ਪੁਲੀਸ ਹਿਰਾਸਤ ’ਚ ਨੌਜਵਾਨ ਦੀ ਮੌਤ ਸਬੰਧੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ

ਕਤਲ ਕੇਸ ਵਿੱਚ ਕਾਂਗਰਸੀ ਸਰਪੰਚ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ ਪੁਲੀਸ

ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਨੌਜਵਾਨ ਦੀ ਮੌਤ: ਪੁਲੀਸ ਦਾ ਪੱਖ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਫਰਵਰੀ:
ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਡਡਵਾ ਵਸਨੀਕ ਨੌਜਵਾਨ ਰੌਕੀ ਮਸੀਹ ਦੀ ਪੁਲੀਸ ਹਿਰਾਸਤ ਵਿੱਚ ਹੋਈ ਕਥਿਤ ਮੌਤ ਮਾਮਲੇ ਵਿੱਚ ਪੀੜਤ ਪਰਿਵਾਰ ਨੇ ਇਕ ਕਾਂਗਰਸੀ ਵਿਧਾਇਕ ’ਤੇ ਪੁਲੀਸ ਕਾਰਵਾਈ ਪ੍ਰਭਾਵਿਤ ਕਰਨ, ਮੁਲਜ਼ਮ ਕਾਂਗਰਸੀ ਸਰਪੰਚ ਨੂੰ ਗ੍ਰਿਫ਼ਤਾਰੀ ਤੋਂ ਬਚਾਉਣ ਦਾ ਦੋਸ ਲਾਇਆ ਹੈ। ਇਹੀ ਨਹੀਂ ਪੀੜਤ ਪਰਿਵਾਰ ਨੇ ਆਪਣੇ ਇਲਾਕੇ ਵਿੱਚ ਪ੍ਰੈੱਸ ਕਾਨਫ਼ਰੰਸ ਤੱਕ ਕਰਨ ਤੋਂ ਧਮਕਾਉਣ ਦੇ ਵੀ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਨੇ ਨੌਜਵਾਨ ਦੀ ਮੌਤ ਦੀ ਸਚਾਈ ਸਾਹਮਣੇ ਲਿਆਉਣ ਲਈ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਅੱਜ ਇੱਥੇ ਮੁਹਾਲੀ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮ੍ਰਿਤਕ ਨੌਜਵਾਨ ਦੀ ਬਜ਼ੁਰਗ ਮਾਤਾ ਵੀਨਾ, ਭਰਾ ਲੱਕੀ ਨੇ ਆਪਣੀ ਦੁੱਖਭਰੀ ਕਹਾਣੀ ਦੱਸਦਿਆਂ ਕਿਹਾ ਕਿ 4 ਜਨਵਰੀ 2021 ਨੂੰ ਉਨ੍ਹਾਂ ਦੇ ਪੁੱਤਰ ਰੌਕੀ ਮਸੀਹ ਨੂੰ ਉਨ੍ਹਾਂ ਦੇ ਹੀ ਪਿੰਡ ਦੇ ਸਰਪੰਚ ਨੇ ਆਪਣੇ ਸਾਥੀਆਂ ਸਮੇਤ ਘਰ ਬੰਦ ਕਰਕੇ ਮਾਰਕੁੱਟ ਕੀਤੀ ਸੀ ਅਤੇ ਬਾਅਦ ਵਿੱਚ ਆਪਣੇ ਰਸੂਖ ਨਾਲ ਪੁਲਿਸ ਬੁਲਾ ਕੇ ਪੁਲਿਸ ਨੂੰ ਪਕੜਾ ਦਿੱਤਾ। ਪੁਲਿਸ ਨੇ ਵੀ ਉਸ ਦੀ ਬੁਰੀ ਤਰ੍ਹਾਂ ਕੁਟਾਈ ਕੀਤੀ। ਪਹਿਲਾਂ ਸਰਪੰਚ ਦੇ ਕਥਿਤ ਗੁੰਡਿਆਂ ਅਤੇ ਫਿਰ ਪੁਲਿਸ ਦੀ ਕੁਟਾਈ ਖਾਣ ਨਾਲ ਰੌਕਾ ਦੀ ਮੌਤ ਹੋ ਗਈ। ਪਰਿਵਾਰ ਵੱਲੋਂ ਲਾਸ਼ ਸੜਕ ਉਤੇ ਰੱਖ ਕੇ ਕੀਤੀ ਕਾਫ਼ੀ ਜੱਦੋ ਜਹਿਦ ਉਪਰੰਤ ਪੁਲਿਸ ਨੇ ਭਾਵੇਂ ਪੁਲਿਸ ਸਟੇਸ਼ਨ ਧਾਰੀਵਾਲ ਵਿੱਚ ਕਤਲ ਕੇਸ ਦਰਜ ਕਰ ਲਿਆ ਸੀ ਪ੍ਰੰਤੂ ਉਸ ਕੇਸ ਵਿੱਚ ਧਾਰੀਵਾਲ ਪੁਲੀਸ ਸਟੇਸ਼ਨ ਦੇ ਐਸਐਚਓ ਮਨਜੀਤ ਸਿੰਘ ਦਾ ਨਾਮ ਸ਼ਾਮਿਲ ਨਹੀਂ ਕੀਤਾ ਜਦਕਿ ਰੌਕੀ ਦੀ ਮੌਤ ਪੁਲਿਸ ਹਿਰਾਸਤ ਵਿੱਚ ਹੋਈ।
