਾਵੇਗਾ। ਇਸ ਮੌਕੇ ਕੌਂਸਲਰ ਸ੍ਰੀ ਰਜਿੰਦਰ ਸਿੰਘ ਰਾਣਾ ਨੇ ਚੁਟਕੀ ਲਈ ਅਕਾਲੀ ਦਲ ਵੀ ਤਾਂ 25 ਸਾਲ ਰਾਜ ਕਰਨ ਦਾ ਦਾਅਵਾ ਕਰਦੇ ਰਹੇ ਹਨ।
ਅਕਾਲੀ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਸੈਕਟਰ 69 ਦੀਆਂ ਸਮੱਸਿਆ ਦੱਸਦਿਆਂ ਕਿਹਾ ਕਿ ਸਥਾਨਕ ਲੋਕਾਂ ਨੂੰ ਲੋੜੀਂਦੀਆਂ ਬੁਨਿਆਦੀਆਂ ਸੁਵਿਧਾਵਾਂ ਜਿਵੇਂ ਡਿਸਪੈਂਸਰੀ, ਸਕੂਲ ਆਦਿ ਦੀ ਸਹੂਲੀਅਤ ਵੀ ਨਹੀਂ ਅਤੇ ਮੁੱਖ ਸੜਕ ਤੋਂ ਫੇਜ਼ ਵਾਸੀਆਂ ਨੂੰ ਲਾਂਘੇ ਦੀ ਵੀ ਸਮੱਸਿਆ ਹੈ। ਉਨ੍ਹਾਂ ਪੀਣ ਵਾਲੇ ਪਾਣੀ ਲਈ ਸ਼ਹਿਰੀ ਪਾਣੀ ਸਪਲਾਈ ਦੀ ਮੰਗ ਚੁੱਕੀ ਜਿਸ ’ਤੇ ਮੇਅਰ ਨੇ ਕਿਹਾ ਕਿ ਨਿਗਮ ਵੱਲੋਂ ਉਹ ਕੰਮ ਕਰਵਾਏ ਜਾ ਸਕਦੇ ਹਨ ਜਿਹੜੇ ਉਸਦੇ ਅਧਿਕਾਰ ਖੇਤਰ ਵਿੱਚ ਹਨ। ਇਸ ਮੌਕੇ ਕੌਂਸਲਰ ਸੁਰਿੰਦਰ ਸਿੰਘ ਰੋਡਾ ਨੇ ਕਿਹਾ ਕਿ ਜਦੋੱ ਤੱਕ ਨਵੇੱ ਸੈਕਟਰਾਂ ਅਤੇ ਪਿੰਡਾਂ ਵਿੱਚ ਲੋੜੀਂਦੇ ਵਿਕਾਸ ਕਾਰਜ ਨਹੀਂ ਹੁੰਦੇ ਇੱਥੇ ਪ੍ਰਾਪਰਟੀ ਟੈਕਸ ਨਾ ਲਗਾਇਆ ਜਾਵੇ।
ਕੌਂਸਲਰ ਤਰਨਜੀਤ ਕੌਰ ਗਿੱਲ ਨੇ ਸ਼ਹਿਰ ਵਿੱਚ ਘੁੰਮਦੇ ਆਵਾਰਾ ਕੁੱਤਿਆਂ ਵਲੋੱ ਲੋਕਾਂ ਨੂੰ ਵੱਢਣ ਦੀ ਸਮੱਸਿਆ ਚੁੱਕਦਿਆਂ ਇਸ ਸੰਬੰਧੀ ਲੋੜੀਂਦੇ ਕਦਮ ਚੁੱਕਣ ਦੀ ਮੰਗ ਕੀਤੀ । ਇਸ ਮੁੱਦੇ ਤੇ ਮੀਟਿੰਗ ਵਿੱਚ ਜੋਰਦਾਰ ਬਹਿਸ ਹੋਈ ਅਤੇ ਸਾਰੇ ਹੀ ਕੌਂਸਲਰ ਇਸ ਬਹਿਸ ਵਿੱਚ ਸ਼ਾਮਿਲ ਹੋਏ। ਇਸ ਮੌਕੇ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਬੀਬੀ ਗਿੱਲ ਅਤੇ ਕੌਂਸਲਰਾਂ ਕੁਲਜੀਤ ਬੇਦੀ ਦੀ ਤਜਵੀਜ਼ ਦੀ ਪ੍ਰੌੜਤਾ ਕਰਦਿਆਂ ਕਿਹਾ ਕਿ ਇਸ ਸਬੰਧੀ
