Nabaz-e-punjab.com

ਪੁਆਧੀ ਭਗਤ ਕਵੀ ਆਸਾ ਰਾਮ ਬੈਦਵਾਣ ਦੀ ਯਾਦ ਵਿੱਚ ਚੇਅਰ ਸਥਾਪਿਤ ਕਰਨ ਦੀ ਮੰਗ ਉੱਠੀ

ਪੁਆਧੀ ਸੰਮੇਲਨ ਵੱਲੋਂ ਪੁਆਧੀ ਜ਼ੁਬਾਨ ਤੇ ਜਵਾਨੀ ਨੂੰ ਬਚਾਉਣ ਦਾ ਹੋਕਾ

ਇਤਿਹਾਸਕ ਨਗਰ ਸੋਹਾਣਾ ਵਿੱਚ ਪੁਆਧੀਆਂ ਦਾ ਵਿਸ਼ਾਲ ਇਕੱਠ, ਭਗਤ ਆਸਾ ਰਾਮ ਦੀ ਸਮਾਧ ਲੱਗੀਆਂ ਰੌਣਕਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੂਨ:
ਅੰਤਰਰਾਸ਼ਟਰੀ ਪੁਆਧੀ ਮੰਚ ਵੱਲੋਂ ਪੁਆਧ ਦੇ ਭਗਤ ਕਵੀ ਭਗਤ ਆਸਾ ਰਾਮ ਬੈਦਵਾਣ ਦੀ ਸੋਹਾਣਾ ਸਥਿਤ ਸਮਾਧ ਉੱਤੇ ਕਰਾਏ ਪਹਿਲੇ ਪੁਆਧੀ ਸੰਮੇਲਨ ਨੇ ਪੁਆਧੀਆਂ ਨੂੰ ਪੁਆਧੀ ਜ਼ੁਬਾਨ ਅਤੇ ਪੁਆਧ ਦੀ ਜਵਾਨੀ ਨੂੰ ਬਚਾਉਣ ਦਾ ਹੋਕਾ ਦਿੱਤਾ ਹੈ। ਸੰਮੇਲਨ ਵਿੱਚ ਮੁਹਾਲੀ, ਰੂਪਨਗਰ, ਪਟਿਆਲਾ, ਫਤਹਿਗੜ੍ਹ ਸਾਹਿਬ ਦੇ ਜ਼ਿਲ੍ਹਿਆਂ ਤੋਂ ਇਲਾਵਾ ਹਰਿਆਣਾ ਤੋਂ ਵੀ ਵੱਡੀ ਗਿਣਤੀ ਵਿੱਚ ਪੁਆਧੀ ਭਾਈਚਾਰੇ ਨੇ ਸ਼ਿਰਕਤ ਕੀਤੀ। ਮੰਚ ਨੇ ਪੁਆਧ ਦੇ ਬਾਕੀ ਖੇਤਰਾਂ ਵਿੱਚ ਵੀ ਸੰਮੇਲਨ ਕਰਾਉਣ ਅਤੇ ਵੱਡੀ ਪੁਆਧੀ ਇਕੱਤਰਤਾ ਬੁਲਾਏ ਜਾਣ ਦਾ ਐਲਾਨ ਕੀਤਾ।
ਮੰਚ ਦੇ ਮੈਂਬਰਾਂ ਪਰਮਜੀਤ ਕੌਰ ਲਾਂਡਰਾਂ, ਪਰਮਦੀਪ ਸਿੰਘ ਬੈਦਵਾਣ, ਸੀਨੀਅਰ ਪੱਤਰਕਾਰ ਡਾ. ਕਰਮਜੀਤ ਸਿੰਘ ਚਿੱਲਾ, ਡਾ. ਗੁਰਮੀਤ ਸਿੰਘ ਬੈਦਵਾਣ, ਮਨਮੋਹਣ ਕੌਰ ਸੰਤੇਮਾਜਰਾ ਅਤੇ ਹਰਦੀਪ ਸਿੰਘ ਬਠਲਾਣਾ ਨੇ ਇਸ ਮੌਕੇ ਪੰਜ ਮਤੇ ਪੇਸ਼ ਕੀਤੇ। ਇਨ੍ਹਾਂ ਵਿੱਚ ਪੁਆਧੀ ਭਗਤ ਕਵੀ ਭਗਤ ਆਸਾ ਰਾਮ ਸੋਹਾਣਾ ਦੀ ਯਾਦ ਵਿੱਚ ਯੂਨੀਵਰਸਿਟੀ ਵਿੱਚ ਚੇਅਰ ਸਥਾਪਿਤ ਕਰਨ, ਮਾਝੇ, ਮਾਲਵੇ, ਦੁਆਬੇ ਵਾਂਗ ਪੁਆਧ ਦੀ ਨਿਸ਼ਾਨਦੇਹੀ ਕਰਕੇ ਪੁਆਧ ਨੂੰ ਪੰਜਾਬ ਦੇ ਚੌਥੇ ਖ਼ਿੱਤੇ ਵਜੋਂ ਪ੍ਰਵਾਨ ਕਰਨ ਅਤੇ ਇਲੈੱਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਵਿੱਚ ਪੁਆਧ ਨੂੰ ਵੱਖਰੇ ਤੌਰ ’ਤੇ ਪ੍ਰਸ਼ਾਰਣ, ਪੁਆਧੀ ਸਾਹਿਤ ਨੂੰ ਸਕੂਲੀ ਅਤੇ ਯੂਨੀਵਰਸਿਟੀ ਸਿਲੇਬਸ ਦਾ ਹਿੱਸਾ ਬਣਾਉਣ ਦੀ ਮੰਗ ਕੀਤੀ ਗਈ। ਆਖਰੀ ਮਤੇ ਰਾਹੀਂ ਪੁਆਧੀਆਂ ਨੂੰ ਆਪਣੀਆਂ ਦੁਕਾਨਾਂ ਦੇ ਬੋਰਡ, ਵਿਆਹਾਂ-ਸ਼ਾਦੀਆਂ ਦੇ ਕਾਰਡ ਪੁਆਧੀ ਵਿੱਚ ਛਪਾਉਣ ਅਤੇ ਹਰ ਥਾਂ ਪੁਆਧੀ ਬੋਲਣ ਅਤੇ ਵਿਆਹਾਂ ਤੇ ਹੋਰ ਸਮਾਗਮਾਂ ਉੱਤੇ ਫਜ਼ੂਲ ਖਰਚੀ ਘਟਾਉਣ ਦਾ ਸੱਦਾ ਦਿੱਤਾ ਗਿਆ।
ਇਸ ਮੌਕੇ ਬੋਲਦਿਆਂ ਸੀਨਅਰ ਆਈਏਐਸ ਅਧਿਕਾਰੀ ਕਾਹਨ ਸਿੰਘ ਪੰਨੂ ਨੇ ਪੁਆਧੀ ਸੰਮੇਲਨ ਦੀ ਸ਼ਲਾਘਾ ਕਰਦਿਆਂ ਭਗਤ ਆਸਾ ਰਾਮ ਬੈਦਵਾਣ ਦੀ ਯਾਦ ਵਿੱਚ ਚੇਅਰ ਸਥਾਪਿਤ ਕਰਨ ਅਤੇ ਪੁਆਧੀ ਦੀ ਵੱਖਰੀ ਨਿਸ਼ਾਨਦੇਹੀ ਵਰਗੀਆਂ ਮੰਗਾਂ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਉਣ ਦਾ ਭਰੋਸਾ ਦਿਵਾਇਆ। ਡਾ. ਗੁਰਮੀਤ ਸਿੰਘ ਬੈਦਵਾਣ ਨੇ ਪੁਆਧੀ ਦੀ ਦਸ਼ਾ, ਦਿਸ਼ਾ ਅਤੇ ਸਥਿਤੀ ਬਾਰੇ ਖੋਜ ਭਰਪੂਰ ਪਰਚਾ ਪੜਦਿਆਂ ਪੁਆਧੀਆਂ ਨੂੰ ਆਪਣੀ ਮਾਂ ਬੋਲੀ ਪੁਆਧੀ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਮੌਕੇ ਮੋਹਣੀ ਤੂਰ, ਸੋਨੀ ਸਰਸੀਣੀ, ਚਰਨ ਪੁਆਧੀ, ਰੋਮੀ ਘੜਾਮੇ ਆਲਾ, ਭੁਪਿੰਦਰ ਮਟੌਰੀਆ ਨੇ ਪੁਆਧੀ ਗੀਤਾਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਪੁਆਧੀ ਦੇ ਵਾਰਤਕ ਲਿਖਾਰੀ ਮਨਜੀਤ ਰਾਜਪੁਰਾ ਨੇ ਵੀ ਪੁਆਧੀ ਨੂੰ ਦਰਪੇਸ਼ ਖ਼ਤਰਿਆਂ ਸਬੰਧੀ ਪੁਆਧੀਆਂ ਨੂੰ ਇੱਕਜੱੁਟ ਹੋਣ ਦਾ ਸੱਦਾ ਦਿੱਤਾ। ਪੁਆਧ ਦੇ ਅਖਾੜਾ ਪਰੰਪਰਾ ਨੂੰ ਅੱਗੇ ਤੋਰ ਰਹੇ ਪੁਆਧੀ ਗਾਇਕ ਸਮਰ ਸਿੰਘ ਸ਼ੰਮੀ ਨੇ ਤਿੰਨ ਘੰਟੇ ਤੋਂ ਵੱਧ ਅਖਾੜਾ ਲਗਾਕੇ ਪੁਆਧੀ ਵਿੱਚ ਵੱਖ ਵੱਖ ਪ੍ਰਸੰਗ ਸੁਣਾਏ।
ਇਸ ਮੌਕੇ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਬਲਬੀਰ ਸਿੰਘ ਢੋਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਠੇਕੇਦਾਰ ਮੋਹਣ ਸਿੰਘ ਬਠਲਾਣਾ, ਗੁਰਧਿਆਨ ਸਿੰਘ ਦੁਰਾਲੀ, ਚੰਡੀਗੜ੍ਹ ਦੇ ਡਿਪਟੀ ਮੇਅਰ ਹਰਦੀਪ ਸਿੰਘ ਬਟਰੇਲਾ, ਮਾਨ ਸਿੰਘ ਸੋਹਾਣਾ, ਸਤਵੰਤ ਕੌਰ ਜੌਹਲ, ਪ੍ਰੋ. ਜਗਜੀਤ ਸਿੰਘ, ਸਾਧੂ ਸਿੰਘ ਖਲੌਰ, ਪ੍ਰੋ. ਜਗਤਾਰ ਗਿੱਲ, ਜਗਤਾਰ ਸਿੰਘ ਢੇਲਪੁਰ ਤੋਂ ਇਲਾਵਾ ਇਲਾਕੇ ਦੇ ਵੱਡੀ ਗਿਣਤੀ ਵਿੱਚ ਪੰਚ ਸਰਪੰਚ ਮੌਜੂਦ ਸਨ। ਇਸ ਮੌਕੇ ਵੱਖ ਵੱਖ ਲੇਖਕਾਂ ਨੇ ਪੁਆਧੀ ਕਿਤਾਬਾਂ ਦੇ ਸਟਾਲ ਵੀ ਲਗਾਏ, ਜਿਨ੍ਹਾਂ ਉੱਤੋਂ ਵੱਡੀ ਗਿਣਤੀ ਵਿੱਚ ਪੁਆਧੀ ਸਾਹਿਤ ਦੀ ਵਿਕਰੀ ਹੋਈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…