Nabaz-e-punjab.com

ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦਾ ਵਫ਼ਦ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਨੂੰ ਮਿਲਿਆ

ਪੰਜਾਬ ਵਿੱਚ 5 ਜੂਨ ਤੋਂ ਝੋਨਾ ਲਗਾਉਣ ਲਈ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ, ਨੁਕਸਾਨੀਆਂ ਦਾ ਮੁਆਵਜ਼ਾ ਮੰਗਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਪਰੈਲ:
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੂਬਾ ਮੀਤ ਪ੍ਰਧਾਨ ਮੇਹਰ ਸਿੰਘ ਥੇੜੀ ਦੀ ਅਗਵਾਈ ਹੇਠ ਕਿਸਾਨਾਂ ਦੇ ਇੱਕ ਵਫ਼ਦ ਨੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਨਾਲ ਮੁਲਾਕਾਤ ਕੀਤੀ ਅਤੇ ਖੇਤੀਬਾੜੀ ਧੰਦੇ ਨਾਲ ਜੁੜੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨਾ ਲੇਟ ਲਗਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ। ਝੋਨਾ ਲੇਟ ਪੱਕਣ ਕਰਕੇ ਅਨਾਜ ਮੰਡੀਆਂ ਵਿੱਚ ਫਸਲ ਵੇਚਣ ਵੇਲੇ ਕਿਸਾਨਾਂ ਨੂੰ ਕਾਫੀ ਦਿੱਕਤਾ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਪ੍ਰਤੀ ਕੁਇੰਟਲ 100 ਰੁਪਏ ਤੋਂ ਵੱਧ ਕੱਟ ਲਗਾ ਕੇ ਝੋਨਾ ਵੇਚਿਆ ਪਿਆ ਸੀ। ਉਨ੍ਹਾਂ ਕਿਹਾ ਕਿ ਪਿਛਲੇ ਸੀਜਨ ਵਿੱਚ ਸਰਕਾਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਸੀ ਕਿ ਅਗਲੇ ਸਾਲ 5 ਜੂਨ ਤੋਂ ਝੋਨਾ ਲਗਾਉਣਾ ਸ਼ੁਰੂ ਕੀਤਾ ਜਾਵੇਗਾ ਪ੍ਰੰਤੂ ਇਸ ਸਬੰਧੀ ਸੂਬਾ ਸਰਕਾਰ ਨੇ ਹੁਣ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੀ ਸਹੂਲਤ ਲਈ ਪੰਜਾਬ ਵਿੱਚ 5 ਜੂਨ ਤੋਂ ਝੋਨਾ ਲਗਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ।
ਕਿਸਾਨਾਂ ਦਾ ਕਹਿਣਾ ਹੈ ਕਿ ਝੋਨਾ ਲੇਟ ਪੱਕਣ ਕਰਕੇ ਕਣਕ ਦੀ ਬਿਜਾਈ ਵੀ ਲੇਟ ਹੁੰਦੀ ਹੈ। ਜਿਸ ਕਰਕੇ ਹੁਣ ਤੱਕ ਕਣਕ ਦੀ ਵਾਢੀ ਚੰਗੀ ਤਰ੍ਹਾਂ ਸ਼ੁਰੂ ਨਹੀਂ ਹੋ ਸਕੀ, ਜਦੋਂਕਿ ਮੌਸਮ ਦੀ ਬੇਰੁੱਖੀ ਦੇ ਚੱਲਦਿਆਂ ਕਿਸਾਨਾਂ ਦੇ ਸਾਹ ਸੂਤੇ ਪਏ ਹਨ। ਪਿਛਲੇ ਸੀਜਨ ਵਿੱਚ 17 ਅਪਰੈਲ ਤੱਕ ਲਗਭਗ ਕਣਕ ਦੀ ਅੱਧੀ ਫਸਲ ਕੱਟੀ ਜਾਂਦੀ ਸੀ। ਹੁਣ ਮੌਸਮ ਖਰਾਬ ਹੋਣ ਕਰਕੇ ਮੀਂਹ ਗੜੇ, ਝੱਖੜ ਨਾਲ ਫਸਲਾਂ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ। ਇਹ ਸਾਰਾ ਕੁੱਝ ਸਿਰਫ਼ ਝੋਨਾ ਲੇਟ ਲਗਾਉਣ ਕਰਕੇ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਮੀਂਹ ਅਤੇ ਗੜਿਆਂ ਨਾਲ ਜਿਹੜੇ ਇਲਾਕਿਆਂ ਵਿੱਚ ਕਣਕ ਦੀ ਫਸਲ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਇਕਾਇਆਂ ਵਿੱਚ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਯੋਗ ਮੁਆਵਜਾ ਦਿੱਤਾ ਜਾਵੇ।
ਮੰਗ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸ ਸਾਲ ਖੇਤੀਬਾੜੀ ਵਿਭਾਗ ਨੇ ਹਰੀ ਖਾਦ ਬੀਜਣ ਲਈ ਢਾਂਚੇ ਦੇ ਬੀਜ ਦਾ ਕੋਈ ਪ੍ਰਬੰਧ ਨਹੀਂ ਕੀਤਾ, ਕਿਸਾਨਾਂ ਨੂੰ ਹਰੀ ਖਾਦ ਬੀਜਣ ਅਤੇ ਉਸ ਦੇ ਫਾਇਦੇ ਬਾਰੇ ਤਾਂ ਬਹੁਤ ਜਾਣੂ ਕਰਾਇਆ ਜਾਂਦਾ ਹੈ ਪ੍ਰੰਤੂ ਬੀਜ ਦਾ ਕੋਈ ਪ੍ਰਬੰਧ ਨਾ ਹੋਣ ਕਰਕੇ ਕਿਸਾਨਾਂ ਨੂੰ ਮੁਸ਼ਕਲ ਆ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਤੁਰੰਤ 50 ਫੀਸਦੀ ਸਬਸਿਡੀ ’ਤੇ ਬੀਜ ਮੁਹੱਈਆ ਕਰਵਾਇਆ ਜਾਵੇ। ਕਣਕ ਅਤੇ ਮੱਕੀ ਦੇ ਬੀਜਾਂ ’ਤੇ ਪਹਿਲਾਂ ਤੋਂ ਮਿਲਦੀ ਸਬਸਿਡੀ ਦੇਣ ਦਾ ਯੋਗ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਜਗਜੀਤ ਸਿੰਘ ਡੇਲੇਵਾਲ, ਮਾਨ ਸਿੰਘ ਰਾਜਪੁਰਾ, ਬਲਵਿੰਦਰ ਸਿੰਘ ਦੇਹਕਲਾਂ, ਤਰਲੋਚਨ ਸਿੰਘ ਨੰਡਿਆਲੀ, ਸੁੱਚਾ ਸਿੰਘ ਨਡਿਆਲੀ, ਬਲਜੀਤ ਸਿੰਘ ਅਤੇ ਜਸਵੰਤ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Agriculture & Forrest

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…