nabaz-e-punjab.com

ਮੁਹਾਲੀ ਵਿੱਚ ਦਿੱਲੀ ਬੈਂਕ ਮੁਲਾਜ਼ਮ ਕਰੋਨਾ ਤੋਂ ਪੀੜਤ, ਦਿੱਲੀ ਪ੍ਰਸ਼ਾਸਨ ਨੂੰ ਭੇਜੀ ਸੂਚਨਾ

ਸਿਹਤ ਵਿਭਾਗ ਨੇ ਅੱਜ 187 ਹੋਰ ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਮਈ:
ਹਾਲ ਹੀ ਵਿੱਚ ਕਰੋਨਾਵਾਇਰਸ ਤੋਂ ਮੁਕਤ ਐਲਾਨੇ ਗਏ ਮੁਹਾਲੀ ਵਿੱਚ ਅੱਜ ਇਕ ਹੋਰ ਨਵਾਂ ਕੇਸ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਇੱਥੋਂ ਦੇ ਸੈਕਟਰ-71 ਦੇ ਵਸਨੀਕ ਹਰਸਿਮਰਨਪ੍ਰੀਤ ਸਿੰਘ (31) ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਆਈ ਹੈ ਪ੍ਰੰਤੂ ਸਿਹਤ ਵਿਭਾਗ ਇਸ ਮਰੀਜ਼ ਨੂੰ ਦਿੱਲੀ ਵਿੱਚ ਗਿਣ ਰਿਹਾ ਹੈ। ਪੀੜਤ ਦਿੱਲੀ ਵਿੱਚ ਬੈਂਕ ਵਿੱਚ ਨੌਕਰੀ ਕਰਦਾ ਹੈ ਅਤੇ ਉੱਥੇ ਹੀ ਰਹਿੰਦਾ ਹੈ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਪੀੜਤ ਮਰੀਜ਼ ਬਾਰੇ ਦਿੱਲੀ ਪ੍ਰਸ਼ਾਸਨ ਨੂੰ ਸੂਚਨਾ ਭੇਜ ਦਿੱਤੀ ਹੈ। ਹਰਸਿਮਰਨ ਕੁਝ ਦਿਨ ਪਹਿਲਾਂ ਹੀ ਦਿੱਲੀ ਤੋਂ ਮੁਹਾਲੀ ਆਇਆ ਸੀ ਅਤੇ ਬੀਤੀ 25 ਮਈ ਨੂੰ ਉਸ ਦਾ ਸੈਂਪਲ ਲੈ ਕੇ ਜਾਂਚ ਲਈ ਭੇਜਿਆ ਗਿਆ ਸੀ। ਜਿਸ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਪੀੜਤ ਵਿਅਕਤੀ ਪਿਛਲੇ ਦੋ ਸਾਲ ਤੋਂ ਦਿੱਲੀ ਬੈਂਕ ਵਿੱਚ ਨੌਕਰੀ ਕਰਦਾ ਹੈ ਅਤੇ ਉੱਥੇ ਹੀ ਰਹਿੰਦਾ ਹੈ। ਜਿਸ ਕਾਰਨ ਪੀੜਤ ਨੂੰ ਮੁਹਾਲੀ ਦੀ ਬਜਾਏ ਦਿੱਲੀ ਦਾ ਮੰਨਿਆਂ ਜਾਵੇਗਾ। ਉਂਜ ਉਹ ਮੁਹਾਲੀ ਵਿੱਚ ਰਹਿੰਦੇ ਆਪਣੇ ਮਾਪਿਆਂ ਅਤੇ ਬੱਚਿਆਂ ਨੂੰ ਮਿਲਣ ਆਉਂਦਾ ਜਾਂਦਾ ਹੈ।
ਜ਼ਿਲ੍ਹਾ ਐਪੀਡੀਮੋਲੋਜਿਸਟ ਅਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਬਰਾੜ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਅੱਜ ਮੁਹਾਲੀ ਸਮੇਤ ਹੋਰ ਵੱਖ-ਵੱਖ ਫਲੂ ਕਾਰਨਰਾਂ ਤੋਂ 187 ਸ਼ੱਕੀ ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਘਰੇਲੂ ਉਡਾਣਾਂ ਸ਼ੁਰੂ ਹੋਣ ਮੌਕੇ 133 ਸ਼ੱਕੀ ਮੁਸਾਫ਼ਿਰਾਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਸੀ। ਜਿਨ੍ਹਾਂ ’ਚੋਂ 105 ਯਾਤਰੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਜਦੋਂਕਿ 28 ਨਮੂਨਿਆਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਜਣੇਪੇ ਤੋਂ ਬਾਅਦ ਉਰਮਲਾ ਦੇਵੀ (29) ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਉਸ ਨੂੰ ਪੀਜੀਆਈ ਰੈਫ਼ਰ ਕੀਤਾ ਗਿਆ ਹੈ। ਸਿਹਤ ਵਿਭਾਗ ਨੇ ਆਦਰਸ਼ ਨਗਰ (ਨਵਾਂ ਗਾਉਂ) ’ਚੋਂ ਪੀੜਤ ਅੌਰਤ ਦੇ ਪਰਿਵਾਰ ਸਮੇਤ ਮਕਾਨ ਮਾਲਕ ਦੇ ਟੱਬਰ ਅਤੇ ਗਲੀ ਮੁਹੱਲੇ ’ਚੋਂ 14 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਪ੍ਰਭਾਵਿਤ ਮੁਹੱਲੇ ਨੂੰ ਸੀਲ ਕੀਤਾ ਗਿਆ ਹੈ। ਪੀੜਤ ਅੌਰਤ ਦਾ ਪਤੀ ਅਤੇ ਨਵਜੰਮੀ ਬੱਚੀ ਸੈਕਟਰ-16 ਦੇ ਹਸਪਤਾਲ ਵਿੱਚ ਬਣਾਏ ਗਏ ਆਈਸੋਲੇਸ਼ਨ ਵਾਰਡ ਵਿੱਚ ਦਾਖ਼ਲ ਹਨ।
ਨੋਡਲ ਅਫ਼ਸਰ ਸ੍ਰੀਮਤੀ ਬਰਾੜ ਨੇ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ 106 ਪੀੜਤ ਮਰੀਜ਼ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ’ਚੋਂ ਤਿੰਨ ਮਰੀਜ਼ਾਂ ਵਿਜੇ ਕੁਮਾਰ ਜ਼ੀਰਕਪੁਰ, ਓਮ ਪ੍ਰਕਾਸ਼ ਨਵਾਂ ਗਾਉਂ ਅਤੇ ਰਾਜ ਕੁਮਾਰੀ ਖਰੜ ਦੀ ਮੌਤ ਹੋ ਚੁੱਕੀ ਹੈ ਅਤੇ 102 ਮਰੀਜ਼ ਕਰੋਨਾ ਨੂੰ ਮਾਤ ਦੇਣ ਵਿੱਚ ਸਫਲ ਰਹੇ ਹਨ। ਇਸ ਸਮੇਂ ਮੁਹਾਲੀ ਵਿੱਚ ਸਿਰਫ਼ ਇਕ ਕੇਸ ਐਕਟਿਵ ਹੈ।

Load More Related Articles
Load More By Nabaz-e-Punjab
Load More In Food and health

Check Also

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ ਅੱਤ ਗਰਮ…