
ਮੁਹਾਲੀ ਵਿੱਚ ਜਿਮ ਤੇ ਸਟੇਡੀਅਮ ਖੋਲ੍ਹਣ ਦੀ ਮੰਗ ਨੂੰ ਲੈ ਕੇ ਵਫ਼ਦ ਐਸਡੀਐਮ ਨੂੰ ਮਿਲਿਆ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੂਨ:
ਸਮਾਜ ਸੇਵੀ ਸੰਸਥਾ ਯੂਥ ਆਫ਼ ਪੰਜਾਬ ਨੇ ਮੰਗ ਕੀਤੀ ਕਿ ਨੌਜਵਾਨਾਂ ਦੀ ਸਹੂਲਤ ਲਈ ਮੁਹਾਲੀ ਵਿੱਚ ਜਿਮ ਅਤੇ ਸਟੇਡੀਅਮ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਇਲਾਕੇ ਦੇ ਨੌਜਵਾਨ ਕਸਰਤ ਅਤੇ ਖੇਡਾਂ ਸਬੰਧੀ ਪ੍ਰੈਕਟਿਸ ਕਰ ਸਕਣ। ਇਸ ਸਬੰਧੀ ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਐਸਡੀਐਮ ਜਗਦੀਪ ਸਹਿਗਲ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੌਂਪਿਆ। ਉਨ੍ਹਾਂ ਮੰਗ ਕੀਤੀ ਕਿ ਸਟੇਡੀਅਮ ਅਤੇ ਜਿਮ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ। ਕਿਉਂਕਿ ਜਿਮ ਖੁੱਲ੍ਹਣ ਨਾਲ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਕਰੋਨਾ ਨਾਲ ਲੜਨ ਦੀ ਸ਼ਕਤੀ ਮਿਲੇਗੀ।
ਸ੍ਰੀ ਬੈਦਵਾਨ ਨੇ ਕਿਹਾ ਕਿ ਕਰੋਨਾਵਾਇਰਸ ਦੀ ਮਹਾਮਾਰੀ ਕਾਰਨ ਪੰਜਾਬ ਸਰਕਾਰ ਵੱਲੋਂ ਜਿਮ, ਸਟੇਡੀਅਮ ਅਤੇ ਧਾਰਮਿਕ ਸਥਾਨ ਬੰਦ ਕਰ ਦਿੱਤੇ ਗਏ ਸਨ ਪਰ ਹੁਣ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਅਨੁਸਾਰ ਧਾਰਮਿਕ ਸਥਾਨ, ਹੋਟਲ, ਸ਼ਰਾਬ ਦੇ ਠੇਕੇ ਖੋਲ੍ਹ ਤਾਂ ਦਿੱਤੇ ਗਏ ਹਨ ਪਰ ਜਿਮ ਅਜੇ ਤੱਕ ਪੂਰੀ ਤਰ੍ਹਾਂ ਨਾਲ ਬੰਦ ਹਨ। ਉਨ੍ਹਾਂ ਕਿਹਾ ਕਿ ਖੇਡ ਸਟੇਡੀਅਮ ਅਤੇ ਜਿਮ ਜਿੱਥੇ ਸਰੀਰਕ ਤੌਰ ’ਤੇ ਹਰੇਕ ਵਿਅਕਤੀ ਨੂੰ ਤੰਦਰੁਸਤ ਰੱਖਦੇ ਹਨ, ਉੱਥੇ ਸਰੀਰ ਦੀ ਇਮੀਊਨਿਟੀ ਵੀ ਮਜ਼ਬੂਤ ਹੁੰਦੀ ਹੈ।
ਸ੍ਰੀ ਬੈਦਵਾਨ ਨੇ ਐਸਡੀਐਮ ਦੇ ਧਿਆਨ ਵਿੱਚ ਲਿਆਂਦਾ ਕਿ ਕਰੋਨਾ ਦੇ ਚੱਲਦਿਆਂ ਪਿਛਲੇ ਕਾਫੀ ਸਮੇਂ ਤੋਂ ਮੁਹਾਲੀ ਸ਼ਹਿਰ ਸਮੇਤ ਸਮੁੱਚੇ ਜ਼ਿਲ੍ਹੇ ਅੰਦਰ ਸਟੇਡੀਅਮ ਅਤੇ ਜਿਮ ਬੰਦ ਪਏ ਹਨ। ਜਿਸ ਕਾਰਨ ਵੱਡੀ ਗਿਣਤੀ ਨੌਜਵਾਨ ਅਤੇ ਆਮ ਸ਼ਹਿਰੀ ਕਸਰਤ ਕਰਨ ਨੂੰ ਤਰਸ ਗਏ ਹਨ ਅਤੇ ਜਿਮ ਚਲਾਉਣ ਵਾਲੇ ਵਿਅਕਤੀਆਂ ਦਾ ਕਾਰੋਬਾਰ ਠੱਪ ਹੋਣ ਕਾਰਨ ਪ੍ਰਬੰਧਕ ਆਰਥਿਕ ਸੰਕਟ ਨਾਲ ਜੂਝ ਰਹੇ ਹਨ। ਇਸ ਮੌਕੇ ਐਸਡੀਐਮ ਜਗਦੀਪ ਸਹਿਗਲ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਲੋੜੀਂਦੀ ਕਾਰਵਾਈ ਲਈ ਜ਼ਿਲ੍ਹਾ ਮੈਜਿਸਟਰੇਟ ਨਾਲ ਗੱਲ ਕਰਨਗੇ ਅਤੇ ਉਨ੍ਹਾਂ ਨੂੰ ਨੌਜਵਾਨਾਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਜਾਵੇਗਾ। ਵਫ਼ਦ ਵਿੱਚ ਬੱਬੂ ਮੁਹਾਲੀ, ਗੁਰਜੀਤ ਸਿੰਘ, ਲਖਵੀਰ ਕਲਸੀ, ਨਰਿੰਦਰ ਕਲਸੀ ਵੀ ਸ਼ਾਮਲ ਸਨ।