ਪਿੰਡਾਂ ਲਈ ਵੱਖਰੇ ਬਿਲਡਿੰਗ ਬਾਇਲਾਜ ਬਣਾਉਣ ਦੀ ਮੰਗ, ਨੋਟਿਸ ਭੇਜਣ ਤੋਂ ਪਿੰਡ ਵਾਸੀ ਅੌਖੇ

ਅਕਾਲੀ ਦਲ ਦੇ ਹਲਕਾ ਇੰਚਾਰਜ ਦੀ ਅਗਵਾਈ ਹੇਠ ਵਫ਼ਦ ਨੇ ਮੇਅਰ ਤੇ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਸਾਂਝਾ ਮਤਾ ਲਿਆਉਣ ਦੀ ਵੀ ਕੀਤੀ ਮੰਗ

ਨਬਜ਼-ਏ-ਪੰਜਾਬ, ਮੁਹਾਲੀ, 20 ਫਰਵਰੀ:
ਮੁਹਾਲੀ ਨਗਰ ਨਿਗਮ ਵੱਲੋਂ ਨਵੇਂ ਬਿਲਡਿੰਗ ਬਾਇਲਾਜ ਤਹਿਤ ਛੇ ਪਿੰਡਾਂ ਮੁਹਾਲੀ, ਸੋਹਾਣਾ, ਕੁੰਭੜਾ, ਮਟੌਰ, ਸ਼ਾਹੀਮਾਜਰਾ ਅਤੇ ਮਦਨਪੁਰ ਦੇ ਵਸਨੀਕਾਂ ਨੂੰ ਉਨ੍ਹਾਂ ਦੀਆਂ ਪੁਰਾਣੀ ਅਤੇ ਜ਼ੱਦੀ ਪੁਸ਼ਟੀ ਇਮਾਰਤਾਂ ਸਬੰਧੀ ਨੋਟਿਸ ਜਾਰੀ ਕਰਨ ਦਾ ਮਾਮਲਾ ਭਖ ਗਿਆ ਹੈ ਅਤੇ ਪ੍ਰਸ਼ਾਸਨ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਕਮਿਸ਼ਨਰ ਟੀ ਬੈਨਿਥ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆਂ ਅਤੇ ਨਗਰ ਨਿਗਮ ਅਧੀਨ ਆਉਂਦੇ ਪਿੰਡਾਂ ਨੂੰ ਨੋਟਿਸ ਭੇਜਣ ਦੀ ਕਾਰਵਾਈ ਫੌਰੀ ਬੰਦ ਕਰਨ ਦੀ ਗੁਹਾਰ ਲਗਾਈ। ਵਫ਼ਦ ਨੇ ਮੁੱਖ ਮੰਤਰੀ ਅਤੇ ਮੁੱਖ ਸਕੱਤਰ ਨੂੰ ਵੀ ਮੰਗ ਪੱਤਰ ਭੇਜੇ ਹਨ।
ਅਕਾਲੀ ਆਗੂ ਨੇ ਮੰਗ ਕੀਤੀ ਕਿ ਨਿਗਮ ਦੀ ਅਗਲੀ ਮੀਟਿੰਗ ਵਿੱਚ ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦਾ ਸਾਂਝਾ ਮਤਾ ਲਿਆਂਦਾ ਜਾਵੇ। ਉਨ੍ਹਾਂ ਮੇਅਰ ਅਤੇ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਉਕਤ ਪਿੰਡ ਪੁਰਾਤਨ ਸਮੇਂ ਤੋਂ ਮੌਜੂਦ ਹਨ। ਇਨ੍ਹਾਂ ਪਿੰਡਾਂ ਵਿੱਚ ਲੰਮੇ ਅਰਸੇ ਤੋਂ ਲੋਕ ਰਹਿ ਰਹੇ ਹਨ ਜਦੋਂਕਿ ਇਨ੍ਹਾਂ ਪਿੰਡਾਂ ਵਿੱਚ ਬਾਅਦ ਵਿੱਚ ਨਿਗਮ ਅਧੀਨ ਲਿਆ ਗਿਆ ਹੈ। ਪਿੰਡਾਂ ਦੀਆਂ ਬਹੁਤ ਤੰਗ ਗਲੀਆਂ ਹਨ ਅਤੇ ਲੋਕਾਂ ਨੇ ਨਿਗਮ ਵਿੱਚ ਆਉਣ ਤੋਂ ਪਹਿਲਾਂ ਆਪਣੀ ਸੁਵਿਧਾ ਮੁਤਾਬਕ ਘਰ ਬਣਾਏ ਹੋਏ ਹਨ। ਜਿਨ੍ਹਾਂ ’ਤੇ ਸ਼ਹਿਰੀ ਬਿਲਡਿੰਗ ਬਾਇਲਾਜ ਲਾਗੂ ਕਰਨਾ ਕਿਸੇ ਵੀ ਸੂਰਤ ਵੀ ਵਾਜਬ ਨਹੀਂ ਹੈ।
