
ਕੋਵਿਡ ਕਾਰਨ ਫੌਤ ਹੋਏ ਸਿੱਖਿਆ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ
50 ਫੀਸਦੀ ਹਾਜ਼ਰੀ ਦਾ ਰੂਲ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ’ਤੇ ਵੀ ਲਾਗੂ ਕੀਤਾ ਜਾਵੇ: ਅਧਿਆਪਕ ਯੂਨੀਅਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਈ:
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਕ) ਦੀ ਵਰਚੂਅਲ ਮੀਟਿੰਗ ਸੂਬਾ ਪ੍ਰਧਾਨ ਹਰਜੀਤ ਸਿੰਘ ਬਸੋਤਾ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਅਧਿਆਪਕ ਮਸਲਿਆਂ ਅਤੇ ਕਰੋਨਾ ਮਹਾਮਾਰੀ ਬਾਰੇ ਚਰਚਾ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਸੁਰਿੰਦਰ ਕੰਬੋਜ ਅਤੇ ਸੂਬਾ ਪ੍ਰੈਸ ਸਕੱਤਰ ਐਨਡੀ ਤਿਵਾੜੀ ਨੇ ਦੱਸਿਆ ਕਿ ਕੋਵਿਡ ਕਾਰਨ ਜਿਨ੍ਹਾਂ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਲਈ ਸ਼ੋਕ ਮਤਾ ਪਾਇਆ ਅਤੇ ਇਨ੍ਹਾਂ ਮੁਲਾਜ਼ਮਾਂ ਨੂੰ ਕਰੋਨਾ ਯੋਧੇ ਘੋਸ਼ਿਤ ਕਰਦੇ ਹੋਏ ਉਨ੍ਹਾਂ ਦੇ ਵਾਰਸਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ।
ਉਨ੍ਹਾਂ ਕਿਹਾ ਕਿ ਇਕਾਂਤਵਾਸ ਲੀਵ ਸਬੰਧੀ ਜੋ ਪੱਤਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਹਨ, ਉਹ ਇਕਸਾਰਤਾ ਨਾਲ ਸਾਰੇ ਵਿਭਾਗਾਂ ਵਿੱਚ ਲਾਗੂ ਕੀਤੇ ਜਾਣ। ਕਰੋਨਾ ਪਾਜ਼ੇਟਿਵ ਹੋਣ ’ਤੇ 17 ਦਿਨ ਦੀ ਇਕਾਂਤਵਾਸ ਲੀਵ ਸਾਰੇ ਮੁਲਾਜ਼ਮਾਂ ਨੂੰ ਦਿੱਤੀ ਜਾਵੇ। ਪੰਜਾਬ ਦੇ ਸਮੂਹ ਵਿਭਾਗਾਂ ਵਾਂਗ 50 ਫੀਸਦੀ ਹਾਜ਼ਰ ਹੋਣ ਦਾ ਰੂਲ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ’ਤੇ ਵੀ ਲਾਗੂ ਕੀਤਾ ਜਾਵੇ। ਇਹ ਨਿਯਮ ਸਿੱਖਿਆ ਸਕੱਤਰ ਦੇ ਹੁਕਮਾਂ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਲਾਗੂ ਨਹੀਂ ਹੋ ਰਿਹਾ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਖੋ-ਵੱਖਰੇ ਨਿਯਮ ਹਨ।
