Nabaz-e-punjab.com

ਸੈਕਟਰ ਵਾਸੀਆਂ ਦੀਆਂ ਸਮੱਸਿਆਵਾਂ ਸਬੰਧੀ ਵਫ਼ਦ ਡੀਸੀ ਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਮਿਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਦਸੰਬਰ:
ਰੈਜ਼ੀਡੈਂਟ ਵੈੱਲਫੇਅਰ ਅਤੇ ਡਿਵੈਲਪਮੈਂਟ ਕਮੇਟੀ ਸੈਕਟਰ-78 ਦਾ ਵਫ਼ਦ ਜਨਰਲ ਸਕੱਤਰ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਮਿਲਿਆ ਅਤੇ ਸੈਕਟਰ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣੂ ਕਰਵਾਉਂਦੇ ਹੋਏ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਦੀ ਗੁਹਾਰ ਲਗਾਈ। ਉਨ੍ਹਾਂ ਦੱਸਿਆ ਕਿ ਸੈਕਟਰ-78 ਨੂੰ ਚਾਰ ਸਾਲ ਪਹਿਲਾਂ ਦੀ ਵਾਰਡਬੰਦੀ ਮੁਤਾਬਕ ਵੱਖ-ਵੱਖ ਸੈਕਟਰਾਂ ਅਤੇ ਪਿੰਡ ਸੋਹਾਣਾ ਨਾਲ ਜੋੜਿਆ ਗਿਆ ਹੈ। ਇਸ ਤਰ੍ਹਾਂ ਸੈਕਟਰ-78 ਚਾਰ ਕੌਂਸਲਰ ਦੇ ਅਧੀਨ ਆਉਂਦਾ ਹੈ। ਜਿਸ ਕਾਰਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸੈਕਟਰ-78 ਦਾ ਇਕ ਵਾਰਡ ਬਣਾ ਕੇ ਇਸ ਨੂੰ ਪਿੰਡ ਸੋਹਾਣਾ ਤੋਂ ਵੱਖ ਕੀਤਾ ਜਾਵੇ ਤਾਂ ਜੋ ਸੈਕਟਰ ਦੀ ਤਰੱਕੀ ਅਤੇ ਹੋਰ ਕੰਮ ਸੁਚੱਜੇ ਢੰਗ ਨਾਲ ਹੋ ਸਕਣ।
ਵੈੱਲਫੇਅਰ ਕਮੇਟੀ ਮੁਹਾਲੀ ਦੇ ਸੀਨੀਅਰ ਮੀਤ ਪ੍ਰਧਾਨ ਮੇਜਰ ਸਿੰਘ ਨੇ ਦੱਸਿਆ ਕਿ ਸੈਕਟਰ-78 ਵਿੱਚ ਹਰ ਸੋਮਵਾਰ ਨੂੰ ਸਬਜ਼ੀ ਮੰਡੀ ਸੜਕ ਦੇ ਨਜ਼ਦੀਕ ਲਗਦੀ ਹੈ। ਜਿਸ ਕਾਰਨ ਦੇਰ ਸ਼ਾਮ ਤੱਕ ਆਵਾਜਾਈ ਪ੍ਰਭਾਵਿਤ ਰਹਿੰਦੀ ਹੈ ਅਤੇ ਹੁਣ ਤੱਕ ਕਈ ਹਾਦਸੇ ਵੀ ਹੋ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਹਫ਼ਤਾਵਾਰੀ ਸਬਜ਼ੀ ਮੰਡੀ ਨੂੰ ਸੜਕ ਤੋਂ ਪਿੱਛੇ ਹਟਾ ਕੇ ਲਗਾਇਆ ਜਾਵੇ।
ਸੈਕਟਰ ਵਾਸੀਆਂ ਨੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਤੋਂ ਮੰਗ ਕੀਤੀ ਕਿ ਸੈਕਟਰ-76 ਤੋਂ 80, ਸੈਕਟਰ-66 ਤੋਂ 69 ਦੇ ਬਾਸ਼ਿੰਦਿਆਂ ਤੋਂ ਪਾਣੀ ਦੇ ਬਿੱਲਾਂ ਵਿੱਚ ਸਤੰਬਰ 2017 ਤੋਂ ਕੀਤਾ 5.5 ਗੁਣਾ ਵਾਧਾ ਵਾਪਸ ਲਿਆ ਜਾਵੇ ਅਤੇ ਸੈਕਟਰ-76 ਤੋਂ 80 ਦੇ ਨਵ ਨਿਰਮਾਣ ਅਧੀਨ ਸੈਕਟਰਾਂ ਵਿੱਚ ਲਗਭਗ 90 ਫੀਸਦੀ ਮਕਾਨ ਬਣ ਚੁੱਕੇ ਹਨ। ਇਨ੍ਹਾਂ ਸੈਕਟਰਾਂ ਵਿੱਚ ਲੋਕਾਂ ਦੀਆਂ ਸਮਾਜਿਕ, ਸਭਿਆਚਾਰਕ ਲੋੜਾਂ ਦੀ ਪੂਰਤੀ ਲਈ ਸੈਕਟਰ-78 ਵਿੱਚ ਚਰਚ ਦੇ ਨੇੜੇ ਰਾਖਵੀਂ ਜ਼ਮੀਨ ਵਿੱਚ ਕਮਿਊਨਿਟੀ ਸੈਂਟਰ ਦੀ ਉਸਾਰੀ ਸ਼ੁਰੂ ਕੀਤੀ ਜਾਵੇ। ਸੈਕਟਰ-78 ਅਤੇ ਸੈਕਟਰ-79 ਦੀ ਡੀਵਾਈਡਿੰਗ ਸੜਕ ਦੇ ਦੋਵੇਂ ਪਾਸੇ ਗਮਾਡਾ ਦੀ ਸਰਕਾਰੀ ਜ਼ਮੀਨ ਉੱਤੇ ਰੇਤਾ ਬਜਰੀ ਦੇ ਟਰੈਕਟਰ ਟਰਾਲੀਆਂ ਅਤੇ ਇੱਟਾਂ ਦੇ ਟਰੱਕਾਂ ਦਾ ਖੜਨਾ ਬੰਦ ਕੀਤਾ ਜਾਵੇ।
ਇਸ ਮੌਕੇ ਕੁਲਦੀਪ ਸਿੰਘ ਜਾਂਗਲਾ, ਗੁਰਦੇਵ ਸਿੰਘ ਸਰਾਂ, ਅਮਰ ਸਿੰਘ ਅਨੇਜਾ, ਕੁਲਤਾਰ ਸਿੰਘ ਰੰਗੀ ਅਤੇ ਸੰਤੋਖ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…