Nabaz-e-punjab.com

ਮੁਹਾਲੀ ਜ਼ਿਲ੍ਹੇ ਦੇ ਘਾੜ ਤੇ ਕੰਢੀ ਏਰੀਆ ਵਿੱਚ ਦਸਮੇਸ਼ ਕਨਾਲ ਬਣਾਉਣ ਦੀ ਮੰਗ ਨੇ ਜ਼ੋਰ ਫੜਿਆ

ਸਾਬਕਾ ਮੰਤਰੀ ਜਗਮੋਹਨ ਕੰਗ ਤੇ ਯਾਦਵਿੰਦਰ ਕੰਗ ਨੇ ਸਿੰਜਾਈ ਮੰਤਰੀ ਸੁੱਖ ਸਰਕਾਰੀਆ ਨੂੰ ਮੰਗ ਪੱਤਰ ਸੌਂਪਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਕਤੂਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਅਧੀਨ ਆਉਂਦੇ ਕੰਢੀ ਤੇ ਘਾੜ ਏਰੀਆ ਵਿੱਚ ਕਰੀਬ ਢਾਈ ਦਹਾਕੇ ਬਾਅਦ ਮੁੜ ਤੋਂ ਦਸਮੇਸ਼ ਕਨਾਲ ਬਣਾਉਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਇਸ ਸਬੰਧੀ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਯਾਦਵਿੰਦਰ ਸਿੰਘ ਕੰਗ ਨੇ ਸੂਬੇ ਦੇ ਸਿੰਜਾਈ ਤੇ ਮਕਾਨ ਉਸਾਰੀ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨਾਲ ਮੁਲਾਕਾਤ ਕੀਤੀ ਅਤੇ ਇਕ ਮੰਗ ਪੱਤਰ ਦੇ ਕੇ ਕੰਢੀ ਅਤੇ ਘਾੜ ਇਲਾਕੇ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਹਰ ਸਾਲ ਡੂੰਘਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸ੍ਰੀ ਕੰਗ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਦਸਮੇਸ਼ ਕਨਾਲ ਦੇ ਪ੍ਰਾਜੈਕਟ ਨੂੰ ਹਰੀ ਝੰਡੀ ਦੇਣ ਦੀ ਗੁਹਾਰ ਲਗਾਈ ਸੀ।
ਉਨ੍ਹਾਂ ਨੇ ਸੁੱਖ ਸਰਕਾਰੀਆ ਦੇ ਧਿਆਨ ਵਿੱਚ ਲਿਆਂਦਾ ਕਿ ਸਵਰਗੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਅਗਵਾਈ ਵਾਲੀ ਤਤਕਾਲੀ ਕਾਂਗਰਸ ਸਰਕਾਰ ਸਮੇਂ ਜਦੋਂ ਉਹ ਸਿੰਜਾਈ ਤੇ ਮਾਲ ਮੰਤਰੀ ਸਨ, ਉਦੋਂ ਕੰਢੀ/ਘਾੜ ਦੇ ਏਰੀਆ ਵਿੱਚ ਐਸਵਾਈਐੱਲ ’ਚੋਂ ਪਾਣੀ ਲੈ ਕੇ ਦਸਮੇਸ਼ ਕਨਾਲ ਬਣਾਉਣ ਦੀ ਯੋਜਨਾ ਬਣਾਈ ਗਈ ਸੀ, ਪ੍ਰੰਤੂ ਬਾਅਦ ਵਿੱਚ ਸਤਾ ਪਰਿਵਰਤਨ ਹੋਣ ਕਾਰਨ ਐਸਵਾਈਐੱਲ ਨਾ ਬਣਨ ਕਰਕੇ ਇਹ ਸਾਰਾ ਪ੍ਰਾਜੈਕਟ ਠੱਪ ਹੋ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕ ਹਿੱਤ ਵਿੱਚ ਇਸ ਪ੍ਰਾਜੈਕਟ ’ਤੇ ਦੁਬਾਰਾ ਗੌਰ ਕੀਤੀ ਜਾਵੇ। ਇਸ ਨਾਲ ਜ਼ਿਲ੍ਹਾ ਮੁਹਾਲੀ ਸਮੇਤ ਜ਼ਿਲ੍ਹਾ ਰੂਪਨਗਰ ਅਤੇ ਪਟਿਆਲਾ ਇਲਾਕਿਆਂ ਨੂੰ ਕਾਫੀ ਫਾਈਦਾ ਹੋਵੇਗਾ।
