Nabaz-e-punjab.com

ਮੁਹਾਲੀ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਬੂਥਾਂ ਉੱਤੇ ਦੂਜੀ ਮੰਜ਼ਲ ਦੀ ਉਸਾਰੀ ਕਰਨ ਦੇਣ ਦੀ ਮੰਗ ਉੱਠੀ

ਐਮਪੀਸੀਏ ਤੇ ਮੁਹਾਲੀ ਵਪਾਰ ਮੰਡਲ ਦਾ ਸਾਂਝਾ ਵਫ਼ਦ ਗਮਾਡਾ ਦੀ ਮੁੱਖ ਪ੍ਰਸ਼ਾਸਕ ਸ੍ਰੀਮਤੀ ਕਵਿਤਾ ਸਿੰਘ ਨੂੰ ਮਿਲਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਗਸਤ:
ਮੁਹਾਲੀ ਦੇ ਵੱਖ ਵੱਖ ਫੇਜ਼ ਦੀਆਂ ਮਾਰਕੀਟਾਂ ਵਿੱਚ ਬੂਥਾਂ ਅਤੇ ਸਿੰਗਲ ਸਟੋਰੀ ਦੁਕਾਨਾਂ ਦੀ ਛੱਤ ਉੱਤੇ ਦੂਜੀ ਮੰਜ਼ਲ ਦੀ ਉਸਾਰੀ ਕਰਨ ਦੀ ਮੰਗ ਨੇ ਜੋਰ ਫੜ ਲਿਆ ਹੈ। ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਐਸਸੀਐਫ਼ ਅਤੇ ਐਸਸੀਓ ਕੈਟਾਗਰੀ ਦੇ ਸ਼ੋਅਰੂਮਾਂ ਉੱਤੇ ਚਾਰ ਮੰਜ਼ਲਾਂ ਤੱਕ ਉਸਾਰੀ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਪ੍ਰੰਤੂ ਬੂਥਾਂ ਅਤੇ ਸਿੰਗਲ ਸਟੋਰੀ ਦੁਕਾਨਾਂ ਨੂੰ ਸਿਰਫ਼ ਬੇਸਮੈਂਟ ਅਤੇ ਹੇਠਲੀ ਮੰਜ਼ਲ ਦੀ ਉਸਾਰੀ ਕਰਨ ਦੀ ਇਜਾਜ਼ਤ ਮਿਲੀ ਹੋਈ ਹੈ ਅਤੇ ਇਨ੍ਹਾਂ ਦੁਕਾਨਾਂ ਦੇ ਮਾਲਕ ਚਾਹੁੰਦੇ ਹੋਏ ਵੀ ਉੱਪਰਲੀ ਮੰਜ਼ਲ ਦੀ ਉਸਾਰੀ ਨਹੀਂ ਕਰ ਸਕਦੇ ਹਨ। ਜਿਸ ਕਾਰਨ ਦੁਕਾਨਦਾਰਾਂ ਨੂੰ ਆਪਣਾ ਕਾਰੋਬਾਰ ਵਧਾਉਣ ਲਈ ਹੋਰ ਦੁਕਾਨਾਂ ਮੁੱਲ ਜਾਂ ਕਿਰਾਏ ’ਤੇ ਲੈਣੀਆਂ ਪੈਂਦੀਆਂ ਹਨ। ਇਹੀ ਨਹੀਂ ਅਜਿਹੇ ਦੁਕਾਨਾਂ ਨੂੰ ਆਪਣਾ ਵਾਧੂ ਸਮਾਨ ਬਰਾਂਡੇ ਵਿੱਚ ਵੀ ਰੱਖਣ ਦੀ ਆਗਿਆ ਨਹੀਂ ਹੈ। ਜੇਕਰ ਕੋਈ ਦੁਕਾਨਦਾਰ ਆਪਣੀ ਸਹੂਲਤ ਲਈ ਸਮਾਨ ਬਾਹਰ ਰੱਖ ਵੀ ਲੈਂਦਾ ਹੈ ਤਾਂ ਝੱਟ ਨਗਰ ਨਿਗਮ ਦੀ ਟੀਮ ਆ ਕੇ ਸਮਾਨ ਚੁੱਕ ਕੇ ਲੈ ਜਾਂਦੀ ਹੈ। ਜਿਸ ਕਾਰਨ ਦੁਕਾਨਦਾਰਾਂ ਨੂੰ ਦੋਹਰੀ ਮਾਰ ਪੈ ਰਹੀ ਹੈ।
