Nabaz-e-punjab.com

ਮੁਹਾਲੀ ਤੋਂ ਖਾਨਪੁਰ ਤੱਕ ਫਲਾਈਓਵਰ ਤੇ ਐਲੀਵੇਟਿਡ ਹਾਈਵੇਅ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਦੀ ਮੰਗ ਉੱਠੀ

ਫਲਾਈਓਵਰ ਦਾ ਮੁੜ ਕੰਮ ਸ਼ੁਰੂ ਕਰਨ ਦੀ ਲਾਰਸਨ ਐਂਡ ਟਿਊਬਰੋ ਕੰਪਨੀ ਨੂੰ ਹਦਾਇਤ ਕੀਤੀ ਜਾਵੇ: ਬੀਰਦਵਿੰਦਰ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਅਪਰੈਲ:
ਕੋਵਿਡ-19 ਦੀ ਮਹਾਮਾਰੀ ਕਾਰਨ ਪੂਰਾ ਪੰਜਾਬ ਕਰਫਿਊ ਅਤੇ ਲਾਕਡਾਊਨ ਕਾਰਨ ਮੁਕੰਮਲ ਤੌਰ ’ਤੇ ਬੰਦ ਹੈ ਅਤੇ ਸੜਕਾਂ ਉੱਤੇ ਆਵਾਜਾਈ ਵੀ ਲਗਭਗ ਨਾਮਾਤਰ ਦੇ ਬਰਾਬਰ ਹੀ ਹੈ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਲਾਕਡਾਊਨ ਦੀਆਂ ਕੁਝ ਬੰਦਸ਼ਾਂ ਵਿੱਚ 20 ਅਪਰੈਲ ਤੋਂ ਛੋਟ ਦੇਣ ਦਾ ਐਲਾਨ ਕੀਤਾ ਗਿਆ ਹੈ, ਜਿਸ ਅਧੀਨ ਕੁਝ ਜ਼ਰੂਰੀ ਪ੍ਰਾਜੈਕਟਾਂ ਉੱਤੇ, ਲੋੜੀਂਦੇ ਇਹਤਿਆਤ ਦਾ ਧਿਆਨ ਰੱਖਦੇ ਹੋਏ, ਕੰਮ ਸ਼ੁਰੂ ਕੀਤੇ ਜਾ ਸਕਦੇ ਹਨ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਖਰੜ ਦੇ ਸਾਬਕਾ ਵਿਧਾਇਕ ਬੀਰ ਦਵਿੰਦਰ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਅਜਿਹਾ ਹੀ ਇਕ ਉਸਾਰੀ ਅਧੀਨ ਪ੍ਰਾਜੈਕਟ ਮੁਹਾਲੀ ਤੋਂ ਖਾਨਪੁਰ ਤੱਕ ਚਹੁੰ-ਮਾਰਗੀ ਉਥਾਪਤ-ਸ਼ਾਹਰਾਹ (ਐਲੀਵੇਟਡ ਹਾਈਵੇਅ) ਖਰੜ ਦਾ ਅਧੂਰਾ ਪ੍ਰਾਜੈਕਟ ਵੀ ਹੈ, ਜੋ ਬੜੇ ਲੰਮੇ ਸਮੇਂ ਤੋਂ ਲਟਕਾਅ ਵਾਲੀ ਸਥਿਤੀ ਵਿੱਚ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਨਾਲ ਜੂਝਨਾ ਪੈਂਦਾ ਹੈ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਇਹ ਹਾਈਵੇਅ ਪੰਜਾਬ ਦੀ ਰਾਜਧਾਨੀ, ਚੰਡੀਗੜ੍ਹ ਅਪੜਨ ਲਈ ਇਕ ਮੁੱਖ ਮਾਰਗ ਹੈ ਅਤੇ ਇਸੇ ਕਾਰਨ ਇਸ ਮਾਰਗ ਉੱਤੇ ਦਿਨ-ਰਾਤ ਆਵਾਜਾਈ ਦੇ ਸਾਧਨਾਂ ਅਤੇ ਵਾਹਨਾਂ ਦੀ ਭੀੜ ਬਣੀ ਰਹਿੰਦੀ ਹੈ ਅਤੇ ਭਾਰੀ ਟਰੈਫ਼ਿਕ ਜਾਮ ਵੀ ਲਗਦੇ ਰਹਿੰਦੇ ਹਨ। ਜਿਸ ਕਾਰਨ ਆਮ ਜਨਤਾ ਅਤੇ ਪ੍ਰਾਜੈਕਟ ’ਤੇ ਕੰਮ ਕਰ ਰਹੇ ਇੰਜੀਨੀਅਰਾਂ, ਕਾਰੀਗਰਾਂ ਅਤੇ ਕਾਮਿਆਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਕਿਉਂਕਿ ਕਰਫਿਊ ਅਤੇ ਲਾਕਡਾਊਨ ਕਾਰਨ ਆਵਾਜਾਈ ਮੁਕੰਮਲ ਤੌਰ ’ਤੇ ਬੰਦ ਹੈ ਅਤੇ ਇਸ ਸ਼ਾਹਰਾਹ ਉੱਤੇ ਆਵਾਜਾਈ, ਨਾਮਾਤਰ ਦੇ ਬਰਾਬਰ ਹੈ। ਇਸ ਲਈ ਆਮ ਕਰਕੇ ਸਮੁੱਚੇ ਪੰਜਾਬ ਦੇ ਲੋਕ-ਹਿੱਤਾਂ ਅਤੇ ਖਾਸ ਕਰਕੇ ਖਰੜ, ਮੋਰਿੰਡਾ ਅਤੇ ਕੁਰਾਲੀ ਦੇ ਗਿਰਦੋਨਵਾਹ ਦੇ ਲੋਕਾਂ ਨੂੰ ਦਰਪੇਸ਼ ਅੌਕੜਾਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੀ ਲੋਅ ਵਿੱਚ ਇਸ ਅਤਿ ਮਹੱਤਵਪੂਰਨ ਪ੍ਰਾਜੈਕਟ ਤੇ ਉਸਾਰੀ ਦਾ ਕੰਮ ਤੁਰੰਤ ਸ਼ੁਰੂ ਕਰਵਾਉਣ ਲਈ ਸਬੰਧਤ ਕੰਪਨੀ ਲਾਰਸਨ ਐਂਡ ਟਿਊਬਰੋ ਕੰਪਨੀ ਨੂੰ ਸਖ਼ਤ ਹਦਾਇਤ ਕੀਤੀ ਜਾਵੇ, ਕਿ ਸਾਰੇ ਬੰਦੋਬਸਤ ਮੁਕੰਮਲ ਕਰਕੇ ਇਸ ਪ੍ਰਾਜੈਕਟ ਦੀ ਉਸਾਰੀ ਦਾ ਕੰਮ ਜੰਗੀ ਪੱਧਰ ਉੱਤੇ 20 ਅਪਰੈਲ ਤੋਂ ਮੁੜ ਸ਼ੁਰੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਬੇਧਿਆਨੀ ਕਾਰਨ ਇਹ ਅਤਿ ਮਹੱਤਵਪੂਰਨ ਪ੍ਰਾਜੈਕਟ ਪਹਿਲਾਂ ਹੀ ਆਪਣੇ ਮਿਥੇ ਟੀਚਿਆਂ ਅਤੇ ਸਮਾਂ-ਸੀਮਾਂ ਤੋਂ ਬੇਹੱਦ ਪਛੜ ਗਿਆ ਹੈ ਅਤੇ ਇਸੇ ਲਈ ਇਸ ਨੂੰ ਹੁਣ ਹਰ ਪੱਖੋਂ ਪਰਮ ਅਗੇਤ ਦੇਣੀ ਬਣਦੀ ਹੈ।
(ਬਾਕਸ ਆਈਟਮ)
ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਲਾਂਡਰਾਂ ਚੌਂਕ ਵਿੱਚ ਵੀ ਨਿੱਤ-ਦਿਨ ਲੋਕਾਂ ਦੀ ਹੋ ਰਹੀ ਖੱਜਲ-ਖੁਆਰੀ ਵੱਲ ਵੀ ਸਰਕਾਰ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਕੋਈ ਧਿਆਨ ਦੇਣਾ ਚਾਹੀਦਾ ਹੈ, ਹੁਣ ਤਾਂ ਮੌਜੂਦਾ ਸਰਕਾਰ ਦੇ ਵੀ ਤਿੰਨ ਵਰ੍ਹੇ ਗੁਜ਼ਰ ਗਏ ਹਨ, ਕੋਈ ਇਨ੍ਹਾਂ ਨੂੰ ਵੀ ਵਿਕਾਸ ਦੀ ਇਕ-ਅੱਧੀ ਪੂਣੀ ਲੋਕ-ਹਿੱਤਾਂ ਵਿੱਚ ਕੱਤਣੀ ਚਾਹੀਦੀ ਹੈ। ਸਰਕਾਰ ਦੇ ਵਜ਼ੀਰ ਤਾਂ ਆਪਣੀਆਂ ਕਲੋਨੀਆਂ ਕੱਟ ਕੇ ਦੌਲਤਾਂ ਇਕੱਠੀਆਂ ਕਰਨ ਵਿੱਚ ਲੱਗੇ ਹੋਏ ਹਨ, ਫਿਰ ਪਰਜਾ ਦੀ ਸਾਰ ਹੁਣ ਹੋਰ ਕੌਣ ਲਊ?

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…