
ਪੁਲੀਸ ਵਧੀਕੀਆਂ ਖ਼ਿਲਾਫ਼ ਚੰਦੂਮਾਜਰਾ ਦੀ ਅਗਵਾਈ ਹੇਠ ਅਕਾਲੀ ਦਲ ਦਾ ਵਫ਼ਦ ਐਸਪੀ ਨੂੰ ਮਿਲਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੁਲਾਈ:
ਜ਼ਿਲ੍ਹਾ ਮੁਹਾਲੀ ਦੀ ਪੁਲੀਸ ਵੱਲੋਂ ਕਥਿਤ ਤੌਰ ’ਤੇ ਹੁਕਮਰਾਨਾਂ ਦੀ ਸ਼ਹਿ ’ਤੇ ਅਕਾਲੀ ਵਰਕਰਾਂ ਦੇ ਖ਼ਿਲਾਫ਼ ਦਰਜ ਕੀਤੇ ਜਾ ਰਹੇ ਝੂਠੇ ਮਾਮਲਿਆਂ ਨੂੰ ਲੈ ਕੇ ਸੋਮਵਾਰ ਨੂੰ ਅਕਾਲੀ ਦਲ ਦਾ ਇੱਕ ਵਫ਼ਦ ਪੇ੍ਰਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਮੁਹਾਲੀ ਦੇ ਐਸਐਸਪੀ ਦੀ ਗੈਰਮੌਜੂਦਗੀ ਵਿੱਚ ਐਸਪੀ ‘ਡੀ’ ਹਰਮਨਦੀਪ ਸਿੰਘ ਹਾਂਸ ਨੂੰ ਮਿਲਿਆ ਅਤੇ ਉਹਨਾਂ ਨੂੰ ਵੱਖ ਵੱਖ ਪੁਲੀਸ ਕੇਸਾਂ ਸਬੰਧੀ ਦੇ ਦਸਤਾਵੇਜ ਅਤੇ ਸਬੂਤ ਵਜੋਂ ਵੀਡੀਓ ਦਿਖਾਉਂਦਿਆਂ ਦੱਸਿਆ ਕਿ ਪੁਲੀਸ ਵੱਲੋਂ ਅਕਾਲੀ ਵਰਕਰਾਂ ਦੇ ਖ਼ਿਲਾਫ਼ ਝੂਠੇ ਕੇਸ ਦਰਜ ਕੀਤੇ ਗਏ ਹਨ ਅਤੇ ਇਹਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਇਸ ਮੌਕੇ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਅਤੇ ਸਨੋਰ ਤੋਂ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਵੀ ਹਾਜ਼ਰ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੈਪਟਨ ਸਰਕਾਰ ਪੁਲੀਸ ਦਾ ਕਾਂਗਰਸੀਕਰਨ ਕਰਕੇ ਉਸਦੀ ਦੁਰਵਰਤੋਂ ਕਰ ਰਹੀ ਹੈ ਅਤੇ ਸਥਾਨਕ ਵਿਧਾਇਕ ਅਤੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਕਹਿਣ ਤੇ ਅਕਾਲੀ ਆਗੂਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਅਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਅਕਾਲੀ ਆਗੂਆਂ ਵਲੋੱ ਲੋਕਾਂ ਲਈ ਕੀਤੇ ਜਾਣ ਵਾਲੇ ਲੋਕ ਭਲਾਈ ਦੇ ਕੰਮ ਕਾਂਗਰਸੀਆਂ ਨੂੰ ਹਜਮ ਨਹੀਂ ਹੋ ਰਹੇ।
ਉਹਨਾਂ ਦੱਸਿਆ ਕਿ ਇਸ ਸਬੰਧੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੇ ਘਰ ਆਏ ਸਨ ਅਤੇ ਇਸ ਦੌਰਾਨ ਪੁਲੀਸ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਏ ਦੁਰਾਲੀ ਅਤੇ ਗੀਗੇਮਾਜਰਾ ਪਿੰਡਾਂ ਦੇ ਲੋਕਾਂ ਨੂੰ ਵੀ ਮਿਲੇ ਸਨ ਅਤੇ ਵਸਨੀਕਾਂ ਨੇ ਉਨ੍ਹਾਂ ਨਾਲ ਹੁੰਦੀ ਧੱਕੇਸ਼ਾਹੀ ਬਾਰੇ ਦੱਸਿਆ ਸੀ। ਉਹਨਾਂ ਕਿਹਾ ਅੱਜ ਸੁਖਬੀਰ ਸਿੰਘ ਬਾਦਲ ਨੇ ਖੁਦ ਇੱਥੇ ਆਉਣਾ ਸੀ ਪਰ ਬਾਅਦ ਵਿੱਚ ਉਹਨਾਂ ਦਾ ਪ੍ਰੋਗਰਾਮ ਬਦਲ ਗਿਆ।
