Nabaz-e-punjab.com

ਦਿੱਲੀ ਚੋਣ ਨਤੀਜੇ: ਪੰਜਾਬ ਵਿੱਚ ਤੀਜੀ ਧਿਰ ਉੱਭਰਨ ਦੇ ਆਸਾਰ ਬਣੇ

ਅਰਵਿੰਦ ਕੇਜਰੀਵਾਲ ਪੰਜਾਬ ਪ੍ਰਤੀ ਇਮਾਨਦਾਰੀ ਦਿਖਾਉਣ, ਪੰਜਾਬ ਨੂੰ ਪਾਣੀ ਦੀ ਕੀਮਤ ਦੇਣ: ਬੈਂਸ

ਟਕਸਾਲੀ, ਖਹਿਰਾ, ਡਾ. ਗਾਂਧੀ, ਢੀਂਡਸਾ ਪਿਉ-ਪੁੱਤ ਤੇ ਬੈਂਸ ਭਰਾ ਇਕ ਦੂਜੇ ਦੇ ਸੰਪਰਕ ’ਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਫਰਵਰੀ:
ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨਾਲ ਪੰਜਾਬ ਦੀ ਸਿਆਸਤ ਵੀ ਭਖ ਗਈ ਹੈ ਅਤੇ ਸੂਬੇ ਵਿੱਚ ਤੀਜੀ ਧਿਰ ਉੱਭਰਨ ਦੇ ਆਸਾਰ ਬਣਦੇ ਨਜ਼ਰ ਆ ਰਹੇ ਹਨ। ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਨੇ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਹੂੰਝਾਫੇਰ ਜਿੱਤ ’ਤੇ ਵਧਾਈ ਦਿੰਦਿਆਂ ਕਿਹਾ ਕਿ ਦਿੱਲੀ ਵਿੱਚ ਤਾਨਾਸ਼ਾਹੀ ਸ਼ਾਸਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਰ ਹੋਈ ਹੈ ਜਦੋਂਕਿ ਵਿਕਾਸ ਦੀ ਜਿੱਤ ਹੋਈ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਅਰਵਿੰਦ ਕੇਜਰੀਵਾਲ ਦਿੱਲੀ ਵਿੱਚ ਤਾਂ ਇਮਾਨਦਾਰ ਹਨ ਪ੍ਰੰਤੂ ਪੰਜਾਬ ਪ੍ਰਤੀ ਵੀ ਸ੍ਰੀ ਕੇਜਰੀਵਾਲ ਨੂੰ ਇਮਾਨਦਾਰੀ ਦਿਖਾਉਣ ਚਾਹੀਦੀ ਹੈ ਅਤੇ ਤਿੰਨ ਸਾਲ ਪਹਿਲਾਂ ਕੀਤੇ ਵਾਅਦੇ ਅਨੁਸਾਰ ਪੰਜਾਬ ਨੂੰ ਪਾਣੀ ਦੀ ਕੀਮਤ ਅਦਾ ਕਰਨੀ ਚਾਹੀਦੀ ਹੈ।
ਸ੍ਰੀ ਬੈਂਸ ਨੇ ਕਿਹਾ ਕਿ ਜੇਕਰ ਸ੍ਰੀ ਕੇਜਰੀਵਾਲ ਪੰਜਾਬ ਨੂੰ ਪਾਣੀ ਦੀ ਕੀਮਤ ਦੇ ਦਿੰਦੇ ਹਨ ਤਾਂ ਪੰਜਾਬ ਲਈ ਫਾਟਕ ਖੁੱਲ੍ਹ ਜਾਣਗੇ ਅਤੇ ਸੂਬਾ ਰਾਜਸਥਾਨ ਵੱਲ ਪਾਣੀ ਦੀ ਬਕਾਇਆ 16 ਲੱਖ ਕਰੋੜ ਦੀ ਰਾਸ਼ੀ ਹਮਲਾਵਰ ਰੁਖ਼ ਅਪਣਾ ਕੇ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ 20-25 ਕੁ ਦਿਨ ਪਹਿਲਾਂ ਸ੍ਰੀ ਕੇਜਰੀਵਾਲ ਨੇ ਹਿਮਾਚਲ ਪ੍ਰਦੇਸ਼ ਨੂੰ ਪਾਣੀ ਦੀ ਕੀਮਤ ਦੇਣ ਲਈ ਸਮਝੌਤਾ ਕੀਤਾ ਹੈ ਪ੍ਰੰਤੂ ਪੰਜਾਬ ਨੂੰ ਫੁੱਟੀ ਕੌੜੀ ਵੀ ਦੇਣ ਨੂੰ ਤਿਆਰ ਨਹੀਂ ਹਨ। ਸ੍ਰੀ ਬੈਂਸ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਆਪ ਆਗੂ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਕੇਜਰੀਵਾਲ ਨੂੰ ਪਾਣੀ ਦੀ ਕੀਮਤ ਦੇਣ ਲਈ ਮਨਾਉਣ। ਬੈਂਸ ਨੇ ਸ੍ਰੀ ਕੇਜਰੀਵਾਲ ਬਾਰੇ ਇਕ ਹੋਰ ਕਹੀ ਕਿ ਉਨ੍ਹਾਂ (ਕੇਜਰੀਵਾਲ) ਨੇ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗਣੀ ਅਤੇ ਅਕਾਲੀ ਆਗੂ ਕਲੀਨ ਚਿੱਟ ਦੇਣ ਨਾਲ ਪੰਜਾਬੀਆਂ ਨੂੰ ਕਾਫੀ ਧੱਕਾ ਲੱਗਾ ਹੈ। ਆਪ ਆਗੂ ਤਾਂ ਇਹ ਕਹਿੰਦੇ ਸੀ ਕਿ ਮਜੀਠੀਆ ਨੂੰ ਧੌਣ ਤੋਂ ਫੜ ਕੇ ਜੇਲ੍ਹ ਵਿੱਚ ਡੱਕਿਆ ਜਾਵੇਗਾ।
ਪੰਜਾਬ ਵਿੱਚ ਤੀਜੀ ਧਿਰ ਬਾਰੇ ਪੁੱਛੇ ਜਾਣ ’ਤੇ ਸ੍ਰੀ ਬੈਂਸ ਨੇ ਦੱਸਿਆ ਕਿ ਪੰਜਾਬ ਦੇ ਵਿਕਾਸ ਅਤੇ ਤਰੱਕੀ ਲਈ ਬੁੱਧੀਜੀਵੀ ਲੋਕ ਤੇ ਹਮਖ਼ਿਆਲੀ ਰਾਜਸੀ ਆਗੂ ਕਾਫੀ ਫਿਕਰਮੰਦ ਹਨ। ਇਸ ਸਬੰਧੀ ਉਨ੍ਹਾਂ ਸਮੇਤ ਸੁਖਪਾਲ ਸਿੰਘ ਖਹਿਰਾ ਸਮੇਤ ਟਕਸਾਲੀ ਦਲ, ਡਾ. ਧਰਮਵੀਰ ਗਾਂਧੀ ਅਤੇ ਢੀਂਡਸਾ ਪਿਉ-ਪੁੱਤ ਇਕ ਦੂਜੇ ਦੇ ਸੰਪਰਕ ਵਿੱਚ ਹਨ ਅਤੇ ਸਮਾਂ ਆਉਣ ’ਤੇ ਇਸ ਸਬੰਧੀ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ। ਗੈਂਗਸਟਰਾਂ ਬਾਰੇ ਬੋਲਦਿਆਂ ਸ੍ਰੀ ਬੈਂਸ ਨੇ ਕਿਹਾ ਕਿ ਹੁਕਮਰਾਨ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂਆਂ ’ਤੇ ਗੈਂਗਸਟਰਾਂ ਨਾਲ ਸਬੰਧ ਹੋਣ ਬਾਰੇ ਦੋਸ਼ ਲੱਗੇ ਹਨ। ਇਹ ਦੋਵੇਂ ਪਾਰਟੀਆਂ ਅਤੇ ਇਨ੍ਹਾਂ ਦੇ ਆਗੂ ਦੁੱਧ ਧੋਤੇ ਨਹੀਂ ਹਨ। ਦੋਵੇਂ ਹੀ ਪਾਰਟੀਆਂ ਦੇ ਆਗੂ ਮੀਡੀਆ ਵਿੱਚ ਇਕ ਦੂਜੇ ਖ਼ਿਲਾਫ਼ ਗੈਂਗਸਟਰਾਂ ਨਾਲ ਸਬੰਧ ਹੋਣ ਦੇ ਕੱਚੇ ਚਿੱਠੇ ਉਜਾਗਰ ਕਰ ਚੁੱਕੇ ਹਨ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਦਪਿੰਦਰ ਸਿੰਘ ਬਰਾੜ ਉਰਫ਼ ਸੰਨ੍ਹੀ ਬਰਾੜ ਅਤੇ ਯੂਥ ਵਿੰਗ ਦੇ ਪ੍ਰਧਾਨ ਜਰਨੈਲ ਸਿੰਘ ਬੈਂਸ ਅਤੇ ਕਰਨਲ ਅਵਤਾਰ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Elections

Check Also

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ ਰਾਘਵ ਚੱਡਾ ਦੇ ਰਾਜ ਸਭਾ ਵਿੱਚ ਜਾਣ ਕਾਰਨ ਖਾਲੀ ਹੋਈ ਸੀ ਸੀਟ ਨਬਜ਼-ਏ…