
ਪੰਜਾਬ ਗੌਰਮਿੰਟ ਪੈਨਸ਼ਨਰਜ਼ ਸੰਯੁਕਤ ਫਰੰਟ ਦਾ ਵਫ਼ਦ ਵਿੱਤ ਮੰਤਰੀ ਨੂੰ ਮਿਲਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੂਨ:
ਪੰਜਾਬ ਗੌਰਮਿੰਟ ਪੈਨਸ਼ਨਰਜ਼ ਸੰਯੁਕਤ ਫਰੰਟ ਦੇ ਕੋਆਰਡੀਨੇਟਰ ਕਰਮ ਸਿੰਘ ਧਨੋਆ ਅਤੇ ਠਾਕੁਰ ਸਿੰਘ, ਬਖ਼ਸ਼ੀਸ਼ ਸਿੰਘ, ਪ੍ਰੇਮ ਸਾਗਰ ਸ਼ਰਮਾ, ਨੰਦ ਕਿਸ਼ੋਰ ਕਲਸੀ, ਸਤਨਾਮ ਸਿੰਘ, ਧਨਵੰਤ ਸਿੰਘ ਭੱਠਲ ਆਦਿ ਕਨਵੀਨਰਾਂ ਦੇ ਸਾਂਝੇ ਵਫ਼ਦ ਨੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੌਂਪਿਆ। ਅੱਜ ਇੱਥੇ ਆਗੂਆਂ ਨੇ ਦੱਸਿਆ ਕਿ ਚੀਮਾ ਨਾਲ ਬਹੁਤ ਹੀ ਵਧੀਆ ਮਾਹੌਲ ਵਿੱਚ ਮੀਟਿੰਗ ਹੋਈ।
ਪੈਨਸ਼ਨਰਾਂ ਨੇ ਆਪਣੀਆਂ ਮੰਗਾਂ ਬਾਰੇ ਦੱਸਦਿਆਂ ਕਿਹਾ ਕਿ ਪੈਨਸ਼ਨਾਂ ਦੀ ਸੋਧ 6ਵੇਂ ਤਨਖ਼ਾਹ ਕਮਿਸ਼ਨ ਦੀ ਸਿਫ਼ਾਰਸ਼ ਅਤੇ ਵਿੱਤ ਵਿਭਾਗ ਦੀ ਪ੍ਰਵਾਨਗੀ ਅਤੇ ਪੰਜਾਬ ਕੈਬਨਿਟ ਵੱਲੋਂ ਦਿੱਤੀ ਸਹਿਮਤੀ ਅਨੁਸਾਰ 2.59 ਗੁਣਾਂਕ ਨਾਲ ਸੋਧੀ ਜਾਵੇ, ਜਿਨ੍ਹਾਂ ਪੈਨਸ਼ਨਰਾਂ ਦੀ 1 ਜਨਵਰੀ 2016 ਤੋਂ ਬਾਅਦ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਪਰਿਵਾਰਾਂ ਨੂੰ ਫੈਮਿਲੀ ਪੈਨਸ਼ਨ ਜਲਦੀ ਜਾਰੀ ਕੀਤੀ ਜਾਵੇ, ਫਿਕਸਡ ਮੈਡੀਕਲ ਭੱਤਾ 2000 ਰੁਪਏ ਦਿੱਤਾ ਜਾਵੇ, 1-1-2016 ਤੋਂ 30-6-2021 ਤੱਕ ਦੇ ਪੈਨਸ਼ਨ ਸੋਧ ਵਜੋਂ ਬਣਦਾ ਯਕਮੁਸ਼ਤ ਦਿੱਤਾ ਜਾਵੇ, ਕੈਸ਼ਲੈਸ ਹੈਲਥ ਸਕੀਮ ਨਵੀਆਂ ਸੋਧਾ ਸਹਿਤ ਮੁੜ ਸ਼ੁਰੂ ਕੀਤੀ ਜਾਵੇ, 1-7-2015 ਤੋਂ ਪੈਂਡਿੰਗ ਮਹਿੰਗਾਈ ਭੱਤਾ ਜਾਰੀ ਕੀਤਾ ਜਾਵੇ ਅਤੇ ਐਡੀਸ਼ਨਲ ਪੈਨਸ਼ਨ (ਓਲਡ ਏਜ ਅਨਾੳਂੂਸ) ਨੂੰ ਟਰੈਵਲ ਕਨਸੈਸ਼ਨ ਵਿੱਚ ਸ਼ਾਮਲ ਕੀਤਾ ਜਾਵੇ।
ਵਫ਼ਦ ਅਨੁਸਾਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਉਪਰੋਕਤ ਮੰਗਾਂ ਪ੍ਰਤੀ ਸਹਿਮਤੀ ਪ੍ਰਗਟ ਕਰਦੇ ਹੋਏ ਇਨ੍ਹਾਂ ਨੂੰ ਜਲਦੀ ਲਾਗੂ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਮੌਕੇ ’ਤੇ ਹੀ ਜਾਇਜ਼ ਮੰਗਾਂ ਨਾਲ ਸਬੰਧਤ ਰਿਕਾਰਡ ਵਿੱਤ ਵਿਭਾਗ ਨੂੰ ਪੇਸ਼ ਕਰਨ ਲਈ ਕਿਹਾ ਗਿਆ। ਪੈਨਸ਼ਨਰ ਆਗੂਆਂ ਸੁਰਿੰਦਰ ਰਾਮ ਕੁਸਾ, ਭਜਨ ਸਿੰਘ ਗਿੱਲ, ਪ੍ਰੀਤਮ ਸਿੰਘ ਨਾਗਰਾ, ਜਗਦੀਸ਼ ਸਿੰਘ ਸਰਾਓ, ਪ੍ਰੇਮ ਨਾਥ, ਜੁਗਲ ਕਿਸ਼ੋਰ ਸਾਹਨੀ, ਮਨੋਹਰ ਲਾਲ, ਕੁਲਵੰਤ ਰਾਏ ਨੇ ਦੱਸਿਆ ਕਿ 17 ਜੂਨ ਨੂੰ ਸੰਗਰੂਰ ਵਿਖੇ ਮੀਟਿੰਗ ਬੁਲਾਈ ਗਈ ਹੈ। ਜਿਸ ਵਿੱਚ ਅਗਲੇ ਪ੍ਰੋਗਰਾਮ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ।