
ਦਿੱਲੀ ਫਤਿਹ: ਇਲਾਕੇ ਵੱਲੋਂ ਪਰਮਦੀਪ ਸਿੰਘ ਬੈਦਵਾਨ ਦਾ ‘ਪੁਆਧ ਦਾ ਮਾਣ’ ਐਵਾਰਡ ਨਾਲ ਸਨਮਾਨ
ਤੱਪਦੀ ਗਰਮੀ ਤੇ ਠੰਢ ਵਿੱਚ ਸਾਲ ਭਰ ਪਤਨੀ ਤੇ ਛੋਟੇ ਬੱਚਿਆਂ ਸਮੇਤ ਲੰਗਰ ਸੇਵਾ ’ਚ ਡਟਿਆ ਰਿਹਾ ਪਰਮਦੀਪ ਬੈਦਵਾਨ
ਮੁੱਖ ਮੰਤਰੀ ਤੋਂ ਮੁਹਾਲੀ ਇਲਾਕੇ ਵਿੱਚ ‘ਪੁਆਧ ਭਵਨ’ ਦਾ ਨਿਰਮਾਣ ਕਰਵਾਉਣ ਦੀ ਮੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਦਸੰਬਰ:
ਕਿਸਾਨੀ ਵਿਰੋਧੀ ਕਾਲੇ ਖੇਤੀ ਕਾਨੂੰਨੀ ਕੇਂਦਰ ਸਰਕਾਰ ਵਿਰੁੱਧ ਵਿੱਢੇ ਲੰਮੇ ਸੰਘਰਸ਼ ਤੋਂ ਬਾਅਦ ਦਿੱਲੀ ਮੋਰਚਾ ਫਤਿਹ ਕਰਕੇ ਮੁਹਾਲੀ ਪਰਤੇ ਯੂਥ ਆਫ਼ ਪੰਜਾਬ ਦੇ ਪ੍ਰਧਾਨ ਅਤੇ ਪੁਆਧ ਇੰਟਰਨੈਸ਼ਨਲ ਮੰਚ ਦੇ ਕਾਰਕੁਨ ਪਰਮਦੀਪ ਸਿੰਘ ਬੈਦਵਾਨ ਦਾ ਇਲਾਕੇ ਦੇ ਕਿਸਾਨਾਂ ਵੱਲੋਂ ‘ਪੁਆਧ ਦਾ ਮਾਣ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਨੌਜਵਾਨ ਕਿਸਾਨ ਅੰਦੋਲਨ ਸ਼ੁਰੂ ਹੋਣ ’ਤੇ ਪਹਿਲੇ ਦਿਨ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਆਪਣੀ ਪਤਨੀ ਅਤੇ ਮਾਸੂਮ ਬੱਚਿਆਂ ਸਮੇਤ ਡਟਿਆ ਰਿਹਾ ਹੈ। ਬੈਦਵਾਨ ਨੇ ਲੰਗਰ ਸੇਵਾ ਦੀ ਜ਼ਿੰਮੇਵਾਰੀ ਸੰਭਾਲੀ ਹੋਈ ਸੀ। ਇਸ ਤੋਂ ਇਲਾਵਾ ਕਈ ਹੋਰਨਾਂ ਕਿਸਾਨਾਂ ਦਾ ਵੀ ਸਨਮਾਨ ਕੀਤਾ ਗਿਆ।
ਇਸ ਸਬੰਧੀ ਪੁਆਧ ਇਲਾਕਾ ਮੁਹਾਲੀ ਵੱਲੋਂ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਬਾਹਰ ਏਅਰਪੋਰਟ ਸੜਕ ਕਿਨਾਰੇ ਕਿਸਾਨਾਂ ਦੇ ਹੱਕ ਵਿੱਚ ਸ਼ੁਰੂ ਕੀਤੇ ਲੜੀਵਾਰ ਧਰਨਾ ਅਤੇ ਭੁੱਖ ਹੜਤਾਲ ਕੈਂਪ ਵਿਖੇ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿੱਥੇ ਪਰਮਦੀਪ ਸਿੰਘ ਬੈਦਵਾਨ ਨੂੰ ਪਜੈਰੋ ਗੱਡੀ ਅਤੇ ਅਵਤਾਰ ਸਿੰਘ ਸ਼ਾਹਪੁਰ ਨੂੰ ਮੋਟਰ ਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਕਲਾਕਾਰ ਮੋਹਣੀ ਤੂਰ ਵੱਲੋਂ ‘ਪੁਆਧ ਇਲਾਕੇ ਕਾ ਮਾਣ ਪਰਮਦੀਪ ਬੈਦਵਾਨ’ ਦੇ ਨਾਅਰੇ ਵੀ ਲਗਾਏ ਗਏ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਰਮਦੀਪ ਬੈਦਵਾਨ ਨੇ ਕਿਹਾ ਕਿ ਪੰਜਾਬ ਸਮੇਤ ਦੇਸ਼ ਦੇ ਕਿਸਾਨਾਂ ਨੇ ਨਾ ਸਿਰਫ਼ ਕਾਲੇ ਖੇਤੀ ਕਾਨੂੰਨਾਂ ਬਲਕਿ ਇਨਸਾਨੀਅਤ ਦੀ ਲੜਾਈ ਲੜੀ ਅਤੇ ਦੇਸ਼ ਵਾਸੀਆਂ ਦੇ ਸਹਿਯੋਗ ਨਾਲ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਨਾਲ ਜਿੱਥੇ ਕਿਸਾਨਾਂ ’ਤੇ ਮਾੜਾ ਅਸਰ ਪੈਣਾ ਸੀ, ਉੱਥੇ ਆਮ ਨਾਗਰਿਕ ਨੂੰ ਗੰਭੀਰ ਨਤੀਜੇ ਭੁਗਤਨੇ ਪੈਣੇ ਸਨ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਪੁਆਧ ਇਲਾਕਾ ਮੁਹਾਲੀ ਦੇ ਪਹਿਲੇ ਮੁੱਖ ਮੰਤਰੀ ਹਨ, ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਪਹਿਲ ਦੇ ਆਧਾਰ ’ਤੇ ਇਲਾਕੇ ਵਿੱਚ ਇਕ ਆਲੀਸ਼ਾਨ ਪੁਆਧੀ ਭਵਨ ਦਾ ਨਿਰਮਾਣ ਕਰਵਾਉਣ।

ਇਸ ਮੌਕੇ ਮਿੰਦਰ ਸਿੰਘ ਸੋਹਾਣਾ, ਬੀਕੇ ਗੋਇਲ ਸਰਪੰਚ ਮੌਲੀ ਬੈਦਵਾਨ, ਸਾਬਕਾ ਕੌਂਸਲਰ ਸੁਰਿੰਦਰ ਸਿੰਘ ਬੋਡਾ, ਬੰਟੀ ਬੈਦਵਾਨ, ਨੌਜਵਾਨ ਆਗੂ ਗੁਰਜੀਤ ਸਿੰਘ ਮਾਮਾ ਮਟੌਰ, ਬੀਬੀ ਮੋਹਣੀ ਤੂਰ, ਰਣਜੀਤ ਸਿੰਘ ਰਾਣਾ ਅਤੇ ਹੋਰ ਪਤਵੰਤੇ ਹਾਜ਼ਰ ਸਨ।