
ਟੀਡੀਆਈ ਸਿਟੀ ਦੇ ਵਸਨੀਕਾਂ ਦਾ ਵਫ਼ਦ ਪੁੱਡਾ ਮੰਤਰੀ ਨੂੰ ਮਿਲਿਆ
ਰੈਜ਼ੀਡੈਂਟ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਪੁੱਡਾ ਮੰਤਰੀ ਨੂੰ ਦਿੱਤਾ ਮੰਗ ਪੱਤਰ
200 ਫੁੱਟ ਚੌੜੀ ਸੜਕ ਦੇ ਨਿਰਮਾਣ ਲਈ 12 ਕਰੋੜ ਦੀ ਰਾਸ਼ੀ ਮਨਜ਼ੂਰ: ਸੁੱਖ ਸਰਕਾਰੀਆਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ:
ਇੱਥੋਂ ਦੇ ਟੀਡੀਆਈ ਸਿਟੀ ਸੈਕਟਰ-110 ਅਤੇ ਸੈਕਟਰ-111 ਦੀ ਰੈਜ਼ੀਡੈਂਟ ਵੈਲਫੇਅਰ ਸੁਸਾਇਟੀ ਦਾ ਵਫ਼ਦ ਸੁਸਾਇਟੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੂੰ ਪੁੱਡਾ ਦਫ਼ਤਰ ਵਿੱਚ ਮਿਲਿਆ ਅਤੇ ਮੰਗ ਕੀਤੀ ਕਿ ਸੈਕਟਰ-88 ਅਤੇ ਸੈਕਟਰ-89 ਤੋਂ ਆਉਂਦੀ 200 ਫੁੱਟ ਚੌੜੀ ਸੜਕ ਦਾ ਨਿਰਮਾਣ ਸੈਕਟਰ-95 ਅਤੇ ਸੈਕਟਰ-96 ਅਤੇ ਸੈਕਟਰ-110 ਅਤੇ ਸੈਕਟਰ-111 ਨਾਲ ਬਿਨਾਂ ਕਿਸੇ ਦੇਰੀ ਤੋਂ ਕੀਤਾ ਜਾਵੇ ਤਾਂ ਜੋ ਇਨ੍ਹਾਂ ਸੈਕਟਰਾਂ ਦਾ ਮੁਹਾਲੀ-ਚੰਡੀਗੜ੍ਹ ਨਾਲ ਸਿੱਧਾ ਸੰਪਰਕ ਹੋ ਸਕੇ।
ਇਸ ਮੌਕੇ ਐਸੋਸੀਏਸ਼ਨ ਦੇ ਆਗੂ ਜਸਵਿੰਦਰ ਸਿੰਘ ਗਿੱਲ ਨੇ ਪੁੱਡਾ ਮੰਤਰੀ ਨੂੰ ਦੱਸਿਆ ਕਿ ਟੀਡੀਆਈ ਦੇ ਵਸਨੀਕਾਂ ਵੱਲੋਂ ਬੀਤੇ ਸਮੇਂ ਵਿੱਚ ਬਿਲਡਰ ਰਾਹੀਂ ਈਡੀਸੀ ਦੀ ਬਣਦੀ ਰਾਸ਼ੀ ਗਮਾਡਾ ਨੂੰ ਦਿੱਤੀ ਜਾ ਚੁੱਕੀ ਹੈ ਪ੍ਰੰਤੂ ਗਮਾਡਾ ਨੇ ਇਨ੍ਹਾਂ ਸੈਕਟਰਾਂ ਦਾ ਕੋਈ ਵਿਕਾਸ ਨਹੀਂ ਕੀਤਾ। ਸੈਕਟਰ ਵਾਸੀਆਂ ਨੇ ਮੰਤਰੀ ਨੂੰ ਸੈਕਟਰ-111 ’ਚੋਂ ਲੰਘਦੇ ਗੰਦੇ ਨਾਲੇ ਕਾਰਨ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਤੋਂ ਵੀ ਜਾਣੂ ਕਰਾਇਆ। ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਕੈਬਨਿਟ ਮੰਤਰੀ ਸੁੱਖ ਸਰਕਾਰੀਆ ਨੇ ਸੈਕਟਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ 200 ਫੁੱਟ ਚੌੜੀ ਸੜਕ ਦਾ ਜਲਦੀ ਨਿਰਮਾਣ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਸਬੰਧੀ ਸਾਢੇ 12 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਜਾ ਚੁੱਕੀ ਹੈ। ਇਸ ਮੌਕੇ ਸਾਧੂ ਸਿੰਘ, ਫਤਿਹ ਸਿੰਘ ਸਿੱਧੂ, ਬਲਬੀਰ ਸਿੰਘ ਗਿੱਲ, ਪਰਵਿੰਦਰ ਸਿੰਘ ਅਤੇ ਰਮੇਸ਼ ਮਿੱਤਲ ਵੀ ਹਾਜ਼ਰ ਸਨ।