ਇਸ ਦੌਰਾਨ ਅਕਾਲੀ ਆਗੂਆਂ ਕਿਹਾ ਕਿ ਪੁਲੀਸ ਨਿਰਪੱਖ ਹੋ ਕੇ ਕੰਮ ਕਰੇ ਅਤੇ ਕਾਂਗਰਸ ਦਾ ਮੋਹਰਾ ਨਾ ਬਣੇ। ਉਹਨਾਂ ਐਸਪੀ ਨੂੰ ਦੱਸਿਆ ਕਿ ਪਿੰਡ ਗੀਗੇਮਾਜਰਾ ਦੇ ਇੱਕ ਵਿਅਕਤੀ ਨਾਲ ਕੁਝ ਲੋਕਾਂ ਨੇ ਕੁੱਟਮਾਰ ਕੀਤੀ ਅਤੇ ਜਦੋਂ ਪਿੰਡ ਦੇ ਲੋਕ ਇਕੱਠੇ ਹੋ ਕੇ ਉੱਥੇ ਆਏ ਤਾਂ ਉਹ ਵਿਅਕਤੀ ਉੱਥੋਂ ਭੱਜ ਗਏ। ਬਾਅਦ ਵਿੱਚ ਪੁਲੀਸ ਵੱਲੋਂ ਹਮਲਾਵਰਾਂ ’ਤੇ ਕਾਰਵਾਈ ਕਰਨ ਦੀ ਥਾਂ ਉਲਟਾ ਪੀੜਤ ਖ਼ਿਲਾਫ਼ ਹੀ ਧਾਰਾ 307 ਦਾ ਪਰਚਾ ਦਰਜ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਅਕਾਲੀ ਆਗੂਆਂ ਤੇ ਜੋ ਝੂਠੇ ਪਰਚੇ ਦਰਜ ਹੋ ਰਹੇ ਹਨ ਉਨਾਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਲੋੜ ਪੈਣ ਤੇ ਇਸ ਖ਼ਿਲਾਫ਼ ਧਰਨਾ ਵੀ ਦਿੱਤਾ ਜਾਵੇਗਾ।
ਉਧਰ, ਦੂਜੇ ਪਾਸੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅਕਾਲੀ ਵਰਕਰਾਂ ’ਤੇ ਝੂਠੇ ਕੇਸ ਦਰਜ ਕਰਵਾਉਣ ਦੇ ਲਗਾਏ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਕਦੇ ਵੀ ਪੁਲੀਸ ਦੇ ਕੰਮ ਵਿੱਚ ਦਖ਼ਲ ਨਹੀਂ ਦਿੱਤਾ ਹੈ ਜਦੋਂਕਿ ਉਨ੍ਹਾਂ ਦਾ ਪਰਿਵਾਰ ਤਾਂ ਖ਼ੁਦ ਅਕਾਲੀ ਸਰਕਾਰ ਦੀਆਂ ਵਧੀਕੀਆਂ ਦਾ ਸ਼ਿਕਾਰ ਹੈ ਅਤੇ ਹੁਣ ਤੱਕ ਝੂਠੇ ਪੁਲੀਸ ਕੇਸ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਦਰਅਸਲ ਚੰਦੂਮਾਜਰਾ ਨੂੰ ਆਪਣੀ ਹਾਰ ਹਜਮ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਇਸ ਗੱਲ ਦੇ ਗਵਾਹ ਨੇ ਉਨ੍ਹਾਂ ਕਿਸੇ ਨਾਲ ਕੋਈ ਵਧੀਕੀ ਨਹੀਂ ਕੀਤੀ ਸਗੋਂ ਹਰੇਕ ਦੇ ਦੁੱਖ-ਸੁੱਖ ਵਿੱਚ ਖੜੇ ਰਹੇ ਹਨ।
ਇਸੇ ਦੌਰਾਨ ਸੀਨੀਅਰ ਕਾਂਗਰਸੀ ਆਗੂ ਅਤੇ ਸਮਾਜ ਸੇਵੀ ਆਗੂ ਗੁਰਧਿਆਨ ਸਿੰਘ ਦੁਰਾਲੀ ਨੇ ਆਪਬੀਤੀ ਦੱਸਦਿਆਂ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਸਹਿਯੋਗ ਨਾਲ ਉਨ੍ਹਾਂ ਦੇ ਪਿੰਡ ਦੁਰਾਲੀ ਵਿੱਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਚੱਲ ਰਹੇ ਹਨ। ਪਿਛਲੇ ਦਿਨੀਂ ਉਹ ਵਿਕਾਸ ਕੰਮਾਂ ਦੀ ਨਜ਼ਰਸਾਨੀ ਅਤੇ ਆਪਣੇ ਘਰ ਚੱਕਰ ਲਗਾਉਣ ਗਿਆ ਸੀ। ਕਿ ਇਸ ਦੌਰਾਨ ਉਨ੍ਹਾਂ ਖ਼ਿਲਾਫ਼ ਝੂਠੀਆਂ ਸ਼ਿਕਾਇਤਾਂ ਕਰਨ ਵਾਲੇ ਵਿਅਕਤੀਆਂ ਨੇ ਘਰ ਵਿੱਚ ਦਾਖ਼ਲ ਹੋ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਜਿਸ ਕਾਰਨ ਉਸ ਨੂੰ ਕਾਫੀ ਸੱਟਾਂ ਲੱਗੀਆਂ ਹਨ ਅਤੇ ਉਹ ਦਿਮਾਗੀ ਤੌਰ ’ਤੇ ਕਾਫ਼ੀ ਤੰਗ ਪ੍ਰੇਸ਼ਾਨ ਹੈ।