
ਮੀਟਰ ਦੀ ਅਸਲ ਰੀਡਿੰਗ ਮੁਤਾਬਕ ਖਪਤਕਾਰਾਂ ਨੂੰ ਬਿਜਲੀ ਦੇ ਬਿਲ ਭੇਜਣ ਦੀ ਮੰਗ
ਕੰਜ਼ਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਦੇ ਪ੍ਰਧਾਨ ਪੀਐਸ ਵਿਰਦੀ ਨੇ ਪਾਵਰਕੌਮ ਦੇ ਚੇਅਰਮੈਨ ਨੂੰ ਲਿਖੀ ਚਿੱਠੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜੂਨ:
ਕੰਜ਼ਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਦੇ ਪ੍ਰਧਾਨ ਇੰਜ. ਪੀਐਸ ਵਿਰਦੀ ਨੇ ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਦੇ ਚੇਅਰਮੈਨ ਨੂੰ ਚਿੱਠੀ ਲਿਖ ਕੇ ਖਪਤਕਾਰਾਂ ਨੂੰ ਬਿਜਲੀ ਦੇ ਬਿਲ ਮੀਟਰ ਦੀ ਅਸਲ ਰੀਡਿੰਗ ਮੁਤਾਬਕ ਭੇਜਣ ਦੀ ਗੁਹਾਰ ਲਗਾਈ ਹੈ। ਉਨ੍ਹਾਂ ਲਿਖਿਆ ਕਿ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਲੌਕਡਾਊਨ ਦੌਰਾਨ ਅਤੇ ਹੁਣ ਲੌਕਡਾਊਨ ਖੁੱਲ੍ਹਣ ਤੋਂ ਬਾਅਦ ਖਪਤਕਾਰਾਂ ਨੂੰ ਬਿਜਲੀ ਦੇ ਬਿੱਲ ਅਸਲ ਮੀਟਰ ਰੀਡਿੰਗ ਮੁਤਾਬਕ ਭੇਜਣ ਦੀ ਬਜਾਏ ਪਾਵਰਕੌਮ ਵੱਲੋਂ ਹੁਣ ਵੀ ਅੰਦਾਜ਼ੇ ਨਾਲ ਬਿਲ ਤਿਆਰ ਕਰਕੇ ਭੇਜੇ ਜਾ ਰਹੇ ਹਨ। ਇਹੀ ਨਹੀਂ ਜ਼ਿਆਦਾਤਰ ਬਿਲ ਮੈਸੇਜ ਰਾਹੀਂ, ਈ-ਮੇਲ ਰਾਹੀਂ ਜਾਂ ਮੋਬਾਈਲ ’ਤੇ ਭੇਜੇ ਗਏ ਹਨ। ਇਸ ਸਬੰਧੀ ਜਦੋਂ ਖਪਤਕਾਰਾਂ ਵੱਲੋਂ ਪਾਵਰਕੌਮ ਦੇ ਦਫ਼ਤਰ ਵਿੱਚ ਜਾ ਕੇ ਬਿਜਲੀ ਬਿੱਲਾਂ ਬਾਰੇ ਪਤਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਆਪਣੇ ਮੀਟਰ ਦੀ ਰੀਡਿੰਗ ਦੀ ਫੋਟੋ ਖਿੱਚ ਕੇ ਪੇਸ਼ ਕਰਨ ਅਤੇ ਉਸ ਦੇ ਆਧਾਰ ’ਤੇ ਹੀ ਬਿੱਲ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਹੈ।
ਸ੍ਰੀ ਵਿਰਦੀ ਨੇ ਕਿਹਾ ਕਿ ਮੀਟਰ ਰੀਡਿੰਗ ਦੀ ਜਾਂਚ ਕਰਵਾਉਣ ਲਈ ਵੀ ਖਪਤਕਾਰਾਂ ਨੂੰ ਘੰਟਿਆਂਬੱਧੀ ਲਾਈਨਾਂ ਵਿੱਚ ਖੜ੍ਹੇ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਖਪਤਕਾਰ ਵੱਲੋਂ ਮੀਟਰ ਰੀਡਿੰਗ ਦੀ ਗਲਤ ਫੋਟੋ ਖਿੱਚ ਕੇ ਦਿਖਾਈ ਜਾਵੇ ਤਾਂ ਮਾਮਲਾ ਹੋਰ ਵੀ ਗੰਭੀਰ ਹੋ ਸਕਦਾ ਹੈ। ਜਿਸ ਨਾਲ ਬਿੱਲ ਵਿੱਚ ਹਜ਼ਾਰਾਂ ਰੁਪਏ ਵੱਧ ਜਾਂ ਘੱਟ ਜਾਣ ਦਾ ਖ਼ਦਸ਼ਾ ਹੈ। ਜਿਨ੍ਹਾਂ ਖਪਤਕਾਰਾਂ ਕੋਲ ਮੋਬਾਈਲ ਨਹੀਂ ਹਨ ਜਾਂ ਉਨ੍ਹਾਂ ਨੂੰ ਇਸ ਦੀ ਜ਼ਿਆਦਾ ਜਾਣਕਾਰੀ ਨਹੀਂ ਹੈ। ਉਨ੍ਹਾਂ ਲਈ ਇਹ ਸਮੱਸਿਆ ਹੋਰ ਵੀ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਹਿਲਾਂ ਵੀ ਪਾਵਰਕੌਮ ਨੂੰ ਪੱਤਰ ਲਿਖ ਕੇ ਬਿਜਲੀ ਬਿੱਲ ਮੀਟਰ ਦੀ ਅਸਲ ਰੀਡਿੰਗ ਮੁਤਾਬਕ ਭੇਜਣ ਦੀ ਮੰਗ ਕੀਤੀ ਗਈ ਸੀ ਪ੍ਰੰਤੂ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਲਿਖਿਆ ਕਿ ਫੈਡਰੇਸ਼ਨ ਨੇ ਮੁੜ ਅਪੀਲ ਕਿ ਚੰਡੀਗੜ੍ਹ ਦੀ ਤਰਜ਼ ’ਤੇ ਬਿਜਲੀ ਬਿੱਲਾਂ ਦੀ ਮੁਆਫ਼ੀ ਕੀਤੀ ਜਾਵੇ ਅਤੇ ਭਵਿੱਖ ਵਿੱਚ ਅਸਲ ਰੀਡਿੰਗ ਮੁਤਾਬਕ ਬਿਜਲੀ ਦੇ ਬਿੱਲ ਭੇਜੇ ਜਾਣ।