ਹੈੱਡ ਟੀਚਰਾਂ ਦੀਆਂ ਬਦਲੀਆਂ ਵਿੱਚ ਬਹੁਤੇ ਜ਼ਿਲ੍ਹਿਆਂ ਦੀਆਂ ਖਾਲੀ ਪੋਸਟਾਂ ਜੋ ਦਿਖਾਈਆਂ ਨਹੀਂ ਜਾ ਰਹੀਆਂ ਸਨ, ਜਾਂ ਬਦਲੀ ਉਪਰੰਤ ਅਧਿਆਪਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਇਸ ਜ਼ਿਲ੍ਹੇ ਵਿੱਚ ਪੋਸਟ ਖਾਲੀ ਨਹੀਂ ਹੈ, ਇਸ ਕਰਕੇ ਤੁਸੀਂ ਜੁਆਇੰਨ ਨਹੀਂ ਹੋ ਸਕਦੇ ਪਰ ਹੁਣ ਉਹ ਸਟੇਸ਼ਨ ਹੈੱਡ ਟੀਚਰਾਂ ਦੀ ਸਿੱਧੀ ਭਰਤੀ ਵਿੱਚ ਦਿਖਾਈਆਂ ਜਾ ਰਹੀਆਂ ਹਨ। ਇਸ ਦੀ ਜਾਂਚ ਕਰਵਾਈ ਜਾਵੇ। ਜਥੇਬੰਦੀ ਮੰਗ ਕਰਦੀ ਹੈ ਜਿਨ੍ਹਾਂ ਸਟੇਸ਼ਨਾਂ ਉਪਰ ਅਧਿਆਪਕਾਂ ਦੀ ਬਦਲੀ ਹੋ ਚੁੱਕੀ ਹੈ, ਪਰ ਬਦਲੀਆਂ ਉਪਰ ਰੋਕ ਹੋਣ ਕਾਰਨ ਅਧਿਆਪਕਾਂ ਨੇ ਅਜੇ ਜੁਆਇੰਨ ਨਹੀਂ ਕੀਤਾ, ਹੈੱਡ ਟੀਚਰਾਂ ਦੀ ਸਿੱਧੀ ਭਰਤੀ ਵਿੱਚ ਉਹ ਸਟੇਸ਼ਨ ਨਾ ਦਿੱਤੇ ਜਾਣ।
ਮਿਡਲ ਸਕੂਲਾਂ ਵਿੱਚ ਸਾਰੇ ਵਿਸ਼ਿਆਂ ਦੀਆਂ ਪੋਸਟਾਂ ਦਿੱਤੀਆਂ/ਭਰੀਆਂ ਜਾਣ ਅਤੇ ਪ੍ਰਾਇਮਰੀ ਸਕੂਲ ਵਿਚ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਨੂੰ ਵਿੱਚ ਗਿਣ ਕੇ ਹੈੱਡ ਟੀਚਰ ਦੀ ਪੋਸਟ ਦਿੱਤੀ ਜਾਵੇ ਅਤੇ ਪ੍ਰੀ ਪ੍ਰਾਇਮਰੀ ਬੱਚਿਆਂ ਲਈ ਇਕ ਹੈਲਪਰ ਦੀ ਪੋਸਟ ਜਰੂਰ ਦਿੱਤੀ ਜਾਵੇ। ਦਾਖ਼ਲਾ ਵਧਾਉਣ ਦੇ ਨਾਮ ਉੱਤੇ ਅਧਿਆਪਕਾਂ ਨੂੰ ਬੇਵਜ੍ਹਾ ਪਰੇਸ਼ਾਨ ਨਾ ਕੀਤਾ ਜਾਵੇ।
ਇਸ ਮੌਕੇ ਕੰਵਲਜੀਤ ਸੰਗੋਵਾਲ, ਨਵਪ੍ਰੀਤ ਬੱਲੀ, ਬਿਕਰਮਜੀਤ ਸਿੰਘ ਸ਼ਾਹ, ਜਤਿੰਦਰ ਸੋਨੀ, ਜਰਨੈਲ ਮਿੱਠੇਵਾਲ, ਪ੍ਰਗਟ ਸਿੰਘ ਜੰਬਰ, ਸੋਮ ਸਿੰਘ ਗੁਰਦਾਸਪੁਰ, ਜਗਦੀਪ ਸਿੰਘ ਜੌਹਲ, ਗੁਰਜੀਤ ਸਿੰਘ ਮੁਹਾਲੀ, ਸੁੱਚਾ ਸਿੰਘ ਚਾਹਲ, ਬਲਬੀਰ ਸੰਗਰੂਰ, ਜਰਨੈਲ ਜੰਡਾਲੀ, ਰਘਬੀਰ ਬੱਲ, ਤਰਸੇਮ ਪਠਲਾਵਾਂ, ਅਸ਼ਵਨੀ ਸ਼ਰਮਾ, ਪ੍ਰੇਮ ਕੁਮਾਰ ਲੁਧਿਆਣਾ, ਅਮਰਜੀਤ ਕੁਮਾਰ ਆਦਿ ਆਗੂ ਸ਼ਾਮਿਲ ਸਨ।