Nabaz-e-punjab.com

ਮਾਰਕੀਟ ਦੀਆਂ ਸਮੱਸਿਆਵਾਂ ਬਾਰੇ ਦੁਕਾਨਦਾਰਾਂ ਦਾ ਵਫ਼ਦ ਮੁਹਾਲੀ ਨਿਗਮ ਦੇ ਕਮਿਸ਼ਨਰ ਨੂੰ ਮਿਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਸਤੰਬਰ:
ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਫੇਜ਼-3ਬੀ2 ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇਪੀ ਦੀ ਅਗਵਾਈ ਹੇਠ ਵਫ਼ਦ ਅੱਜ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਭੁਪਿੰਦਰਪਾਲ ਸਿੰਘ ਨੂੰ ਮਿਲਿਆ ਅਤੇ ਮਾਰਕੀਟ ਵਿੱਚ ਦੁਕਾਨਦਾਰਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ ਬਾਰੇ ਮੰਗ ਪੱਤਰ ਸੌਂਪਿਆ। ਵਫ਼ਦ ਨੇ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਮਾਰਕੀਟ ਦੇ ਪਿੱਛੇ ਲੋਹੇ ਦੇ ਜੰਗਲੇ ਲਗਾ ਕੇ ਬਾਉਂਡਰੀ ਤਿਆਰ ਕੀਤੀ ਗਈ ਹੈ। ਜਿਸ ਦਾ ਆਮ ਲੋਕਾਂ ਨੂੰ ਕੋਈ ਖਾਸ ਫਾਇਦਾ ਨਹੀਂ ਹੋ ਰਿਹਾ ਹੈ। ਸਗੋਂ ਇਸ ਏਰੀਆ ਵਿੱਚ ਲਾਵਾਰਿਸ ਪਸ਼ੂ ਬੈਠੇ ਰਹਿੰਦੇ ਹਨ। ਜਿਸ ਕਾਰਨ ਦੁਕਾਨਦਾਰਾਂ ਅਤੇ ਗਾਹਕਾਂ ਨੂੰ ਆਉਣ ਜਾਣ ਸਮੇਂ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਭਾਈ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਲੋਹੇ ਦੇ ਜੰਗਲੇ ਮਾਰਕੀਟ ਦੇ ਪਿੱਛੋਂ ਹਟਾ ਕੇ ਇਸ ਥਾਂ ਨੂੰ ਵਾਹਨ ਪਾਰਕਿੰਗ ਲਈ ਵਰਤਿਆ ਜਾਵੇ। ਇਸ ਨਾਲ ਵਾਹਨ ਪਾਰਕਿੰਗ ਦੀ ਸਮੱਸਿਆ ਹੱਲ ਹੋਵੇਗੀ। ਉਨ੍ਹਾਂ ਮੰਗ ਕੀਤੀ ਕਿ ਫੇਜ਼-3ਬੀ2 ਦੀ ਮਾਰਕੀਟ ਦੀ ਪਾਰਕਿੰਗ ਵਿੱਚ ਵਾਹਨ ਖੜ੍ਹਾਉਣ ਲਈ ਮਾਰਕਿੰਗ/ਲਾਈਨਿੰਗ ਕੀਤੀ ਜਾਵੇ। ਕਿਉਂਕਿ ਮੌਜੂਦਾ ਸਮੇਂ ਵਿੱਚ ਲੋਕਾਂ ਨੂੰ ਬੇਤਰਤੀਬ ਢੰਗ ਨਾਲ ਵਾਹਨ ਖੜੇ ਕਰਨ ਨਾਲ ਆਵਾਜਾਈ ਵਿੱਚ ਦਿੱਕਤਾਂ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਮਾਰਕੀਟ ਦੀ ਪਾਰਕਿੰਗ ਵਿੱਚ ਕਈ ਥਾਵਾਂ ’ਤੇ ਖੱਡੇ ਪੈ ਚੁੱਕੇ ਹਨ। ਜਿਨ੍ਹਾਂ ਨੂੰ ਠੀਕ ਨਹੀਂ ਕੀਤਾ ਜਾ ਰਿਹਾ। ਪਿਛਲੇ ਕਈ ਸਾਲਾਂ ਤੋਂ ਪਾਰਕਿੰਗ ਏਰੀਆ ਵਿੱਚ ਪ੍ਰੀਮਿਕਸ ਨਹੀਂ ਪਾਇਆ ਗਿਆ ਅਤੇ ਅਣਦੇਖੀ ਕਾਰਨ ਦੁਕਾਨਾਂ ਅੱਗੇ ਲੱਗੀਆਂ ਲੋਹੇ ਦੀਆਂ ਗਰਿਲਾਂ ਵੀ ਕਈ ਥਾਵਾਂ ਤੋਂ ਟੁੱਟ ਗਈਆਂ ਹਨ।
