nabaz-e-punjab.com

ਖਪਤਕਾਰਾਂ ਨੂੰ ਰੀਡਿੰਗ ਅਨੁਸਾਰ ਬਿਜਲੀ ਬਿੱਲ ਭੇਜਣ ਦੀ ਮੰਗ, ਬਿੱਲ ਭਰਨ ਸਮੇਂ ਖਪਤਕਾਰ ਖੱਜਲ-ਖੁਆਰ

ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਦੇ ਚੇਅਰਮੈਨ ਨੂੰ ਲਿਖਿਆ ਪੱਤਰ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਗਸਤ:
ਖਪਤਕਾਰ ਸੁਰੱਖਿਆ ਫੈਡਰੇਸ਼ਨ ਦੇ ਪ੍ਰਧਾਨ ਇੰਜ. ਪੀਐਸ ਵਿਰਦੀ ਨੇ ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਬਿਜਲੀ ਦੇ ਬਿੱਲ ਮੀਟਰ ਦੀ ਅਸਲ ਰੀਡਿੰਗ ਮੁਤਾਬਕ ਭੇਜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਕਰੋਨਾ ਮਹਾਮਾਰੀ ਕਾਰਨ ਲੌਕਡਾਊਨ ਅਤੇ ਉਸ ਤੋਂ ਬਾਅਦ ਖਪਤਕਾਰਾਂ ਨੂੰ ਬਿਜਲੀ ਦੇ ਬਿੱਲ ਅੰਦਾਜ਼ੇ ਅਨੁਸਾਰ ਬਣਾ ਕੇ ਮੋਬਾਈਲ ਫੋਨਾਂ ’ਤੇ ਮੈਸੇਜ ਜਾਂ ਈਮੇਲ ਰਾਹੀਂ ਭੇਜੇ ਗਏ ਹਨ। ਹਾਲਾਂਕਿ ਲੌਕਡਾਊਨ ਖੁੱਲ੍ਹੇ ਨੂੰ ਵੀ ਕਾਫੀ ਸਮਾਂ ਹੋ ਗਿਆ ਹੈ ਪ੍ਰੰਤੂ ਹੁਣ ਵੀ ਬਿਜਲੀ ਬਿੱਲ ਅੰਦਾਜ਼ੇ ਅਨੁਸਾਰ ਭੇਜਣ ਦਾ ਸਿਲਸਿਲਾ ਜਾਰੀ ਹੈ। ਜਿਸ ਦੇ ਸਿੱਟੇ ਵਜੋਂ ਖਪਤਕਾਰਾਂ ਨੂੰ ਕਾਫੀ ਮੋਟੀ ਰਕਮ ਦੇ ਬਿੱਲ ਆ ਰਹੇ ਹਨ ਅਤੇ ਇਸ ਕਾਰਨ ਖਪਤਕਾਰਾਂ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ।
ਸ੍ਰੀ ਵਿਰਦੀ ਨੇ ਪੱਤਰ ਵਿੱਚ ਲਿਖਿਆ ਹੈ ਕਿ ਹੁਣ ਜਦੋਂ ਸਰਕਾਰ ਦੇ ਸਾਰੇ ਦਫ਼ਤਰਾਂ ਅਤੇ ਬੋਰਡ\ਕਾਰਪੋਰੇਸ਼ਨ ਦਫ਼ਤਰਾਂ ਵਿੱਚ ਪੂਰੀ ਸਾਵਧਾਨੀ ਨਾਲ ਆਮ ਹਾਲਾਤਾਂ ਵਾਂਗ ਕੰਮ ਹੋ ਰਿਹਾ ਹੈ ਤਾਂ ਮੀਟਰ ਰੀਡਰ ਨੂੰ ਭੇਜ ਕੇ ਅਸਲ ਰੀਡਿੰਗ ਮੁਤਾਬਕ ਬਿੱਲ ਦੇਣ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਪਾਵਰਕੌਮ ਦੀ ਨੀਤੀ ਮੁਤਾਬਕ ਬਿਜਲੀ ਦੇ ਮੀਟਰ ਵੀ ਘਰਾਂ ਤੋਂ ਬਾਹਰ ਲੱਗੇ ਹੋਏ ਹਨ। ਇੱਥੋਂ ਦੇ ਫੇਜ਼-1 ਸਥਿਤ ਕਲੈਕਸ਼ਨ ਸੈਂਟਰ ਵੀ ਬੰਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਖਪਤਕਾਰਾਂ ਨੂੰ ਬਿੱਲ ਭਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਖਪਤਕਾਰਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਉਪਰੋਕਤ ਸਮੱਸਿਆਵਾਂ ਦਾ ਛੇਤੀ ਨਿਪਟਾਰਾ ਕੀਤਾ ਜਾਵੇ।
ਉਧਰ, ਪੰਜਾਬ ਰਾਜ ਪਾਵਰਕੌਮ ਦੀ ਵੱਡੀ ਅਣਗਹਿਲੀ ਕਾਰਨ ਕਾਫੀ ਭੰਬਲਭੂਸਾ ਪਾਇਆ ਜਾ ਰਿਹਾ ਹੈ। ਪਿਛਲੀ ਵਾਰੀ ਬਿਜਲੀ ਬਿੱਲ ਬਿਨਾਂ ਮੀਟਰ ਪੜਿਆਂ, ਪਿਛਲੇ ਬਿੱਲਾਂ ਦੀ ਅੌਸਤ ਦੇ ਆਧਾਰ ’ਤੇ ਭੇਜੇ ਗਏ ਸੀ। ਇਸ ਵਾਰੀ ਆਨਲਾਈਨ ਬਿੱਲਾਂ ਵਿੱਚ ਕਈ ਥਾਵਾਂ ’ਤੇ ਗਲਤ ਰੀਡਿੰਗ ਦਿੱਤੀ ਗਈ ਹੈ। ਇਕ ਖਪਤਕਾਰ ਦੇ ਖਾਤਾ ਨੰਬਰ 3000173412 ਵਾਲੇ ਬਿੱਲ ਉੱਤੇ 3 ਅਗਸਤ ਲਿਖੀ ਹੈ। ਨਵੀਂ ਰੀਡਿੰਗ 15534 ਹੈ ਜਦੋਂਕਿ ਅੱਜ ਮੀਟਰ ਦੀ ਰੀਡਿੰਗ 15285 ਹੈ। ਇਸ ਤਰ੍ਹਾਂ ਬਿਲ ਵਿੱਚ 249 ਯੂਨਿਟਾਂ ਵਾਧੂ ਪਾਈਆਂ ਗਈਆਂ ਹਨ। ਪੀੜਤ ਖਪਤਕਾਰਾਂ ਨੇ ਕਿਹਾ ਕਿ ਕਰੋਨਾ ਕਾਰਨ ਪਹਿਲਾਂ ਹੀ ਲੋਕਾਂ ਦੇ ਕਾਰੋਬਾਰ ਠੱਪ ਪਏ ਹਨ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਤੋਂ ਰੁਜ਼ਗਾਰ ਖੁੱਸ ਗਿਆ ਹੈ ਪ੍ਰੰਤੂ ਪਾਵਰਕੌਮ ਦੋਵੇਂ ਹੱਥਾਂ ਨਾਲ ਖਪਤਕਾਰਾਂ ਨੂੰ ਲੁੱਟਣ ’ਤੇ ਲੱਗਾ ਹੋਇਆ ਹੈ।

Check Also

ਯੋਗ ਅਭਿਆਸ ਨਾਲ ਘੱਟ ਹੋ ਰਿਹਾ ਹੈ ਲੋਕਾਂ ਦਾ ਮਾਨਸਿਕ ਤਣਾਅ: ਪ੍ਰਤਿਮਾ ਡਾਵਰ

ਯੋਗ ਅਭਿਆਸ ਨਾਲ ਘੱਟ ਹੋ ਰਿਹਾ ਹੈ ਲੋਕਾਂ ਦਾ ਮਾਨਸਿਕ ਤਣਾਅ: ਪ੍ਰਤਿਮਾ ਡਾਵਰ ਮੁਹਾਲੀ ਵਿੱਚ ਰੋਜ਼ਾਨਾ ਵੱਖ-ਵੱਖ…