ਪੰਚਾਇਤ ਯੂਨੀਅਨ ਪੰਜਾਬ ਦਾ ਵਫ਼ਦ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੂੰ ਮਿਲਿਆ

ਜੇ ਸਰਕਾਰ ਨੇ ਅਦਾਲਤ ਦੇ ਸਟੇਅ ਆਰਡਰ ਮੰਨਣ ਤੋਂ ਆਨਾਕਾਨੀ ਕੀਤੀ ਤਾਂ ਮੁੜ ਹਾਈਕੋਰਟ ਦਾ ਬੂਹਾ ਖੜਕਾਏਗੀ ਯੂਨੀਅਨ: ਮਾਵੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੂਨ:
ਪੰਚਾਇਤ ਯੂਨੀਅਨ ਪੰਜਾਬ ਦਾ ਵਫਦ ਯੂਨੀਅਨ ਦੇ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਦੀ ਅਗਵਾਈ ਹੇਠ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਹਾਈ ਕੋਰਟ ਵੱਲੋਂ ਜਾਰੀ ਕੀਤੇ ਸਟੇਅ ਆਰਡਰਾਂ ਦੀ ਕਾਪੀ ਸੌਂਪੀ। ਸ੍ਰੀ ਮਾਵੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਨੂੰ ਪੰਚਾਇਤੀ ਜ਼ਮੀਨ ਤੋਂ ਹੋਣ ਵਾਲੀ ਆਮਦਨ ਪੇੱਡੂ ਵਿਕਾਸ ਦੇ ਖਰਚਣ ਤੋਂ ਰੋਕ ਲਾਉਣ ਲਈ ਸਾਰੇ ਬੀਡੀਪੀਓ ਬਲਾਕਾਂ ਨੂੰ ਚਿੱਠੀਆਂ ਭੇਜੀਆਂ ਗਈਆਂ ਸਨ। ਜਿਸ ਨਾਲ ਪਿੰਡਾਂ ਦਾ ਵਿਕਾਸ ਰੁਕ ਗਿਆ ਸੀ। ਉਨ੍ਹਾਂ ਦੱਸਿਆ ਕਿ ਪੰਚਾਇਤ ਯੂਨੀਅਨ ਨੇ ਪੰਜਾਬ ਸਰਕਾਰ ਦੀ ਇਸ ਚਿੱਠੀ ਖ਼ਿਲਾਫ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਰਿਟ ਦਾਇਰ ਕੀਤੀ ਸੀ। ਜਿਸ ’ਤੇ ਅਦਾਲਤ ਨੇ ਸਰਕਾਰ ਦੀ ਚਿੱਠੀ ਸਟੇਅ ਕਰ ਦਿੱਤੀ ਹੈ। ਵਫਦ ਵੱਲੋਂ ਕੋਰਟ ਦੇ ਆਰਡਰ ਦੀ ਕਾਪੀ ਡਾਇਰੈਕਟਰ ਨੂੰ ਦਿੱਤੀ ਗਈ।
ਸ੍ਰੀ ਮਾਵੀ ਨੇ ਕਿਹਾ ਕੇ ਜੇਕਰ ਪੰਜਾਬ ਸਰਕਾਰ ਨੇ ਅਦਾਲਤ ਦੇ ਆਰਡਰ ਮੰਨਣ ਤੋਂ ਆਨਾਕਾਨੀ ਕੀਤੀ ਤਾਂ ਯੂਨੀਅਨ ਦੁਬਾਰਾ ਹਾਈ ਕੋਰਟ ਵਿੱਚ ਅਦਾਲਤੀ ਹੁਕਮਾਂ ਦੀ ਉਲੰਘਣਾ ਦਾ ਕੇਸ ਪਾਉਣ ਲਈ ਮਜ਼ਬੂਰ ਹੋਵੇਗੀ। ਉਨ੍ਹਾਂ ਦੱਸਿਆ ਕਿ ਜੇਕਰ ਪੰਚਾਇਤਾਂ ਨੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਕੋਈ ਅਦਾਇਗੀ ਕਰਨੀ ਹੋਵੇ ਤਾਂ 25000 ਰੁਪਏ ਦੇ ਚੈਕ ਤੋਂ ਵੱਧ ਦੀ ਪੇਮੈਂਟ ਦੇ ਚੈਕ ਤੇ ਬੀਡੀਪੀਓ ਦੇ ਦਸਤਖਤ ਹੁੰਦੇ ਹਨ। ਜੇਕਰ ਕਿਸੇ ਬਲਾਕ ਦਾ ਬੀਡੀਪੀਓ ਚੈਕ ਤੇ ਦਸਤਖਤ ਨਹੀਂ ਕਰੇਗਾ ਤਾਂ ਉਕਤ ਬੀਡੀਪੀਓ ਦੇ ਖ਼ਿਲਾਫ਼ ਵੀ ਅਦਾਲਤ ਵਿੱਚ ਨਾਮਜਦ ਸ਼ਿਕਾਇਤ ਕੀਤੀ ਜਾਵੇਗੀ।
ਸ੍ਰੀ ਮਾਵੀ ਨੇ ਕਿਹਾ ਪੰਜਾਬ ਦੀ ਕਾਂਗਰਸ ਸਰਕਾਰ ਤਾਂ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਗਈ ਹੈ ਪ੍ਰੰਤੂ ਜਦੋਂ ਪੰਚਾਇਤਾਂ ਨੇ ਕਿਸੇ ਬੋਲੀਕਾਰ ਨੂੰ ਜ਼ਮੀਨ ਠੇਕੇ ਦੇ ਦੇਣੀ ਹੁੰਦੀ ਹੈ। ਤਾਂ ਪੰਚਾਇਤਾਂ ਵੱਲੋਂ ਬੋਲੀਕਾਰ ਨਾਲ ਕਈ ਕਿਸਮ ਦੇ ਵਾਅਦੇ ਕੀਤੇ ਹੁੰਦੇ ਹਨ। ਜਿਵੇਂ ਜ਼ਮੀਨ ਪੱਧਰੀ ਕਰਵਾ ਕੇ ਦੇਣਾ, ਬੋਰ ਦੀ ਰਿਪੇਅਰ ਕਰਨਾ, ਬਿਜਲੀ ਦੀਆਂ ਤਾਰਾਂ ਅਤੇ ਬਿਜਲੀ ਕਨੈਕਸ਼ਨ ਲਾ ਕੇ ਦੇਣਾ ਆਦਿ। ਭਾਵੇਂ ਜ਼ਮੀਨਾਂ ਦੀ ਬੋਲੀਆਂ ਕਰਵਾ ਕੇ ਜੋ ਫੰਡ ਆਇਆ ਸੀ ਪੰਚਾਇਤਾਂ ਦੇ ਖ਼ਾਤਿਆਂ ਵਿੱਚ ਜਮਾ ਹੋ ਗਿਆ ਹੈ। ਪਰ ਫੰਡ ਨਾ ਨਿਕਲਣ ਕਰਕੇ ਸਾਰੇ ਕੰਮ ਰੁਕ ਗਏ ਹਨ। ਉਹਨਾਂ ਕਿਹਾ ਕਿ ਕਈ ਥਾਵਾਂ ਤੇ ਤਾਂ ਬੋਲੀਕਾਰ ਸ਼ਰਤਾਂ ਪੂਰੀਆਂ ਨਾ ਹੋਣ ਕਰਕੇ ਪੰਚਾਇਤਾਂ ਤੋਂ ਬੋਲੀ ਦੇ ਪੈਸੇ ਵਾਪਸ ਮੰਗ ਰਹੇ ਹਨ। ਇਸ ਕਰਕੇ ਪੰਚਾਇਤਾਂ ਦੇ ਹਾਲਾਤ ਬਦਤਰ ਹੋਏ ਪਏ ਹਨ।
ਇਸ ਮੌਕੇ ਗੁਰਚਰਨ ਸਿੰਘ ਰਡਿਆਲਾ ਜਨਰਲ ਸਕੱਤਰ ਪੰਜਾਬ, ਬਲਵਿੰਦਰ ਸਿੰਘ ਕੁੰਭੜਾ ਜ਼ਿਲ੍ਹਾ ਪ੍ਰਧਾਨ, ਸਾਹਿਬ ਸਿੰਘ ਬਲਾਕ ਪ੍ਰਧਾਨ ਬਾਘਾ ਪੁਰਾਣਾ, ਸੋਹਣ ਸਿੰਘ ਸਰਪੰਚ ਸੰਗਤਸਰ, ਗੁਰਦੀਪ ਸਿੰਘ ਸਰਪੰਚ ਸਮਾਲਸਰ, ਪਰਮਿੰਦਰ ਸਿੰਘ ਸਰਪੰਚ ਸੁੱਖ ਅਨੰਦ, ਗੁਰਤੇਜ ਸਿੰਘ ਸਰਪੰਚ ਮਾੜੀ ਮੁਸਤਫਾ, ਕੁਲਵੰਤ ਸਿੰਘ ਸਰਪੰਚ ਵਾਦਰ ਬਲਾਕ ਬਾਘਾ ਪੁਰਾਣਾ ਹਾਜ਼ਰ ਹਨ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…