ਪੀੜਤ ਪਰਿਵਾਰ ਨੇ ਕਿਹਾ ਕਿ ਧਾਰੀਵਾਲ ਥਾਣੇ ਦਾ ਐਸਐਚਓ ਇਕ ਕਾਂਗਰਸੀ ਵਿਧਾਇਕ ਦਾ ਰਿਸ਼ਤੇਦਾਰ ਹੈ। ਜਿਸ ਕਾਰਨ ਮ੍ਰਿਤਕ ਨੌਜਵਾਨ ਦੀ ਮੌਤ ਸਬੰਧੀ ਪਰਚਾ ਦਰਜ ਨਹੀਂ ਕੀਤਾ ਜਾ ਰਿਹਾ। ਉਲਟਾ ਪੀੜਤ ਪਰਿਵਾਰ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ’ਤੇ ਕੇਸ ਵਾਪਸ ਲੈਣ ਲਈ ਵੀ ਦਬਾਅ ਪਾਏ ਜਾ ਰਹੇ ਹਨ।
ਕ੍ਰਿਸ਼ਚਿਅਨ ਨੈਸ਼ਨਲ ਫਰੰਟ, ਭਗਵਾਨ ਵਾਲਮੀਕੀ ਧਰਮ ਰੱਖਿਆ ਸੰਮਤੀ, ਸਾਂਝਾ ਫਰੰਟ, ਸ਼੍ਰੋਮਣੀ ਰੰਘਰੇਟਾ ਦਲ ਪੰਜਬ, ਵਾਲਮੀਕੀ ਮਜ਼੍ਹਬੀ ਸਿੱਖ ਮੋਰਚਾ ਪੰਜਾਬ, ਵਾਲਮੀਕੀ ਸ਼ਕਤੀ ਸੰਗਠਨ ਪੰਜਾਬ, ਦਸ਼ਮੇਸ਼ ਤਰਨਾ ਦਲ ਦੇ ਕ੍ਰਮਵਾਰ ਨੁਮਾਇੰਦਿਆਂ ਲਾਰੈਂਸ ਚੌਧਰੀ, ਵਿਕਾਸ ਹੰਸ, ਮਹਿੰਦਰ ਸਿੰਘ ਹਮੀਰਾ, ਬਲਬੀਰ ਸਿੰਘ ਚੀਮਾ, ਰੌਕੀ ਵਾਲਮੀਕੀ ਨੇ ਮੰਗ ਕੀਤੀ ਕਿ ਇਸ ਕੇਸ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ ਅਤੇ ਮੁੱਖ ਮੁਲਜ਼ਮ ਸਰਪੰਚ ਲਵਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸ ਦੇ ਨਾਲ ਹੀ ਐਸਐਚਓ ਦਾ ਨਾਂ ਵੀ ਕੇਸ ਵਿੱਚ ਦਰਜ ਕੀਤਾ ਜਾਵੇ।
ਉਧਰ, ਦੂਜੇ ਪਾਸੇ ਧਾਰੀਵਾਲ ਥਾਣਾ ਦੇ ਐਸਐਚਓ ਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਖ਼ਿਲਾਫ਼ ਅੱਠ ਪਰਚੇ ਦਰਜ ਸਨ ਅਤੇ ਉਹ ਨਸ਼ੇ ਕਰਨ ਦਾ ਆਦੀ ਸੀ। ਜਿਸ ਦਿਨ ਸਰਪੰਚ ਤੇ ਸਾਥੀਆਂ ਨੇ ਉਸ ਨੂੰ ਕੁੱਟਿਆ, ਉਸ ਦਿਨ ਵੀ ਉਹ ਨਸ਼ੇ ਦੀ ਓਵਰਡੋਜ਼ ਵਿੱਚ ਸੀ ਅਤੇ ਪੁਲੀਸ ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਲਿਜਾ ਰਹੀ ਸੀ ਕਿ ਇਸ ਦੌਰਾਨ ਉਸ ਦੀ ਮੌਤ ਹੋ ਗਈ ਅਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਪੁਲੀਸ ’ਤੇ ਦੋਸ਼ ਗਲਤ ਲਗਾਏ ਜਾ ਰਹੇ ਹਨ। ਜਿੱਥੋਂ ਤੱਕ ਸਰਪੰਚ ਦੀ ਗ੍ਰਿਫ਼ਤਾਰੀ ਦੀ ਗੱਲ ਹੈ, ਉਹ ਹਾਲੇ ਫਰਾਰ ਚੱਲ ਰਿਹਾ ਹੈ। ਉਸ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…