ਇਸ ਸਬੰਧੀ ਅੱਜ ਮੁਹਾਲੀ ਪ੍ਰਾਪਰਟੀ ਕੰਸਲਟੈਂਟਸ ਐਸੋਸੀਏਸ਼ਨ ਅਤੇ ਵਪਾਰ ਮੰਡਲ ਮੁਹਾਲੀ ਦਾ ਇਕ ਸਾਂਝਾ ਵਫ਼ਦ ਵਪਾਰ ਮੰਡਲ ਦੇ ਪ੍ਰਧਾਨ ਵਿਨੀਤ ਵਰਮਾ ਅਤੇ ਪ੍ਰਾਪਰਟੀ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੱਭਰਵਾਲ ਦੀ ਅਗਵਾਈ ਹੇਠ ਗਮਾਡਾ ਦੀ ਮੁੱਖ ਪ੍ਰਸ਼ਾਸਕ ਸ੍ਰੀਮਤੀ ਕਵਿਤਾ ਸਿੰਘ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਸ਼ਹਿਰ ਵਿੱਚ ਬਣੇ ਹੋਏ ਬਿਲਟਪ ਬੂਥਾਂ ਅਤੇ ਬੇ ਸ਼ਾਪਾਂ ਉੱਤੇ ਪਹਿਲੀ ਮੰਜ਼ਲ ਦੀ ਉਸਾਰੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਨ੍ਹਾਂ ਦੋਵਾਂ ਸੰਸਥਾਵਾਂ ਨੇ ਮੁੱਖ ਪ੍ਰਸ਼ਾਸਕ ਨੂੰ ਮੰਗ ਪੱਤਰ ਦੇ ਕੇ ਗੁਹਾਰ ਲਗਾਈ ਕਿ ਹਰਿਆਣਾ ਅਤੇ ਹੋਰਨਾਂ ਸੂਬਿਆਂ ਵਿੱਚ ਪਹਿਲਾਂ ਤੋਂ ਹੀ ਬੂਥਾਂ ’ਤੇ ਪਹਿਲੀ ਮੰਜ਼ਲ ਦੀ ਉਸਾਰੀ ਕਰਨ ਦੀ ਮਨਜ਼ੂਰੀ ਮਿਲੀ ਹੋਈ ਹੈ। ਗਮਾਡਾ ਦੇ ਨਵੇਂ ਕੱਟੇ ਜਾ ਰਹੇ ਪ੍ਰਾਜੈਕਟਾਂ ਵਿੱਚ ਦੋ ਮੰਜ਼ਲਾ ਬੂਥਾਂ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਆਗੂਆਂ ਨੇ ਦੱਸਿਆ ਕਿ ਮੁੱਖ ਪ੍ਰਸ਼ਾਸਕ ਨੇ ਵਫ਼ਦ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਉਹ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਦੁਕਾਨਦਾਰਾਂ ਦੀ ਮੰਗ ਨੂੰ ਪੂਰਾ ਕਰਨ ਲਈ ਲੋੜੀਂਦੀ ਕਾਰਵਾਈ ਕਰਨਗੇ। ਵਫ਼ਦ ਵਿੱਚ ਐਪਪੀਸੀਏ ਦੇ ਸਾਬਕਾ ਪ੍ਰਧਾਨ ਡੀਐਸ ਬੈਨੀਪਾਲ, ਸੀਨੀਅਰ ਮੀਤ ਪ੍ਰਧਾਨ ਜਤਿੰਦਰ ਆਨੰਦ ਟਿੰਕੂ, ਵਿੱਤ ਸਕੱਤਰ ਪਲਵਿੰਦਰ ਸਿੰਘ, ਵਪਾਰ ਮੰਡਲ ਮੁਹਾਲੀ ਦੇ ਚੇਅਰਮੈਨ ਸ਼ੀਤਲ ਸਿੰਘ, ਬੂਥ ਮਾਰਕੀਟ ਦੇ ਪ੍ਰਧਾਨ ਸਰਬਜੀਤ ਸਿੰਘ ਪ੍ਰਿੰਸ ਅਤੇ ਹੋਰ ਨੁਮਾਇੰਦੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…