ਨਿਗਮ ਵੱਲੋਂ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਣਾ ਚਾਹੀਦਾ ਹੈ ਕਿ ਕੁੱਤਿਆਂ ਨੂੰ ਮਾਰਨ ਤੋੱ ਰੋਕ ਹਟਾਈ ਜਾਵੇ। ਕੌਂਸਲਰ ਬੌਬੀ ਕੰਬੋਜ ਅਤੇ ਕੌਂਸਲਰ ਕਮਲਜੀਤ ਸਿੰਘ ਰੂਬੀ ਵਲੋੱ ਵੀ ਆਵਾਰਾ ਕੁੱਤਿਆਂ ਦੀ ਸਮੱਸਿਆ ਜੋਰਦਾਰ ਢੰਗ ਨਾਲ ਚੁੱਕੀ ਗਈ। ਸ੍ਰੀ ਰੂਬੀ ਨੇ ਫੇਜ਼-9 ਅਤੇ ਚੰਡੀਗੜ੍ਹ ਸੈਕਟਰ 63 ਵਿਚਾਲੇ ਸੜਕ ਖੋਲ੍ਹਣ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਨਿਗਮ ਵਲੋੱ ਕਿਸੇ ਵੀ ਵਾਰਡ ਵਿੱਚ ਕਾਰਵਾਈ ਕਰਨ ਵੇਲੇ ਸੰਬੰਧਿਤ ਕੌਂਸਲਰ ਨੂੰ ਭਰੋਸੇ ਵਿੱਚ ਲਿਆ ਜਾਣਾ ਚਾਹੀਦਾ ਹੈ। ਇਸ ਮੌਕੇ ਕੌਂਸਲਰ ਗੁਰਮੁੱਖ ਸਿੰਘ ਸੋਹਲ ਵਲੋੱ ਫੇਜ਼-2 ਅਤੇ ਚਾਰ ਵਿੱਚ ਪਾਣੀ ਦੀ ਸਪਲਾਈ ਲਈ ਲਗਾਏ ਜਾਣ ਵਾਲੇ ਬੂਸਟਰ ਪੰਪ ਦਾ ਮੁੱਦਾ ਚੁੱਕਦਿਆਂ ਸਵਾਲ ਕੀਤਾ ਗਿਆ ਕਿ ਦੱਸਿਆ ਜਾਵੇ ਕਿ 2 ਸਾਲ ਪਹਿਲਾਂ ਪਾਸ ਹੋਣ ਦੀ ਬਾਵਜੂਦ ਇਹ ਕੰਮ ਕਿਉੱ ਨਹੀੱ ਕੀਤਾ ਗਿਆ।
ਮੇਅਰ ਕੁਲਵੰਤ ਸਿੰਘ ਨੇ ਸ਼ਹਿਰ ਵਿੱਚ ਕੁੱਤਿਆਂ ਦੀ ਸਮੱਸਿਆ ਦੇ ਹਲ ਲਈ ਮੈਂਬਰਾਂ ਤੋੱ ਸੁਝਾਆਵਾਂ ਦੀ ਮੰਗ ਕੀਤੀ । ਉਹਨਾਂ ਕਿਹਾ ਕਿ ਇਸ ਸਮੱਸਿਆ ਦਾ ਇੱਕ ਹਲ ਇਹ ਵੀ ਹੈ ਸਕਦਾ ਹੈ ਕਿ ਸ਼ਹਿਰ ਦੇ ਵਸਨੀਕਾਂ ਨੂੰ ਆਪਣੇ ਆਸ ਪਾਸ ਰਹਿਣ ਵਾਲੇ ਅਜਿਹੇ ਕੁੱਤਿਆਂ ਨੂੰ ਗੋਦ ਲੈਣ ਲਈ ਪ੍ਰੇਰਿਤ ਕੀਤਾ ਜਾਵੇ। ਇਸ ਮੌਕੇ ਮੈਂਬਰਾਂ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਇੰਸੈਟਿਵ ਦਿੱਤਾ ਜਾਣਾ ਚਾਹੀਦਾ ਹੈ।
