
ਮਿਲਾਵਟੀ ਤੇਲ ਅਤੇ ਮਿਲਾਵਟੀ ਖੋਏ ਤੋਂ ਬਣੀ ਮਿਠਾਈ ਵੇਚਣ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਸਤੰਬਰ:
ਕਜਿਊਮਰ ਪ੍ਰੌਟੈਕਸਨ ਫੈਡਰੇਸ਼ਨ ਦੇ ਪ੍ਰਧਾਨ ਪੀ ਐਸ ਵਿਰਦੀ ਨੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਵਰੁਣ ਰੂਜ਼ਮ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮੁਹਾਲੀ ਸ਼ਹਿਰ ਵਿਚ ਹਲਵਾਈਆਂ ਵਲੋੱ ਮਿਲਾਵਟੀ ਤੇਲ ਅਤੇ ਮਿਲਾਵਟੀ ਖੋਏ ਨਾਲ ਵੇਚੀਆਂ ਜਾ ਰਹੀਆਂ ਮਠਿਆਈਆਂ ਨੂੰ ਵੇਚਣ ਉਪਰ ਰੋਕ ਲਗਾਈ ਜਾਵੇ ਅਤੇ ਅਜਿਹੀਆਂ ਮਿਲਾਵਟੀ ਚੀਜਾਂ ਵੇਚਣ ਵਾਲੇ ਹਲਵਾਈਆਂ ਵਿਰੁੱਧ ਕਾਰਵਾਈ ਕੀਤੀ ਜਾਵੇ।
ਆਪਣੇ ਪੱਤਰ ਵਿਚ ਸ੍ਰੀ ਵਿਰਦੀ ਨੇ ਲਿਖਿਆ ਹੈ ਕਿ ਮੁਹਾਲੀ ਵਿਚ ਹਲਵਾਈਆਂ ਵਲੋੱ ਮਿਲਾਵਟੀ ਤੇਲ ਅਤੇ ਮਿਲਾਵਟੀ ਖੋਏ ਨਾਲ ਤਿਆਰ ਕੀਤੀਆਂ ਮਠਿਆਈਆਂ ਵੇਚੀਆਂ ਜਾ ਰਹੀਆਂ ਹਨ ਪਰ ਇਹਨਾਂ ਵਿਰੁੱਧ ਸਿਹਤ ਵਿਭਾਗ ਵਲੋੱ ਕੋਈ ਕਾਰਵਾਈ ਨਹੀੱ ਕੀਤੀ ਜਾ ਰਹੀ ਅਤੇ ਮਹਿਕਮੇ ਵਲੋੱ ਫੂਡ ਸੇਫਟੀ ਐਕਟ ਨੂੰ ਨਜਰਅੰਦਾਜ ਕੀਤਾ ਜਾ ਰਿਹਾ ਹੈ।
ਉਹਨਾਂ ਲਿਖਿਆ ਹੈ ਕਿ ਇਸੇ ਤਰਾਂ ਬੇਕਰੀਆਂ ਉਪਰ ਵਿਕ ਰਹੇ ਖਾਣ ਪੀਣ ਦੇ ਸਮਾਨ ਬ੍ਰੈਡ, ਬਿਸਕੁਟ, ਪੀਜਾ ਉਪਰ ਨਾ ਤਾਂ ਇਹਨਾਂ ਦੇ ਬਣਨ ਦੀ ਤਰੀਕ ਲਿਖੀ ਹੁੰਦੀ ਹੈ ਅਤੇ ਨਾ ਹੀ ਇਹਨਾਂ ਦੀ ਐਕਸਪਾਇਰੀ ਤਰੀਕ ਲਿਖੀ ਹੁੰਦੀ ਹੈ। ਸਥਾਨਕ ਫੇਜ 1,2 ਅਤੇ 5 ਵਿਚ ਤਾਂ ਵੱਡੇ ਪੱਧਰ ਉਪਰ ਅਜਿਹੀਆਂ ਖਾਣ ਪੀਣ ਦੀਆਂ ਚੀਜਾ ਵੇਚੀਆਂ ਜਾ ਰਹੀਆਂ ਹਨ ਜਿਹਨਾਂ ਉਪਰ ਉਹਨਾਂ ਦੇ ਬਣਨ ਦੀ ਅਤੇ ਮਿਆਦ ਪੁੱਗਣ ਦੀ ਤਰੀਕ ਹੀ ਨਹੀੱ ਹੁੰਦੀ। ਪੱਤਰ ਦੇ ਅੰਤ ਵਿੱਚ ਉਹਨਾਂ ਮੰਗ ਕੀਤੀ ਹੈ ਕਿ ਮਿਲਾਵਟੀ ਤੇਲ ਅਤੇ ਮਿਲਾਵਟੀ ਖੋਏ ਨਾਲ ਤਿਆਰ ਮਠਿਆਈਆਂ ਵੇਚਣ ਵਾਲੇ ਹਲਵਾਈਆਂ ਵਿਰੁੱਧ ਅਤੇ ਗੈਰਮਿਆਰੀ ਸਮਾਨ ਵੇਚਣ ਵਾਲੇ ਬੇਕਰੀ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।