ਭਾਈ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਮਾਰਕੀਟ ਦੇ ਵਪਾਰੀ ਅਤੇ ਦੁਕਾਨਦਾਰ ਮੁਹਾਲੀ ਪ੍ਰਸ਼ਾਸਨ ਅਤੇ ਸਰਕਾਰ ਨੂੰ ਹਰੇਕ ਸਾਲ ਕਰੋੜਾਂ ਰੁਪਏ ਦਾ ਟੈਕਸ ਦਿੰਦੇ ਹਨ ਪ੍ਰੰਤੂ ਅਧਿਕਾਰੀ ਦੁਕਾਨਦਾਰਾਂ ਨੂੰ ਦਰਪੇਸ਼ ਸਮੱਸਿਆਵਾਂ ਵੱਲ ਉੱਕਾ ਹੀ ਧਿਆਨ ਨਹੀਂ ਦੇ ਰਹੇ ਹਨ। ਮਾਰਕੀਟ ਦੇ ਸਾਹਮਣੇ ਗਰੀਨ ਬੈਲਟ ਵਿੱਚ ਕਾਫੀ ਪੁਰਾਣੇ ਅਤੇ ਉੱਚੇ ਲੰਮੇ ਦਰਖ਼ਤਾਂ ਦੀ ਕਈ ਸਾਲਾਂ ਤੋਂ ਛੰਗਾਈ/ਕਟਾਈ ਨਾ ਹੋਣ ਕਰਕੇ ਦੁਕਾਨਦਾਰਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਇਸ ਤੋਂ ਇਲਾਵਾ ਮਾਰਕੀਟ ਵਿੱਚ ਕਥਿਤ ਨਜਾਇਜ਼ ਕਬਜ਼ਿਆਂ ਦੀ ਬਹੁਤ ਵੱਡੀ ਭਰਮਾਰ ਹੈ। ਉਨ੍ਹਾਂ ਕਿਹਾ ਕਿ ਪਹਿਲ ਦੇ ਅਧਾਰ ’ਤੇ ਨਾਜਾਇਜ਼ ਕਬਜ਼ੇ ਹਟਾਏ ਜਾਣ ਅਤੇ ਕੌਮੀ ਤਿਉਹਾਰਾਂ ਦੇ ਮੱਦੇਨਜ਼ਰ ਮਾਰਕੀਟ ਵਿੱਚ ਬਾਹਰ ਲਗਾਏ ਜਾਣ ਵਾਲੇ ਸਟਾਲਾਂ ਦੀ ਫੀਸ ਘੱਟ ਕੀਤੀ ਜਾਵੇ।
ਇਸ ਮੌਕੇ ਮੁਹਾਲੀ ਨਿਗਮ ਦੇ ਕਮਿਸ਼ਨਰ ਡਾ. ਭੁਪਿੰਦਰਪਾਲ ਸਿੰਘ ਨੇ ਦੁਕਾਨਦਾਰਾਂ ਦੇ ਵਫ਼ਦ ਨੂੰ ਉਕਤ ਸਮੱਸਿਆਵਾਂ ਦਾ ਸਥਾਈ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਹਨ। ਇਸ ਦਿਸ਼ਾ ਵਿੱਚ ਜਲਦੀ ਠੋਸ ਕਦਮ ਚੁੱਕੇ ਜਾਣਗੇ। ਇਸ ਮੌਕੇ ਨਗਰ ਨਿਗਮ ਅਧਿਕਾਰੀ ਅਵਤਾਰ ਸਿੰਘ ਕਲਸੀਆ, ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਸ਼ੋਕ ਬਾਂਸਲ, ਜਨਰਲ ਸਕੱਤਰ ਵਰੁਣ ਗੁਪਤਾ, ਸੰਯੁਕਤ ਸਕੱਤਰ ਨਵਦੀਪ ਬਾਂਸਲ, ਸਕੱਤਰ ਅਭੀਸ਼ਾਂਤ ਕੁਮਾਰ, ਕੈਸ਼ੀਅਰ ਜਤਿੰਦਰ ਸਿੰਘ ਢੀਂਗਰਾ ਅਤੇ ਹੋਰ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…