
ਦਿੱਲੀ ਹਿੰਸਾ: ਆਖ਼ਰਕਾਰ ਅਦਾਕਾਰ ਦੀਪ ਸਿੱਧੂ ਪੁਲੀਸ ਦੇ ਧੱਕੇ ਚੜ੍ਹਿਆ
ਦੀਪ ਸਿੱਧੂ ਦੀ ਭਾਲ ਵਿੱਚ ਪੰਜਾਬ, ਹਰਿਆਣਾ, ਦਿੱਲੀ ਤੇ ਯੂਪੀ ਵਿੱਚ ਕੀਤੀ ਜਾ ਰਹੀ ਸੀ ਛਾਪੇਮਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਫਰਵਰੀ:
26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਵਾਪਰੀ ਹਿੰਸਕ ਘਟਨਾ ਮਾਮਲੇ ਵਿੱਚ ਦਿੱਲੀ ਪੁਲੀਸ ਨੂੰ ਲੋੜੀਂਦੇ ਅਦਾਕਾਰ ਦੀਪ ਸਿੱਧੂ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦਿੱਲੀ ਪੁਲੀਸ ਦੇ ਸਪੈਸ਼ਲ ਬਰਾਂਚ ਨੇ ਕਰਨਾਲ ’ਚੋਂ ਦੀਪ ਸਿੱਧੂ ਦੀ ਗ੍ਰਿਫ਼ਤਾਰੀ ਪਾਈ ਹੈ। ਦੀਪ ਸਿੱਧੂ ’ਤੇ ਭਾਜਪਾ ਦੀ ਬੀ ਟੀਮ ਵਜੋਂ ਕੰਮ ਕਰਨ ਅਤੇ ਕਾਲੇ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਵੱਲੋਂ ਕੀਤੇ ਜਾ ਰਹੀ ਸ਼ਾਂਤਮਈ ਅੰਦੋਲਨ ਨੂੰ ਤਾਰਪੀਡੋ ਕਰਨ ਦਾ ਦੋਸ਼ ਹੈ। ਘਟਨਾ ਤੋਂ ਬਾਅਦ ਦੀਪ ਸਿੱਧੂ ਦੀਆਂ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਤਸਵੀਰਾਂ ਜਨਤਕ ਕਰਕੇ ਵੱਖ-ਵੱਖ ਰਾਜਸੀ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਨੇ ਉਸ ਨੂੰ ਭਾਜਪਾ ਦਾ ਏਜੰਟ ਕਰਾਰ ਦਿੱਤਾ ਸੀ।
ਦਿੱਲੀ ਪੁਲੀਸ ਨੇ ਉਸ ਉੱਤੇ ਇਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਅ ਸੀ। ਲਾਲ ਕਿਲੇ ’ਤੇ ਕੇਸਰੀ ਝੰਡਾ ਝੁਲਾਉਣ ਦੀ ਘਟਨਾ ਪਿੱਛੇ ਦੀਪ ਸਿੱਧੂ ਦਾ ਹੱਥ ਦੱਸਿਆ ਜਾ ਰਿਹਾ ਹੈ। ਪੁਲੀਸ ਦਾ ਮੰਨਣਾ ਹੈ ਕਿ ਨੌਜਵਾਨਾਂ ਨੂੰ ਦੀਪ ਸਿੱਧੂ ਨੇ ਹੀ ਉਕਤ ਕਾਰਵਾਈ ਨੂੰ ਅੰਜਾਮ ਦੇਣ ਲਈ ਉਕਸਾਇਆ ਸੀ। ਦੀਪ ਸਿੱਧੂ ਦੀ ਭਾਲ ਵਿੱਚ ਪਿਛਲੇ ਕਰੀਬ ਡੇਢ ਹਫ਼ਤੇ ਤੋਂ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ। ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਂਜ ਉਸ ਦੀ ਗ੍ਰਿਫ਼ਤਾਰੀ ਬਾਰੇ ਸਹੀ ਤਸਵੀਰ ਅਧਿਕਾਰਤ ਤੌਰ ’ਤੇ ਦਿੱਲੀ ਪੁਲੀਸ ਵੱਲੋਂ ਹੀ ਪੇਸ਼ ਕੀਤੀ ਜਾਵੇਗੀ।