ਕੌਂਸਲਰ ਹਰਦੀਪ ਸਿੰਘ ਸਰਾਉ ਨੇ ਫੇਜ਼-10-11 ਅਤੇ ਸੈਕਟਰ 48 ਸੜਕ ਤੇ ਟ੍ਰੈਫਿਕ ਲਾਈਟਾਂ ਲਗਵਾਉਣ ਲਈ ਮੇਅਰ ਦਾ ਧੰਨਵਾਦ ਕੀਤਾ। ਕੌਂਸਲਰ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਨਿਗਮ ਦੇ ਫੈਸਲਿਆਂ ਵਿੱਚ ਮੈਂਬਰਾਂ ਦੀ ਸਮੂਲੀਅਤ ਵਧਾਉਣੀ ਚਾਹੀਦੀ ਹੈ। ਕੌਂਸਲਰ ਆਰ.ਪੀ. ਸ਼ਰਮਾ ਨੇ ਆਧਾਰ ਕਾਰਡ ਤਸਦੀਕ ਕਰਨ ਦਾ ਮੁੱਦਾ ਚੁੱਕਿਆ ਕਿ ਪਿੰਡਾਂ ਦੇ ਪੰਚ, ਸਰਪੰਚ ਤਾਂ ਆਧਾਰ ਕਾਰਡ ਦੀ ਤਸਦੀਕ ਕਰ ਦਿੰਦੇ ਹਨ ਪਰ ਕੌਂਸਲਰਾਂ ਦੀ ਤਸਦੀਕ ਸਵੀਕਾਰ ਨਹੀਂ ਹੁੰਦੀ। ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਉਹਨਾਂ ਵਲੋੱ ਅਧਿਕਾਰੀਆਂ ਨੂੰ ਸਖਤ ਹਿਦਾਇਤ ਕੀਤੀ ਗਈ ਹੈ ਕਿ ਸ਼ਹਿਰ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਸਨਮਾਨ ਨੂੰ ਕੋਈ ਫੀਸ ਨਾ ਲੱਗੇ ਅਤੇ ਕੌਂਸਲਰਾਂ ਦਾ ਪੂਰਾ ਸਤਿਕਾਰ ਹੋਣਾ ਚਾਹੀਦਾ ਹੈ।
ਅਖੀਰ ਵਿੱਚ ਨਿਗਮ ਦੇ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਵਿੱਚ ਡੇਂਗੂ ਦੀ ਬਿਮਾਰੀ ਪ੍ਰਤੀ ਜਾਗਰੂਕਤਾ ਲਿਆਉਣ ਅਤੇ ਗਰਮੀਆਂ ਵਿੱਚ ਪੀਣ ਵਾਲੇ ਪਾਣੀ ਦੀ ਬਚਤ ਲਈ ਨਾਗਰਿਕਾਂ ਨੂੰ ਪ੍ਰੇਰਿਤ ਕਰਨ। ਮੀਟਿੰਗ ਵਿੱਚ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਰਿਸਵ ਜੈਨ, ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਅਤੇ ਕਮਿਸ਼ਨਰ ਰਾਜੇਸ਼ ਧੀਮਾਨ, ਸੰਯੁਕਤ ਕਮਿਸ਼ਨਰ ਅਵਨੀਤ ਕੌਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…