
ਲਾਇਬ੍ਰੇਰੀ ਅਤੇ ਐੱਸਐੱਲਏ ਸਟਾਫ਼ ਦੇ ਮਸਲਿਆਂ ਸਬੰਧੀ ਵਫ਼ਦ ਸਿੱਖਿਆ ਸਕੱਤਰ ਨੂੰ ਮਿਲਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਨਵੰਬਰ:
ਲਾਇਬ੍ਰੇਰੀ ਅਤੇ ਐੱਸਐੱਲਏ ਸਟਾਫ਼ ਦੇ ਮਸਲਿਆਂ ਸਬੰਧੀ ਉੱਚ ਯੋਗਤਾ ਪ੍ਰਾਪਤ ਸਰਕਾਰੀ ਸਕੂਲਜ਼ ਐੱਸਐੱਲਏ, ਲਾਇਬ੍ਰੇਰੀਅਨ, ਸਹਾਇਕ ਲਾਇਬ੍ਰੇਰੀਅਨ, ਲਾਇਬ੍ਰੇਰੀ ਰਿਸਟੋਰਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਤਿੰਦਰ ਸਿੰਘ ਭੰਗੂ ਦੀ ਅਗਵਾਈ ਵਿੱਚ ਜਥੇਬੰਦੀ ਦੇ ਵਫ਼ਦ ਵੱਲੋਂ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਨਾਲ ਮੀਟਿੰਗ ਕੀਤੀ ਗਈ ਅਤੇ ਜਥੇਬੰਦੀ ਵੱਲੋਂ ਸੌਂਪੇ ਮੰਗ ਪੱਤਰ ਦੇ ਵੱਖ-ਵੱਖ ਨੁਕਤਿਆਂ ’ਤੇ ਵਿਚਾਰ-ਚਰਚਾ ਕੀਤੀ ਗਈ।
ਜਥੇਬੰਦੀ ਦੇ ਵਫ਼ਦ ਵਿੱਚ ਜਤਿੰਦਰ ਸਿੰਘ ਭੰਗੂ ਸੂਬਾ ਪ੍ਰਧਾਨ, ਰਣਜੀਤ ਸਿੰਘ ਜਨਰਲ ਸਕੱਤਰ, ਅਕਸ਼ੈ ਕੁਮਾਰ ਜ਼ਿਲ੍ਹਾ ਪ੍ਰਧਾਨ ਪਟਿਆਲਾ, ਦਰਸ਼ਨ ਸਿੰਘ, ਰਾਜਵਿੰਦਰ ਕੌਰ ਕਨਵੀਨਰ ਕਪੂਰਥਲਾ, ਮੋਨਿਕਾ ਸ਼ਰਮਾ ਪਠਾਨਕੋਟ ਅਤੇ ਜਗਰੂਪ ਕੌਰ ਗੁਰਦਾਸਪੁਰ ਆਦਿ ਸ਼ਾਮਲ ਸਨ। ਜਥੇਬੰਦੀ ਦੇ ਸੂਬਾ ਪ੍ਰਧਾਨ ਜਤਿੰਦਰ ਸਿੰਘ ਭੰਗੂ ਅਤੇ ਦਰਸ਼ਨ ਸਿੰਘ ਨੇ ਦੱਸਿਆ ਕਿ ਲਾਇਬ੍ਰੇਰੀ ਅਤੇ ਐੱਸ.ਐੱਲ.ਏ ਵਰਗ ਨਾਲ ਸਬੰਧਤ 5 ਮੰਗਾਂ ਉੱਪਰ ਗੱਲਬਾਤ ਹੋਈ। ਮੀਟਿੰਗ ਦੌਰਾਨ ਕੁਝ ਮੰਗਾਂ ਸਿੱਖਿਆ ਸਕੱਤਰ ਜੀ ਵੱਲੋਂ ਤੁਰੰਤ ਹੱਲ ਕਰਨ ਲਈ ਦਫ਼ਤਰੀ ਹੁਕਮ ਦਿੱਤੇ ਗਏ।
