nabaz-e-punjab.com

ਦਿੱਲੀ ਹਿੰਸਾ: ਮੁੱਖ ਮੰਤਰੀ ਵੱਲੋਂ ਪੰਜਾਬ ਵਿੱਚ ਹਾਈ ਅਲਰਟ ਦੇ ਹੁਕਮ, ਡੀਜੀਪੀ ਨੂੰ ਦਿਸ਼ਾ-ਨਿਰਦੇਸ਼ ਜਾਰੀ

ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਉੱਤੇ ਪਰਤਣ ਦੀ ਜ਼ੋਰਦਾਰ ਅਪੀਲ

ਡੀਜੀਪੀ ਨੂੰ ਪੰਜਾਬ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਭੰਗ ਨਾ ਹੋਣ ਦੇਣ ਦੇ ਹੁਕਮ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 26 ਜਨਵਰੀ:
ਗਣਤੰਤਰ ਦਿਵਸ ਦੇ ਮੌਕੇ ਅੱਜ ਕੌਮੀ ਰਾਜਧਾਨੀ ਵਿੱਚ ਟਰੈਕਟਰ ਰੈਲੀ ਦੌਰਾਨ ਕੁਝ ਅਨਸਰਾਂ ਵੱਲੋਂ ਕੀਤੀ ਹਿੰਸਾ ਨੂੰ ਅਸਹਿਣਯੋਗ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀਆਂ ਹੱਕੀ ਮੰਗਾਂ ਲਈ ਲਈ ਲੜ ਰਹੇ ਕਿਸਾਨਾਂ ਨੂੰ ਤੁਰੰਤ ਦਿੱਲੀ ਛੱਡਣ ਅਤੇ ਵਾਪਸ ਸਰਹੱਦਾਂ ਉੱਤੇ ਪਹੁੰਚਣ ਦੀ ਜ਼ੋਰਦਾਰ ਅਪੀਲ ਕੀਤੀ ਹੈ, ਜਿੱਥੇ ਉਹ ਪਿਛਲੇ ਦੋ ਮਹੀਨਿਆਂ ਤੋਂ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਹਨ। ਮੁੱਖ ਮੰਤਰੀ ਨੇ ਦਿੱਲੀ ਵਿੱਚ ਹਿੰਸਾ ਤੇ ਤਣਾਅ ਦੇ ਮੱਦੇਨਜਰ ਪੰਜਾਬ ਵਿੱਚ ਹਾਈ ਅਲਰਟ ਦੇ ਹੁਕਮ ਦਿੱਤੇ। ਇਸ ਸਬੰਧੀ ਡੀਜੀਪੀ ਦਿਨਕਰ ਗੁਪਤਾ ਨੂੰ ਇਹ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ ਕਿ ਪੰਜਾਬ ਵਿੱਚ ਕਿਸੇ ਵੀ ਕੀਮਤ ਅਮਨ ਕਾਨੂੰਨ ਦੀ ਵਿਵਸਥਾ ਭੰਗ ਨਾ ਹੋਵੇ।
ਸਥਿਤੀ ’ਤੇ ਗੰਭੀਰ ਚਿੰਤਾ ਜਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਿੰਸਾ ਸਪੱਸਟ ਤੌਰ ’ਤੇ ਕੁਝ ਲੋਕਾਂ ਦੁਆਰਾ ਸ਼ੁਰੂ ਕੀਤੀ ਗਈ ਸੀ, ਜਿਨ੍ਹਾਂ ਨੇ ਦਿੱਲੀ ਪੁਲੀਸ ਅਤੇ ਕਿਸਾਨ ਯੂਨੀਅਨਾਂ ਦਰਮਿਆਨ ਆਪਸੀ ਸਮਝੌਤੇ ਰਾਹੀਂ ਟਰੈਕਟਰ ਮਾਰਚ ਲਈ ਮਿੱਥੇ ਨਿਯਮਾਂ ਦੀ ਉਲੰਘਣਾ ਕੀਤੀ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਇਨਾਂ ਗੈਰ ਸਮਾਜਿਕ ਤੱਤਾਂ ਨੇ ਕਿਸਾਨਾਂ ਦੇ ਸਾਂਤਮਈ ਅੰਦੋਲਨ ਵਿੱਚ ਗੜਬੜੀ ਪੈਦਾ ਕੀਤੀ। ਉਨ੍ਹਾਂ ਇਤਿਹਾਸਕ ਲਾਲ ਕਿਲੇ ਅਤੇ ਕੌਮੀ ਰਾਜਧਾਨੀ ਦੀਆਂ ਕੁਝ ਹੋਰ ਮਹੱਤਵਪੂਰਣ ਥਾਵਾਂ ‘ਤੇ ਵਾਪਰੀਆਂ ਘਟਨਾਵਾਂ ਦੀ ਵੀ ਨਿੰਦਾ ਕੀਤੀ।
ਇਹ ਜ਼ਿਕਰ ਕਰਦਿਆਂ ਕਿ ਵੱਡੇ ਕਿਸਾਨ ਆਗੂ ਪਹਿਲਾਂ ਹੀ ਅਤੇ ਪੂਰੀ ਤਰਾਂ ਨਾਲ ਇਸ ਹਿੰਸਾ ਵਿੱਚ ਸਾਮਲ ਸਰਾਰਤੀ ਅਨਸਰਾਂ ਤੋਂ ਆਪਣੇ ਆਪ ਨੂੰ ਵੱਖ ਕਰ ਚੁੱਕੇ ਹਨ, ਕੈਪਟਨ ਅਮਰਿੰਦਰ ਨੇ ਕਿਹਾ ਕਿ ਅੰਦੋਲਨਕਾਰੀ ਕਿਸਾਨਾਂ ਨੂੰ ਤੁਰੰਤ ਕੌਮੀ ਰਾਜਧਾਨੀ ਖਾਲੀ ਕਰਨੀ ਚਾਹੀਦੀ ਹੈ ਅਤੇ ਸਰਹੱਦਾਂ ‘ਤੇ ਆਪਣੇ ਟਿਕਾਣਿਆਂ ‘ਤੇ ਵਾਪਸ ਚਲੇ ਜਾਣਾ ਚਾਹੀਦਾ ਹੈ ਅਤੇ ਖੇਤੀ ਕਾਨੂੰਨਾਂ ਨਾਲ ਸਬੰਧਤ ਸੰਕਟ ਦੇ ਹੱਲ ਲਈ ਕੇਂਦਰ ਨਾਲ ਰਾਬਤਾ ਰੱਖਣਾ ਚਾਹੀਦਾ ਹੈ।
ਕੌਮੀ ਰਾਜਧਾਨੀ ਵਿੱਚ ਕੁਝ ਗੈਰ ਸਮਾਜਿਕ ਤੱਤਾਂ ਦੁਆਰਾ ਕੀਤੀ ਹਿੰਸਾ ਨਾ ਬਰਦਾਸਤ ਯੋਗ ਹੈ। ਇਹ ਸਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਕਿਸਾਨਾਂ ਦੁਆਰਾ ਪੈਦਾ ਕੀਤੀ ਸਦਭਾਵਨਾ ‘ਤੇ ਮਾੜਾ ਅਸਰ ਪਾਵੇਗਾ। ਕਿਸਾਨ ਨੇਤਾਵਾਂ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਹੈ ਅਤੇ ਟਰੈਕਟਰ ਰੈਲੀ ਨੂੰ ਮੁਅੱਤਲ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਟਵੀਟ ਕੀਤਾ ਕਿ ਮੈਂ ਸਾਰੇ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਦਿੱਲੀ ਨੂੰ ਛੱਡ ਕੇ ਸਰਹੱਦਾਂ ‘ਤੇ ਪਰਤ ਆਉਣ।
ਕੈਪਟਨ ਅਮਰਿੰਦਰ ਨੇ ਕਿਸਾਨਾਂ ਨੂੰ ਉਸੇ ਤਰ੍ਹਾਂ ਹੀ ਸੰਜਮ ਵਰਤਣ ਲਈ ਕਿਹਾ ਜਿਵੇਂ ਉਹ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ਅਤੇ ਪਹਿਲਾਂ ਪੰਜਾਬ ਵਿੱਚ ਸਾਂਤਮਈ ਅੰਦੋਲਨ ਦੌਰਾਨ ਰੱਖ ਰਹੇ ਸਨ। ਇਹ ਗੱਲ ਕਰਦਿਆਂ ਕਿ ਸਾਂਤੀ ਉਨਾਂ ਦੇ ਅੰਦੋਲਨ ਦੀ ਵਿਸੇਸਤਾ ਰਹੀ ਹੈ ਜਿਸ ਸਦਕਾ ਉਨ੍ਹਾਂ ਨੂੰ ਭਾਰਤ ਅਤੇ ਵਿਸਵ ਭਰ ਤੋਂ ਸਮਰਥਨ ਮਿਲਿਆ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਕਿਸਾਨਾਂ ਦੁਆਰਾ ਲੋਕਤੰਤਰੀ ਢੰਗ ਨਾਲ ਕੀਤੇ ਜਾ ਰਹੇ ਵਿਰੋਧ ਪ੍ਰਦਰਸਨਾਂ ਦੌਰਾਨ ਅਮਨ-ਕਾਨੂੰਨ ਨੂੰ ਹਰ ਕੀਮਤ ’ਤੇ ਕਾਇਮ ਰੱਖਿਆ ਜਾਵੇ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ ਮੁਹਾਲੀ-ਖਰੜ…