ਦਿੱਲੀ ਗੈਂਗਰੇਪ ਤੇ ਕਤਲਕਾਂਡ: ਸੁਪਰੀਮ ਕੋਰਟ ਨੇ ਚਾਰ ਦੋਸ਼ੀਆਂ ਨੂੰ ਸੁਣਾਈ ਸਜ਼ਾ-ਏ-ਮੌਤ

ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 5 ਮਈ
ਸੁਪਰੀਮ ਕੋਰਟ ਨੇ ਕਰੀਬ 5 ਸਾਲ ਪਹਿਲਾਂ 16 ਦਸੰਬਰ 2012 ਦੇ ਗੈਂਗਰੇਪ ਅਤੇ ਕਤਲਕਾਂਡ ਦਾ ਨਿਬੇੜਾ ਕਰਦਿਆਂ ਚਾਰ ਦੋਸ਼ੀਆਂ ਨੂੰ ਸਜ਼ਾ-ਏ-ਮੌਤ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ ਅਪੀਲਾਂ ’ਤੇ ਅੱਜ ਆਪਣਾ ਫੈਸਲਾ ਸੁਣਾਇਆ ਹੈ। ਜ਼ਿਕਰਯੋਗ ਹੈ ਕਿ ਚਾਰੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਜਿਸ ਨੂੰ ਸੁਪਰੀਮ ਕੋਰਟ ਨੇ ਬਰਕਰਾਰ ਰੱਖਿਆ ਹੈ। ਜਸਟਿਸ ਦੀਪਕ ਮਿਸ਼ਰਾ, ਜਸਟਿਸ ਆਰ. ਭਾਨੂੰਮਤੀ ਅਤੇ ਜਸਟਿਸ ਅਸ਼ੋਕ ਭੂਸ਼ਣ ਦੀ ਬੈਂਚ ਨੇ ਮਾਮਲੇ ਵਿੱਚ ਫੈਸਲਾ ਸੁਣਾਇਆ। ਇਸ ਕਾਂਡ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ਅਤੇ ਨਿਰਭਿਆ ਕਾਂਡ ਨਾਂਅ ਨਾਲ ਕਾਫੀ ਚਰਚਿਤ ਰਿਹਾ ਸੀ।
ਭਾਰਤ ਦੀ ਸਰਵਉਚ ਅਦਾਲਤ ਨੇ ਚਾਰੋਂ ਦੋਸ਼ੀਆਂ-ਮੁਕੇਸ਼, ਪਵਨ, ਵਿਨੈ ਸ਼ਰਮਾ ਅਤੇ ਅਕਸ਼ੈ ਕੁਮਾਰ ਸਿੰਘ ਦੀਆਂ ਅਪੀਲਾਂ ’ਤੇ 27 ਮਾਰਚ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖਿਆ ਸੀ। ਚਾਰਾਂ ਨੇ 13 ਮਾਰਚ 2014 ਨੂੰ ਹਾਈ ਕੋਰਟ ਵੱਲੋਂ ਦੋਸ਼ੀ ਠਹਿਰਾਏ ਜਾਣ ਅਤੇ ਸੁਣਾਈ ਗਈ ਮੌਤ ਦੀ ਸਜ਼ਾ ਦੇ ਖ਼ਿਲਾਫ਼ ਸੁਪਰੀਮ ਕੋਰਟ ਇੱਕ ਅਰਜ਼ੀ ਦਾਇਰ ਕਰਕੇ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਇਨ੍ਹਾਂ ਚਾਰਾਂ ਤੋਂ ਇਲਾਵਾ ਇੱਕ ਦੋਸ਼ੀ ਰਾਮ ਸਿੰਘ ਨੇ ਤਿਹਾੜ ਜੇਲ੍ਹ ਵਿੱਚ ਹੀ ਖ਼ੁਦਕੁਸ਼ੀ ਕਰ ਲਈ ਸੀ, ਜਦੋਂ ਕਿ ਇਕ ਹੋਰ ਨਾਬਾਲਗ ਦੋਸ਼ੀ ਨੂੰ ਬਾਲ ਅਪਰਾਧ ਨਿਆਂ ਬੋਰਡ ਨੇ ਸੁਧਾਰ ਗ੍ਰਹਿ ਭੇਜ ਦਿੱਤਾ ਸੀ। ਉਸ ਨੇ ਸੁਧਾਰ ਗ੍ਰਹਿ ਵਿੱਚ ਸਜ਼ਾ ਦੇ ਆਪਣੇ ਤਿੰਨ ਸਾਲ ਪੂਰੇ ਕਰ ਲਏ ਹਨ।
ਸਾਲ 2012 ਵਿੱਚ 16 ਦਸੰਬਰ ਦੀ ਰਾਤ ਨੂੰ 23 ਸਾਲਾ ਪੈਰਾਮੈਡੀਕਲ ਵਿਦਿਆਰਥਣ ਨੇ ਦੱਖਣੀ ਦਿੱਲੀ ਵਿੱਚ ਇਕ ਚੱਲਦੀ ਬੱਸ ਵਿੱਚ ਬੇਰਹਿਮ ਤਰੀਕੇ ਨਾਲ ਸਮੂਹਕ ਬਲਾਤਕਾਰ ਕੀਤਾ ਗਿਆ ਸੀ ਅਤੇ ਉਸ ਨੂੰ ਉਸ ਦੇ ਇਕ ਦੋਸਤ ਨਾਲ ਬੱਸ ਤੋੱ ਬਾਹਰ ਸੁੱਟ ਦਿੱਤਾ ਗਿਆ ਸੀ। ਉਸੇ ਸਾਲ 29 ਦਸੰਬਰ ਨੂੰ ਸਿੰਗਾਪੁਰ ਦੇ ਇਕ ਹਸਪਤਾਲ ਵਿੱਚ ਲੜਕੀ ਦੀ ਮੌਤ ਹੋ ਗਈ ਸੀ। ਦੋਸ਼ੀ ਕਰਾਰ ਦਿੱਤੇ ਜਾਣ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨਾਲ ਨਜਿੱਠਣ ਤੋੱ ਇਲਾਵਾ ਸੁਪਰੀਮ ਕੋਰਟ ਦੋਸ਼ੀਆਂ ਨੂੰ ਦਿੱਤੀ ਜਾਣ ਵਾਲੀ ਸਜ਼ਾ ਦੀ ਮਾਤਰਾ ਦੇ ਮੁੱਦੇ ਤੇ ਵੀ ਵਿਚਾਰ ਕਰ ਰਿਹਾ ਹੈ। ਦਿੱਲੀ ਪੁਲੀਸ ਨੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ, ਉੱਥੇ ਹੀ ਬਚਾਅ ਪੱਖ ਦੇ ਵਕੀਲਾਂ ਨੇ ਕਿਹਾ ਸੀ ਕਿ ਗਰੀਬ ਪਰਿਵਾਰਕ ਪਿੱਠ ਭੂਮੀ ਦੇ ਹੋਣ ਅਤੇ ਨੌਜਵਾਨ ਹੋਣ ਕਾਰਨ ਨਰਮੀ ਵਰਤੀ ਜਾਣੀ ਚਾਹੀਦੀ ਹੈ।

Load More Related Articles
Load More By Nabaz-e-Punjab
Load More In Court and Police

Check Also

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ ਮੁਹਾਲੀ ਅਦ…