
ਟੀਡੀਆਈ ਬਿਲਡਰ ਤੇ ਗਮਾਡਾ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਦਸੰਬਰ:
ਸੈਕਟਰ-110 ਦੀ ਰੈਜੀਡੈਂਸ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਸੁਸਾਇਟੀ ਦੇ ਮੀਤ ਪ੍ਰਧਾਨ ਜਸਵੀਰ ਸਿੰਘ ਗੜਾਂਗ ਦੀ ਅਗਵਾਈ ਵਿੱਚ ਹੋਈ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਸੋਸਾਇਟੀ ਦੇ ਆਗੂਆਂ ਐਮਐਲ ਸ਼ਰਮਾ, ਏਐਸ ਸੇਖੋਂ ਅਤੇ ਅਸ਼ੋਕ ਡੋਗਰਾ ਨੇ ਕਿਹਾ ਕਿ ਇੱਕ ਪਾਸੇ ਗਮਾਡਾ ਦੀ ਟੀਮ ਵੱਲੋਂ ਵੱਖ-ਵੱਖ ਥਾਵਾਂ ’ਤੇ ਅਣਅਧਿਕਾਰਤ ਉਸਾਰੀਆਂ ਢਾਹੀਆਂ ਜਾ ਰਹੀਆਂ ਹਨ ਪਰ ਦੂਜੇ ਪਾਸੇ ਟੀਡੀਆਈ ਸੈਕਟਰਾਂ ਵਿੱਚ ਟੀਡੀਆਈ ਬਿਲਡਰ ਨਾਲ ਮਿਲੀਭੁਗਤ ਕਰਕੇ ਅਣਅਧਿਕਾਰਤ ਖੇਤਰ ਵਿੱਚ ਪਲਾਟਾਂ ਦੇ ਕਬਜ਼ੇ ਦਿੱਤੇ ਜਾ ਰਹੇ ਹਨ।
ਆਗੂਆਂ ਨੇ ਕਿਹਾ ਕਿ ਟੀ ਡੀ ਆਈ ਬਿਲਡਰ ਵੱਲੋਂ ਕੀਤੀਆਂ ਜਾਂਦੀਆਂ ਅਲਾਟਮੈਂਟਾਂ ਤੇ ਉਨੀ ਦੇਰ ਤੱਕ ਰੋਕ ਲਾਈ ਜਾਵੇ ਜਿੰਨੀ ਦੇਰ ਤੱਕ ਬਿਲਡਰ ਵੱਖ-ਵੱਖ ਵਿਭਾਗਾਂ ਦੀਆਂ ਸ਼ਰਤਾਂ ਪੂਰੀਆਂ ਨਹੀ ਕਰਦਾ। ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ-ਪੱਧਰੀ ਪੜਤਾਲ ਕਰਵਾਈ ਜਾਵੇ ਅਤੇ ਦੋਸ਼ੀ ਪਾਏ ਜਾਣ ਵਾਲੇ ਗਮਾਡਾ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸੰਜੇਵੀਰ, ਮੋਹਿਤ ਮਦਾਨ, ਵਸ਼ਿਸ਼ਟ, ਪ੍ਰਸ਼ੋਤਮ ਲਾਲ, ਬੰਤ ਸਿੰਘ ਭੁੱਲਰ, ਹਰਮਿੰਦਰ ਸਿੰਘ ਹੈਰੀ ਅਤੇ ਰਜਿੰਦਰ ਯਾਦਵ ਹਾਜ਼ਰ ਸਨ।