ਕਰਨਲ ’ਤੇ ਜੁਲਮ ਢਾਹੁਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ

ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਗਾਉਣ ਦੀ ਮੰਗ, ਰਾਸ਼ਟਰਪਤੀ ਦੇ ਨਾਮ ਦਿੱਤਾ ਮੰਗ ਪੱਤਰ

ਨਬਜ਼-ਏ-ਪੰਜਾਬ, ਮੁਹਾਲੀ, 20 ਮਾਰਚ:
ਪੰਜਾਬ ਦੇ ਸਾਬਕਾ ਫੌਜੀਆਂ ਨੇ ਬੀਤੇ ਦਿਨ ਪਟਿਆਲਾ ਵਿੱਚ ਫੌਜ ਦੇ ਇੱਕ ਕਰਨਲ ਅਤੇ ਉਨ੍ਹਾਂ ਦੇ ਪੁੱਤਰ ਤੇ ਪੰਜਾਬ ਪੁਲੀਸ ਵਲੋੱ ਕੀਤੇ ਗਏ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਨਾਕਾਮੀ ਨੂੰ ਮੁੱਖ ਰੱਖਦਿਆਂ ਇੱਥੇ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਵੇ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਬ੍ਰਿਗੇਡੀਅਰ (ਸੇਵਾਮੁਕਤ) ਹਰਬੰਤ ਸਿੰਘ, ਕਰਨਲ (ਸੇਵਾਮੁਕਤ) ਜੀਬੀ ਵਿਰਕ, ਲੈਫ ਕਰਨਲ (ਸੇਵਾਮੁਕਤ) ਐਸਐਸ ਸੋਹੀ, ਕਰਨਲ (ਸੇਵਾਮੁਕਤ) ਏਐਸ ਸੰਧੂ, ਕਰਨਲ (ਸੇਵਾਮੁਕਤ) ਜੇਐੱਸ ਅਠਵਾਲ, ਬ੍ਰਿਗੇਡੀਅਰ (ਸੇਵਾਮੁਕਤ) ਸਰਬਜੀਤ ਸਿੰਘ, ਬ੍ਰਿਗੇਡੀਅਰ (ਸੇਵਾਮੁਕਤ) ਕੁਲਦੀਪ ਸਿੰਘ ਕਾਹਲੋਂ, ਕੈਪਟਨ (ਸੇਵਾਮੁਕਤ) ਮੱਖਣ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਪਟਿਆਲਾ ਵਿੱਚ ਜਿਸ ਤਰੀਕੇ ਨਾਲ ਪੁਲੀਸ ਵੱਲੋਂ ਫੌਜ ਦੇ ਇੱਕ ਕਰਨਲ ਅਤੇ ਉਹਨਾਂ ਦੇ ਪੁੱਤਰ ਦੀ ਕੁੱਟਮਾਰ ਕਰਕੇ ਕੀਤੀ ਹੈ ਉਸ ਨਾਲ ਜਾਹਿਰ ਹੁੰਦਾ ਹੈ ਕਿ ਪੰਜਾਬ ਪੁਲੀਸ ਤੇ ਸਰਕਾਰ ਦਾ ਕੋਈ ਕਾਬੂ ਨਹੀਂ ਹੈ। ਉਹਨਾਂ ਕਿਹਾ ਕਿ ਕਰਨਲ ਨਾਲ ਕੁੱਟਮਾਰ ਕਰਨ ਵਾਲੇ ਪੁਲੀਸ ਕਰਮਚਾਰੀ ਉਲਟਾ ਕਰਨਲ ਨੂੰ ਇਹ ਕਹਿ ਕੇ ਧਮਕੀ ਦਿੰਦੇ ਨਜਰ ਆਉੱਦੇ ਹਨ ਕਿ ਉਹ ਇੱਕ ਮੁਕਾਬਲਾ ਕਰਕੇ ਆਏ ਹਨ ਅਤੇ ਇੱਕ ਹੋਰ ਮੁਕਾਬਲਾ ਕਰ ਦੇਣਗੇ।
ਸਾਬਕਾ ਫੌਜੀਆਂ ਨੇ ਕਿਹਾ ਕਿ ਇਹ ਘਟਨਾ ਇਹ ਵੀ ਜਾਹਿਰ ਕਰਦੀ ਹੈ ਕਿ ਪੁਲੀਸ ਅਤੇ ਪ੍ਰਸ਼ਾਸ਼ਨ ਦੀ ਨਜਰ ਵਿੱਚ ਫੌਜੀ ਕਰਮਚਾਰੀਆਂ ਦੀ ਕੋਈ ਇੱਜ਼ਤ ਨਹੀਂ ਹੈ ਅਤੇ ਰਾਜ ਸਰਕਾਰ ਸੂਬੇ ਦੀ ਕਾਨੂੰਨ ਵਿਵਸਥਾ ਦੀ ਹਾਲਤ ਨੂੰ ਸੰਭਾਲਣ ਵਿੱਚ ਪੂਰੀ ਤਰ੍ਹਾਂ ਨਾਕਾਮ ਹੈ। ਉਹਨਾਂ ਕਿਹਾ ਕਿ ਪੰਜਾਬ ਪੁਲੀਸ ਵੱਲੋਂ ਗੁੰਡੇ ਬਦਮਾਸ਼ਾਂ ਵਾਂਗ ਵਿਵਹਾਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇੱਕ ਫੌਜੀ ਅਧਿਕਾਰੀ ਤੇ ਹੋਇਆ ਇਹ ਹਮਲਾ ਸਿਰਫ਼ ਇੱਕ ਵਿਅਕਤੀ ਤੇ ਨਹੀਂ, ਸਗੋੱ ਪੂਰੀ ਸੈਨਿਕ ਭਾਈਚਾਰੇ ਦੀ ਇਜ਼ਤ ਤੇ ਦਾਗ਼ ਹੈ।
ਇਸ ਦੌਰਾਨ ਸਾਬਕਾ ਫੌਜੀਆਂ ਦੇ ਇੱਕ ਵਫਦ ਵਲੋੱ ਬ੍ਰਿੇਡੀਅਰ ਹਰਬੰਤ ਸਿੰਘ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਭੇਜਿਆ ਗਿਆ। ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਦੀ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਨਿਆਂਧੀਸ਼ ਵਲੋੱ ਉੱਚ ਪੱਧਰੀ ਨਿਆਂਇਕ ਜਾਂਚ ਕਰਵਾਈ ਜਾਵੇ ਅਤੇ ਇਸ ਮਾਮਲੇ ਵਿੱਚ ਸ਼ਾਮਿਲ ਸਾਰੇ ਪੁਲੀਸ ਅਧਿਕਾਰੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਉਹਨਾਂ ਨੂੰ ਸਖਤ ਸਜਾ ਦਿੱਤੀ ਜਾਵੇ। ਇਸ ਦੇ ਨਾਲ ਹੀ ਮੰਗ ਕੀਤੀ ਗਈ ਹੈ ਕਿ ਧਾਰਾ 356 ਤਹਿਤ ਪੰਜਾਬ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਜਾਵੇ, ਰੱਖਿਆ ਕਰਮਚਾਰੀਆਂ, ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਐਕਟ ਤਿਆਰ ਕਰਕੇ ਉਨ੍ਹਾਂ ਨੂੰ ਉਤਪੀੜਨ ਅਤੇ ਹਮਲਿਆਂ ਤੋੱ ਬਚਾਇਆ ਜਾਵੇ, ਪੁਲੀਸ ਅਤੇ ਪ੍ਰਸ਼ਾਸਨ ਲਈ ਫੌਜੀ ਸੇਵਾ ਦੀ ਇੱਜ਼ਤ ਕਰਨ ਬਾਰੇ ਜਾਗਰੂਕਤਾ ਪ੍ਰੋਗਰਾਮ ਲਾਜ਼ਮੀ ਬਣਾਏ ਜਾਣ, ਫੌਜੀ ਕਰਮਚਾਰੀਆਂ ਨਾਲ ਜੁੜੇ ਮਾਮਲਿਆਂ ਦੀ ਤੁਰੰਤ ਸੁਣਵਾਈ ਲਈ ਤੇਜ਼-ਟਰੈਕ ਅਦਾਲਤਾਂ ਦੀ ਸਥਾਪਨਾ ਕੀਤੀ ਜਾਵੇ।
ਸਾਬਕਾ ਫੌਜੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਪੰਜਾਬ ਅਤੇ ਭਾਰਤ ਪੱਧਰ ਤੇ ਵਿਆਪਕ ਵਿਰੋਧ ਕੀਤਾ ਜਾਵੇਗਾ ਜਿਸਦੇ ਤਹਿਤ ਸਰਕਾਰੀ ਸਮਾਰੋਹਾਂ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਕਾਨੂੰਨੀ ਲੜਾਈ ਲੜਣ ਦੇ ਨਾਲ ਨਾਲ ਮਾਮਲੇ ਨੂੰ ਅੰਤਰਰਾਸ਼ਟਰੀ ਪੱਧਰ ਤੇ ਲਿਜਾਇਆ ਜਾਵੇਗਾ।
ਇਸ ਮੌਕੇ ਬ੍ਰਿਗੇਡੀਅਰ (ਸੇਵਾਮੁਕਤ) ਐਸਪੀ ਸਿੰਘ, ਬ੍ਰਿਗੇਡੀਅਰ (ਸੇਵਾਮੁਕਤ) ਸੁਰਜੀਤ ਸਿੰਘ, ਕਰਨਲ (ਸੇਵਾਮੁਕਤ) ਬੀਐਸ ਬੈਦਵਾਨ, ਕਰਨਲ (ਸੇਵਾਮੁਕਤ) ਕੇਐੱਸ ਗਰਗ, ਕਰਨਲ (ਸੇਵਾਮੁਕਤ) ਰਵਿੰਦਰ ਸਿੰਘ, ਕਰਨਲ (ਸੇਵਾਮੁਕਤ) ਪੀਐਸ ਸੰਧੂ, ਕਰਨਲ (ਸੇਵਾਮੁਕਤ) ਐਮਐਸ ਬਰਾੜ, ਕਰਨਲ (ਸੇਵਾਮੁਕਤ) ਡੀਐੱਸ ਗਰੇਵਾਲ, ਕਰਨਲ (ਸੇਵਾਮੁਕਤ) ਆਲਮਜੀਤ ਸੰਧੂ, ਕਰਨਲ (ਸੇਵਾਮੁਕਤ) ਟੀਐੱਸ ਸਿੱਧੂ, ਕਰਨਲ (ਸੇਵਾਮੁਕਤ) ਹਰਬਖ਼ਸ਼ ਸਿੰਘ, ਕਰਨਲ (ਸੇਵਾਮੁਕਤ) ਆਰਐੱਸ ਪਹਿਰ, ਕਰਨਲ (ਸੇਵਾਮੁਕਤ) ਰੁਪਿੰਦਰ ਸਿੰਘ, ਕਰਨਲ (ਸੇਵਾਮੁਕਤ) ਮੋਹਿੰਦਰ ਸਿੰਘ, ਕਰਨਲ (ਸੇਵਾਮੁਕਤ) ਮਨਜਿੰਦਰ ਸਿੰਘ, ਕਰਨਲ (ਸੇਵਾਮੁਕਤ) ਕਨਵਰਦੀਪ ਸਿੰਘ, ਕਰਨਲ (ਸੇਵਾਮੁਕਤ) ਆਈਐੱਸ ਢਿੱਲੋਂ, ਕਰਨਲ (ਸੇਵਾਮੁਕਤ) ਮਨਜੀਤ, ