
ਪਾਵਰਕੌਮ ਠੇਕਾ ਕਾਮਿਆਂ ਦਾ ਵਫ਼ਦ ਕਿਰਤ ਮੰਤਰੀ ਸਿੱਧੂ ਨੂੰ ਮਿਲਿਆ
ਕਿਰਤ ਮੰਤਰੀ ਨੂੰ ਨਵੇਂ ਸਿਰਿਓਂ ਯਾਦ ਪੱਤਰ ਪਹਲੀਆਂ ਮੀਟਿੰਗਾਂ ਵਿੱਚ ਕੀਤੇ ਸਮਝੌਤੇ ਤੇ ਵਾਅਦੇ ਚੇਤ ਕਰਵਾਏ
ਪਾਵਰਕੌਮ ਦੇ ਚੇਅਰਮੈਨ ਨੇ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਵਿਚਾਰਨ ਲਈ 10 ਜੂਨ ਨੂੰ ਮੁੜ ਮੀਟਿੰਗ ਸੱਦੀ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੂਨ:
ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਲਮਕ ਰਹੀਆਂ ਜਾਇਜ਼ ਮੰਗਾਂ ਨੂੰ ਲੈ ਕੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨਾਲ ਹੁਣ ਕੀਤੀਆਂ ਮੀਟਿੰਗਾਂ ਵਿੱਚ ਹੋਏ ਸਮਝੌਤੇ ਨਾ ਲਾਗੂ ਹੋਣ ’ਤੇ ਠੇਕਾ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਥੇਬੰਦੀ ਦੇ ਮੋਹਰੀ ਆਗੂਆਂ ਨੇ ਕਿਰਤ ਮੰਤਰੀ ਨਾਲ ਦੁਬਾਰਾ ਮੁਲਾਕਾਤ ਕਰਕੇ ਉਨ੍ਹਾਂ ਵੱਲੋਂ ਕੀਤੇ ਵਾਅਦੇ ਚੇਤੇ ਕਰਵਾਏ।
ਸੂਬਾ ਪ੍ਰਧਾਨ ਬਲਿਹਾਰ ਸਿੰਘ, ਸੂਬਾ ਮੀਤ ਪ੍ਰਧਾਨ ਰਾਜੇਸ਼ ਕੁਮਾਰ, ਸਰਕਲ ਪ੍ਰਧਾਨ ਚੌਧਰ ਸਿੰਘ, ਡਵੀਜ਼ਨ ਪ੍ਰਧਾਨ ਨੰਦ ਲਾਲ, ਸ਼ਿਵ ਸੰਕਰ ਨੇ ਦੱਸਿਆ ਕਿ ਪਾਵਰਕੌਮ ਸੀ.ਐਚ.ਬੀ ਠੇਕਾ ਕਾਮਿਆਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਸਬੰਧੀ ਕਿਰਤ ਮੰਤਰੀ ਤੋਂ ਸਮਾਂ ਲੈ ਕੇ ਵਫ਼ਦ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਪਿਛਲੇ ਸਾਲ 22 ਤੇ 24 ਅਕਤੂਬਰ ਅਤੇ 10 ਫਰਵਰੀ ਅਤੇ ਇਸ ਸਾਲ ਬੀਤੀ 17 ਮਾਰਚ ਨੂੰ ਹੋਈਆਂ ਮੀਟਿੰਗ ਵਿੱਚ ਪਾਵਰਕੌਮ ਮੈਨੇਜਮੈਂਟ ਵੱਲੋਂ ਠੇਕਾ ਕਾਮਿਆਂ ਦੀਆਂ ਜਾਇਜ਼ ਮੰਗਾਂ ਹੱਲ ਕਰਨ ਦੇ ਸਮਝੌਤਿਆਂ ਨੂੰ ਲਾਗੂ ਨਾ ਕਰਨ ਵਿਰੁੱਧ ਰੋਸ ਪ੍ਰਗਟਾਇਆ। ਉਨ੍ਹਾਂ ਮੰਗ ਕੀਤੀ ਕਿ ਪਾਵਰਕੌਮ ਮੈਨੇਜਮੈਂਟ ਵੱਲੋਂ ਸੀ.ਐਚ.ਬੀ ਠੇਕਾ ਕਾਮਿਆਂ ਦੀਆਂ ਕੀਤੀਆਂ ਜਾ ਰਹੀਆਂ ਛਾਂਟੀਆਂ ਰੱਦ ਕਰਨ, ਫਾਰਗ ਕੀਤੇ ਕਾਮਿਆਂ ਨੂੰ ਬਹਾਲ ਕਰਨ, ਬਰਨਾਲਾ ਸਰਕਲ ਦਾ ਵਰਕਆਰਡਰ ਜਾਰੀ ਕਰਨ, ਦਿਨ ਪ੍ਰਤੀ ਦਿਨ ਹੋ ਰਹੇ ਬਿਜਲੀ ਦੌਰਾਨ ਹਾਦਸਿਆਂ ਮੁਆਵਜ਼ਾ ਦੇਣ ਤੇ ਵਧੀਆ ਸੇਫ਼ਟੀ ਕਿੱਟਾ ਮੁਹੱਈਆਂ ਕਰਵਾਉਣ, ਠੇਕਾ ਮੁਲਾਜ਼ਮਾਂ ਨੂੰ 50 ਲੱਖ ਬੀਮਾ ਦੇ ਘੇਰੇ ਵਿੱਚ ਲਿਆਂਦਾ ਜਾਵੇ।
ਇਸ ਮੌਕੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਠੇਕਾ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਨੂੰ ਗੌਰ ਨਾਲ ਸੁਣਿਆ ਅਤੇ ਨਵ-ਨਿਯੁਕਤ ਚੇਅਰਮੈਨ ਵੇਨੂੰ ਪ੍ਰਸ਼ਾਦ ਨਾਲ ਫੋਨ ’ਤੇ ਗੱਲਬਾਤ ਕਰਕੇ ਪਾਵਰਕੌਮ ਠੇਕਾ ਕਾਮਿਆਂ ਦੀਆਂ ਜਾਇਜ਼ ਮੰਗਾਂ ਨੂੰ ਫੌਰੀ ਹੱਲ ਕਰਨ ਲਈ ਕਿਹਾ। ਇਸ ਉਪਰੰਤ ਪਾਵਰਕੌਮ ਦੇ ਚੇਅਰਮੈਨ ਨੇ ਮੁਲਾਜ਼ਮ ਜਥੇਬੰਦੀ ਦੇ ਆਗੂਆਂ ਨੂੰ 10 ਜੂਨ ਨੂੰ ਮੀਟਿੰਗ ਦਾ ਸਮਾਂ ਨਿਸ਼ਚਿਤ ਕਰਕੇ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ। ਮੰਤਰੀ ਨੇ ਹੁਣ ਤੱਕ ਹੋਈਆਂ ਮੀਟਿੰਗਾਂ ਦੀ ਪ੍ਰੋਸੀਡਿੰਗ ਦੇਣ ਲਈ ਕਿਰਤ ਕਮਿਸ਼ਨਰ ਦੇ ਦਫ਼ਤਰੀ ਨਿੱਜੀ ਸਹਾਇਕ ਦੀ ਜ਼ਿੰਮੇਵਾਰੀ ਤੈਅ ਕੀਤੀ ਤਾਂ ਜੋ ਬੁੱਧਵਾਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਪਹਿਲਾਂ ਹੋਈਆਂ ਮੀਟਿੰਗ ਵਿਚਾਰੇ ਗਏ ਮੁੱਦਿਆਂ ’ਤੇ ਚਰਚਾ ਕੀਤੀ ਜਾ ਸਕੇ।