ਉਨ੍ਹਾਂ ਕਿਹਾ ਕਿ ਪਿੱਛੇ ਜਿਹੇ ਹੋਈ ਭਾਰੀ ਬਾਰਿਸ਼ ਕਰਨ ਪਿੰਡ ਟਾਂਡਾ, ਮਸੌਲ, ਬਘਿੰਡੀ, ਛੋਟੀ ਬੜੀ ਨੰਗਲ, ਮਿਰਜ਼ਾਪੁਰ ਅਤੇ ਲੁਬਾਣਗੜ੍ਹ ਆਦਿ ਪਿੰਡਾਂ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਲੋਕਲ ਪਹਾੜੀ\ਛੋਟੀ ਨਦੀਆਂ ਦਾ ਪਾਣੀ ਪਿੰਡਾਂ ਵਿੱਚ ਵੜ ਗਿਆ। ਡਰੇਨਜ਼ ਵਿਭਾਗ ਵੱਲੋਂ ਬਣਾਏ ਗਏ ਪੱਥਰ ਦੇ ਸਾਰੇ ਬੰਨ੍ਹ ਟੁੱਟ ਗਏ ਹਨ। ਇਸ ਤੋਂ ਇਲਾਵਾ ਇਲਾਕੇ ਵਿੱਚ ਹੋਰ ਵੀ ਪਿੰਡਾਂ ਵਿੱਚ ਕਾਫੀ ਨੁਕਸਾਨ ਹੋਇਆ ਹੈ। ਜਿਸ ਕਾਰਨ ਇਸ ਇਲਾਕੇ ਵਿੱਚ ਉਕਤ ਪਿੰਡਾਂ ਅਤੇ ਨਦੀਆਂ ਦੇ ਮਜ਼ਬੂਤ ਬੰਨ੍ਹ ਅਤੇ ਸਟੱਡ ਬਣਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸਮੁੱਚੇ ਖਰੜ ਅਤੇ ਬਲਾਕ ਮਾਜਰੀ ਇਲਾਕੇ ਵਿੱਚ ਲੋੜ ਅਨੁਸਾਰ ਹੋਰ ਤੇ ਡੂੰਘੇ ਟਿਊਬਵੈੱਲ ਲਗਾਏ ਜਾਣ।
(ਬਾਕਸ ਆਈਟਮ)
ਸਿੰਜਾਈ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਸ੍ਰੀ ਕੰਗ ਨੂੰ ਭਰੋਸਾ ਦਿੱਤਾ ਕਿ ਸਿੰਜਾਈ ਵਿਭਾਗ ਵੱਲੋਂ ਦਸਮੇਸ਼ ਕਨਾਲ ਦੇ ਪੁਰਾਣੇ ਪ੍ਰਾਜੈਕਟ ’ਤੇ ਮੁੜ ਵਿਚਾਰ ਕਰਨ ਦੇ ਨਾਲ ਨਾਲ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਸਮੱਸਿਆ ਦੇ ਸਥਾਈ ਹੱਲ ਲਈ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਇਲਾਕੇ ਵਿੱਚ ਲੋੜ ਅਨੁਸਾਰ ਹੋਰ ਨਵੇਂ ਡੂੰਘੇ ਟਿਊਬਵੈੱਲ ਲਗਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ।

Load More Related Articles
Load More By Nabaz-e-Punjab
Load More In Development and Work

Check Also

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ ਮੁਕਾਬਲਾ ਪ੍ਰ…