ਪਰਵਿੰਦਰ ਸੋਹਾਣਾ ਨੇ ਕਿਹਾ ਕਿ ਨਗਰ ਨਿਗਮ ਹੁਣ ਤੱਕ ਪੰਜਾਬ ਮਿਉਂਸਪਲ ਕਾਰਪੋਰੇਸ਼ਨ ਐਕਟ-1976 ਦੇ ਸੈਕਸ਼ਨ-275 ਅਨੁਸਾਰ ਕੋਈ ਵੀ ਵਿਸ਼ੇਸ਼ ਇਮਾਰਤ ਯੋਜਨਾ (ਬਿਲਡਿੰਗ ਸਕੀਮ) ਤਿਆਰ ਨਹੀਂ ਕਰ ਸਕਿਆ। ਨਾ ਹੀ ਨਿਗਮ ਨੇ ਇਨ੍ਹਾਂ ਪਿੰਡਾਂ ਵਿੱਚ ਕੋਈ ਮੁੱਢਲੀ ਸੁਵਿਧਾ ਪ੍ਰਦਾਨ ਕੀਤੀ ਹੈ। ਇਨ੍ਹਾਂ ਪਿੰਡਾਂ ਵਿੱਚ ਜ਼ਮੀਨ ਹੋਣ ਦੇ ਬਾਵਜੂਦ ਨਗਰ ਨਿਗਮ ਨੇ ਕੋਈ ਬਾਗ ਜਾਂ ਖੇਡ ਮੈਦਾਨ ਵਿਕਸਤ ਨਹੀਂ ਕੀਤਾ। ਸਫ਼ਾਈ ਅਤੇ ਬਿਜਲੀ-ਪਾਣੀ ਦੀ ਸਪਲਾਈ ਦਾ ਵੀ ਬੁਰਾ ਹਾਲ ਹੈ। ਕੋਈ ਹਸਪਤਾਲ ਅਤੇ ਡਿਸਪੈਂਸਰੀ ਨਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਪਿੰਡ ਵਾਸੀਆਂ ਨੂੰ ਭੇਜੇ ਗਏ ਨੋਟਿਸ ਰੱਦ ਕੀਤੇ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਨੋਟਿਸ ਭੇਜਣੇ ਬੰਦ ਨਹੀਂ ਕੀਤੇ ਤਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਨ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਹਰਪ੍ਰੀਤ ਸਿੰਘ ਸੋਹਾਣਾ, ਭਾਗ ਸਿੰਘ, ਪ੍ਰਿਤਪਾਲ ਸਿੰਘ, ਸੁਰਜੀਤ ਸਿੰਘ ਜੀਤੀ, ਨੰਬਰਦਾਰ ਹਰਵਿੰਦਰ ਸਿੰਘ, ਕੇਸਰ ਸਿੰਘ ਮਦਨਪੁਰ ਸਮੇਤ ਪਿੰਡਾਂ ਦੇ ਮੋਹਤਵਰ ਵਿਅਕਤੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਈਡੀ ਵੱਲੋਂ ਮੁਹਾਲੀ ਤੇ ਚੰਡੀਗੜ੍ਹ ਵਿੱਚ ਕੈਨੇਡਾ ਸੋਨੇ ਦੀ ਚੋਰੀ ਦੇ ਸ਼ੱਕੀ ਦੀ ਜਾਂਚ, ਘਰ ’ਤੇ ਛਾਪੇਮਾਰੀ

ਈਡੀ ਵੱਲੋਂ ਮੁਹਾਲੀ ਤੇ ਚੰਡੀਗੜ੍ਹ ਵਿੱਚ ਕੈਨੇਡਾ ਸੋਨੇ ਦੀ ਚੋਰੀ ਦੇ ਸ਼ੱਕੀ ਦੀ ਜਾਂਚ, ਘਰ ’ਤੇ ਛਾਪੇਮਾਰੀ ਨਬਜ਼…