ਜਥੇਬੰਦੀ ਦੇ ਆਗੂ ਅਕਸ਼ੈ ਕੁਮਾਰ ਅਤੇ ਰਣਜੀਤ ਸਿੰਘ ਨੇ ਦੱਸਿਆ ਕਿ ਲਾਇਬ੍ਰੇਰੀ ਅਤੇ ਐੱਸਐੱਲਏ ਸਟਾਫ਼ ਦੀਆਂ ਮਾਸਟਰ ਕਾਡਰ ਵਿੱਚ ਤਰੱਕੀਆਂ ਕਰਨ ਸਬੰਧੀ ਚੱਲ ਰਹੀ ਪ੍ਰਕਿਰਿਆ ਵਿੱਚ ਤੇਜੀ ਲਿਆਉਣ ਦੀ ਮੰਗ ਕੀਤੀ ਗਈ। ਉਹਨਾਂ ਦੱਸਿਆ ਕਿ ਤਰੱਕੀ ਦੀ ਪ੍ਰਕਿਰਿਆਬਹੁਤ ਹੀ ਮੱਧਮ ਚੱਲ ਰਹੀ ਹੈ। ਫਰਵਰੀ 2020 ਵਿੱਚ ਤਰੱਕੀ ਲਈ 1 ਫੀਸਦੀ ਕੋਟਾ ਬਹਾਲੀ ਤੋਂ ਪੰਜ ਮਹੀਨੇ ਬਾਅਦ 29 ਜੁਲਾਈ 2020 ਨੂੰ ਵਿਭਾਗ ਵਲੋਂ ਤਰੱਕੀ ਦੇ ਕੇਸ ਮੰਗੇ ਗਏ। 29 ਜੁਲਾਈ 2020 ਤੋਂ ਬਾਅਦ ਹੁਣ ਤਿੰਨ ਮਹੀਨੇ ਬੀਤ ਜਾਣ ਦੇ ਬਾਅਦ ਵੀ ਵਿਭਾਗ ਵਲੋਂ ਤਰੱਕੀ ਦੀ ਪ੍ਰਕਿਰਿਆ ਤੇ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਗਈ ਬਲਕਿ ਵਿਭਾਗ ਵੱਲੋਂ ਵਾਰ-ਵਾਰ ਸੂਚਨਾ ਮੰਗੀ ਜਾ ਰਹੀ ਹੈ ਜਦੋਂਕਿ ਸਾਰੀ ਸੂਚਨਾ ਈ-ਪੰਜਾਬ ਤੇ ਉੱਪਲਬਧ ਹੈ। ਤੱਰਕੀਆਂ ਦੀ ਪ੍ਰਕਿਰਿਆ ਨੂੰ ਸਮਾਂਬੱਧ ਕਰਕੇ ਜਲਦ ਤਰੱਕੀਆਂ ਕਰਨ ਦੀ ਮੰਗ ਜਥੇਬੰਦੀ ਵੱਲੋਂ ਰੱਖੀ ਗਈ ਅਤੇ ਸਿੱਖਿਆ ਸਕੱਤਰ ਜੀ ਵੱਲੋਂ ਤਰੱਕੀ ਪਿਝਕਰਿਆ ਨੂੰ ਜਲਦ ਹੀ ਨੇਪਰੇ ਚਾੜਨ ਦਾ ਭਰੋਸਾ ਦਿੱਤਾ ਗਿਆ।
ਜਥੇਬੰਦੀ ਵੱਲੋਂ ਇਹ ਵੀ ਮੰਗ ਕੀਤੀ ਗਈ ਕਿ ਵਿਭਾਗ ਨੇ ਦਰਜਾ ਚਾਰ/ਲਾਇਬ੍ਰੇਰੀ ਰਿਸਟੋਰਰ/ਐੱਸ.ਐੱਲ.ਏ ਤੋਂ ਬਤੌਰ ਲਾਇਬ੍ਰੇਰੀਅਨ ਤਰੱਕੀ ਦੇ ਕੇਸ ਮੰਗੇ ਗਏ ਹਨ ਜਿਸ ਵਿੱਚ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ (ਦੋ ਸਾਲ) ਦੀ ਸ਼ਰਤ ਰੱਖੀ ਗਈ ਹੈ ਜਦੋਂ ਕਿ ਕੋਈ ਵੀ ਸੰਸਥਾ ਜਾਂ ਯੂਨੀਵਰਸਿਟੀ ਦੋ ਸਾਲਾ ਡਿਪਲੋਮਾ ਨਹੀਂ ਕਰਵਾ ਰਹੀ ਹੈ, ਇਸ ਲਈ ਨਿਯਮਾਂ ਵਿੱਚ ਸੋਧ ਕਰਨੀ ਬਣਦੀ ਹੈ ਤਾਂ ਜੋ ਇੱਕ ਸਾਲ ਦਾ ਡੀਲਿਬ/ਬੀਲਿਬ ਡਿਪਲੋਮਾ/ਡਿਗਰੀ ਪ੍ਰਾਪਤ ਕਰਮਚਾਰੀ ਤਰੱਕੀ ਦਾ ਲਾਭ ਪ੍ਰਾਪਤ ਕਰ ਸਕਣ ਅਤੇ ਇਸ ਮੰਗ ਤੇ ਵੀ ਸਿੱਖਿਆ ਸਕੱਤਰ ਵੱਲੋਂ ਨਿਯਮਾਂ ਵਿੱਚ ਸੋਧ ਕਰਨ ਦਾ ਭਰੋਸਾ ਦਿੱਤਾ ਗਿਆ। ਜਥੇਬੰਦੀ ਵੱਲੋਂ 7654 ਭਰਤੀ ਤਹਿਤ ਨਿਯੁਕਤ ਕੀਤੇ ਕਰਮਚਾਰੀਆਂ ਦਾ ਓਡੀਐੱਲ ਰੇੜਕਾ ਖਤਮ ਕਰਕੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਅਤੇ ਉਨ੍ਹਾਂ ਦੀ ਤਰੱਕੀ ਕਰਨ ਦੀ ਮੰਗ ਵੀ ਕੀਤੀ ਗਈ। ਸਿੱਖਿਆ ਸਕੱਤਰ ਜੀ ਨਾਲ ਮੀਟਿੰਗ ਤੋਂ ਬਾਅਦ ਪੂਰੇ ਪੰਜਾਬ ਤੋਂ ਪਹੁੰਚੇ ਸਾਰੇ ਜਿਲ੍ਹਾ ਕਨਵੀਨਰਾਂ ਦਾ ਸੂਬਾ ਪ੍ਰਧਾਨ ਜਤਿੰਦਰ ਸਿੰਘ ਵਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।
ਇਸ ਮੌਕੇ ਮੀਤ ਪ੍ਰਧਾਨ ਬਲਜੀਤ ਸਿੰਘ ਮੋਗਾ, ਨਵਦੀਪ ਸਿੰਘ ਫਰੀਦਕੋਟ ਸੂਬਾ ਵਿੱਤ ਸਕੱਤਰ, ਕੁਲਵੰਤ ਸਿੰਘ ਰੂਪਨਗਰ, ਗੁਰਚਰਨ ਸਿੰਘ ਫਿਰੋਜ਼ਪੁਰ, ਗੁਰਪ੍ਰਤਾਪ ਸਿੰਘ ਬਰਨਾਲਾ, ਤਰਸੇਮ ਸਿੰਘ ਫਤਹਿਗੜ੍ਹ ਸਾਹਿਬ, ਅਮਰਜੀਤ ਸਿੰਘ ਮੁਹਾਲੀ, ਬ੍ਰਿਜੇਸ਼ ਕੁਮਾਰ ਲੁਧਿਆਣਾ, ਅਰੁਣ ਕੁਮਾਰ ਨਵਾਂ ਸ਼ਹਿਰ ਸੂਬਾ ਪ੍ਰੈਸ ਸਕੱਤਰ, ਹਰਦੀਪ ਸਿੰਘ ਮੁਕਤਸਰ ਸਾਹਿਬ, ਸੁਖਜਿੰਦਰ ਸਿੰਘ ਹੁਸ਼ਿਆਰਪੁਰ, ਨਵਦੀਪ ਕੁਮਾਰ ਜਲੰਧਰ, ਦਿਲਰਾਜਬੀਰ ਸਿੰਘ ਜੌਹਲ ਤਰਨਤਾਰਨ ਆਦਿ ਸਾਥੀ ਵੀ ਮੌਜੂਦ ਰਹੇ।