ਪਾਣੀ ਦੇ ਰੇਟ ਵਧਾਉਣ ਵਿਰੁੱਧ ਜਥੇਦਾਰ ਕੁੰਭੜਾ ਦੀ ਅਗਵਾਈ ਹੇਠ ਵਫ਼ਦ ਗਮਾਡਾ ਅਧਿਕਾਰੀ ਨੂੰ ਮਿਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਦਸੰਬਰ:
ਸ਼੍ਰੋਮਣੀ ਅਕਾਲੀ ਦਲ ਮੁਹਾਲੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਦੀ ਅਗਵਾਈ ਵਿਚ ਅਕਾਲੀ ਅਤੇ ਭਾਰਤੀ ਜਨਤਾ ਪਾਰਟੀ ਨਾਲ ਸਬੰਧਿਤ ਕੌਂਸਲਰਾਂ ਦਾ ਇੱਕ ਵਫ਼ਦ ਅੱਜ ਏ.ਸੀ.ਏ. ਗਮਾਡਾ ਸ੍ਰੀ ਰਾਜੇਸ਼ ਧੀਮਾਨ ਜੀ ਨੂੰ ਮਿਲਿਆ। ਵਫ਼ਦ ਨੇ ਗਮਾਡਾ ਅਧਿਕਾਰੀ ਨੂੰ ਦੱਸਿਆ ਕਿ ਸੈਕਟਰ 66 ਤੋਂ ਲੈ ਕੇ 69 ਅਤੇ ਸੈਕਟਰ 78 ਤੋਂ ਲੈ ਕੇ 80 ਤੱਕ ਜੋ ਕਿ ਪਾਣੀ ਦੇ ਬਿਲ ਦਸੰਬਰ ਮਹੀਨੇ ਵਿੱਚ ਉਪ ਮੰਡਲ ਇੰਜੀਨੀਅਰ (ਜਨ ਸਿਹਤ) ਗਮਾਡਾ ਵੱਲੋਂ ਭੇਜੇ ਗਏ ਹਨ, ਵਿੱਚ ਪਿਛਲੇ ਬਿੱਲ ਨਾਲੋਂ ਪਾਣੀ ਦੇ ਰੇਟਾਂ ਵਿਚ 4 ਗੁਣਾ ਵਾਧਾ ਕਰ ਦਿੱਤਾ ਗਿਆ ਹੈ। ਇਸ ਏਰੀਏ ਵਿੱਚ ਪਾਣੀ ਦੀ ਸਪਲਾਈ ਦੀ ਹਾਲਤ ਕਾਫ਼ੀ ਮਾੜੀ ਹੈ ਕਿਉਂਕਿ ਪਾਣੀ ਸਵੇੇਰੇ, ਦੁਪਹਿਰ ਅਤੇ ਸ਼ਾਮ ਜ਼ਰੂਰਤ ਵੇਲੇ ਸਹੀ ਪ੍ਰੈਸ਼ਰ ਉਪਰਲੀਆਂ ਮੰਜ਼ਿਲਾਂ ਤੱਕ ਨਹੀਂ ਪਹੁੰਚਦਾ ਹੈ।
ਵਫ਼ਦ ਨੇ ਦੱਸਿਆ ਕਿ ਪਾਣੀ ਦੀ ਸਪਲਾਈ ਦਾ ਸਮਾਂ ਵੀ ਬਹੁਤ ਘੱਟ ਹੈ ਅਤੇ ਇਨ੍ਹਾਂ ਸੈਕਟਰਾਂ ਵਿਚ ਬੂਸਟਰ ਦਾ ਪ੍ਰਬੰਧ ਵੀ ਨਹੀਂ ਹੈ ਅਤੇ ਨਹਿਰੀ ਪਾਣੀ ਦੀ ਸਪਲਾਈ ਦੀ ਵੀ ਕੋਈ ਵਿਵਸਥਾ ਨਹੀਂ ਹੈ। ਇਸ ਕਾਰਨ ਇਨ੍ਹਾਂ ਸੈਕਟਰਾਂ ਦੇ ਨਿਵਾਸੀਆਂ ਨੂੰ ਲੋੜ ਵੇਲੇ ਪਾਣੀ ਦੀ ਸਪਲਾਈ ਬਹੁਤ ਘੱਟ ਹੁੰਦੀ ਹੈ ਅਤੇ ਪਾਣੀ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਥੇਦਾਰ ਕੁੰਭੜਾ ਨੇ ਪਾਣੀ ਦੇ ਉਕਤ ਹਾਲਾਤਾਂ ਬਾਰੇ ਦਰਸਾਉਂਦਿਆਂ ਗਮਾਡਾ ਅਧਿਕਾਰੀ ਨੂੰ ਕਿਹਾ ਕਿ ਇਸ ਦੇ ਉਲਟ ਪ੍ਰਸ਼ਾਸਨ ਵੱਲੋਂ ਪਾਣੀ ਦੀ ਪੂਰਤੀ ਸਬੰਧੀ ਸੁਧਾਰ ਤਾਂ ਕੀ ਕਰਨੇ ਸਨ, ਸਗੋਂ ਉਲਟਾ ਪਾਣੀ ਦੇ ਰੇਟਾਂ ਵਿਚ ਬੇਤਹਾਸ਼ਾ ਵਾਧਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਕਟਰਾਂ ਦੇ ਨਿਵਾਸੀਆਂ ਵੱਲੋਂ ਚੁਣੇ ਹੋਏ ਨੁੂਮਾਇੰਦਿਆਂ ਅਤੇ ਐਸੋਸੀਏਸ਼ਨਾਂ ਦੇ ਧਿਆਨ ਵਿਚ ਲਿਆ ਕੇ ਇਹ ਰੋਸ ਗਮਾਡਾ ਅਧਿਕਾਰੀਆਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਸ ਲਈ ਪਾਣੀ ਦੇ ਬਿੱਲਾਂ ਵਿੱਚ ਕੀਤੇ ਗਏ ਇਸ 4 ਗੁਣਾਂ ਵਾਧਾ ਬਿਲਕੁਲ ਗੈਰਵਾਜਿਬ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਸੈਕਟਰਾਂ ਦੇ ਨਿਵਾਸੀਆਂ ਨੂੰ ਇਨਸਾਫ਼ ਦੇਣ ਲਈ ਬਾਕੀ ਮੁਹਾਲੀ ਸ਼ਹਿਰ ਦੇ ਮੁਤਾਬਕ ਪਾਣੀ ਦੀ ਸਪਲਾਈ ਸਹੀ ਕੀਤੀ ਜਾਵੇ ਅਤੇ ਸ਼ਹਿਰ ਮੁਤਾਬਕ ਹੀ ਬਿਲ ਦਿੱਤੇ ਜਾਣ। ਇਸ ਦੇ ਨਾਲ ਹੀ ਇਹ ਸਾਰੀ ਗੱਲਬਾਤ ਸਬੰਧਿਤ ਅਫ਼ਸਰਾਂ ਅਤੇ ਮਾਨਯੋਗ ਮੁੱਖ ਮੰਤਰੀ ਦੇ ਧਿਆਨ ਵਿਚ ਲਿਆ ਕੇ ਇਹ ਵਧੇ ਹੋਏ ਰੇਟਾਂ ਨੂੰ ਵਾਪਿਸ ਕਰਵਾਇਆ ਜਾਵੇ। ਜਥੇਦਾਰ ਕੁੰਭੜਾ ਦੀ ਅਗਵਾਈ ਵਿਚ ਉਕਤ ਕੌਂਸਲਰਾਂ ਦੇ ਵਫ਼ਦ ਨੇ ਗਮਾਡਾ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਸੈਕਟਰਾਂ ਵਿਚ ਪਾਣੀ ਦੇ ਬਿਲਾਂ ਵਿਚ ਕੀਤੇ 400 ਗੁਣਾਂ ਦਾ ਵਾਧਾ ਵਾਪਿਸ ਨਾ ਲਿਆ ਤਾਂ ਉਹ ਲੋਕਾਂ ਨੂੰ ਨਾਲ ਲੈ ਕੇ ਗਮਾਡਾ ਖਿਲਾਫ਼ ਪਹਿਲਾਂ ਤਾਂ ਸ਼ਾਂਤੀਪੂਰਨ ਸੰਘਰਸ਼ ਕਰਨਗੇ ਅਤੇ ਜੇਕਰ ਫਿਰ ਵੀ ਵਾਧਾ ਵਾਪਿਸ ਨਾ ਲਿਆ ਤਾਂ ਸੰਘਰਸ਼ ਨੂੰ ਤਿੱਖਾ ਕਰ ਦਿੱਤਾ ਜਾਵੇਗਾ ਅਤੇ ਵਾਧਾ ਵਾਪਿਸ ਲਏ ਜਾਣ ਤੱਕ ਜਾਰੀ ਰੱਖਿਆ ਜਾਵੇਗਾ। ਲੋੜ ਪੈਣ ’ਤੇ ਅਦਾਲਤ ਦਾ ਸਹਾਰਾ ਵੀ ਲਿਆ ਜਾ ਸਕਦਾ ਹੈ। ਵਫ਼ਦ ਵੱਲੋਂ ਗਮਾਡਾ ਅਧਿਕਾਰੀ ਨੂੰ ਵਾਧਾ ਵਾਪਸ ਲਏ ਜਾਣ ਸਬੰਧੀ ਇੱਕ ਮੰਗ ਪੱਤਰ ਵੀ ਦਿੱਤਾ ਗਿਆ।
ਵਫ਼ਦ ਵਿੱਚ ਅਕਾਲੀ ਕੌਂਸਲਰ ਪਰਮਿੰਦਰ ਸਿੰਘ ਸੋਹਾਣਾ, ਸਤਬੀਰ ਸਿੰਘ ਧਨੋਆ, ਪਰਵਿੰਦਰ ਸਿੰਘ ਤਸਿੰਬਲੀ, ਸ਼ਿੰਦਰਪਾਲ ਸਿੰਘ ਬੌਬੀ ਕੰਬੋਜ਼, ਸੁਰਿੰਦਰ ਸਿੰਘ ਰੋਡਾ, ਬੀਬੀ ਰਾਜਿੰਦਰ ਕੌਰ ਕੁੰਭੜਾ, ਜਸਵੀਰ ਕੌਰ ਅੱਤਲੀ, ਰਜਨੀ ਗੋਇਲ, ਰਮਨਪ੍ਰੀਤ ਕੌਰ ਕੁੰਭੜਾ, ਹਰਮੇਸ਼ ਸਿੰਘ ਕੁੰਭੜਾ ਅਤੇ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਤੇ ਕੌਂਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…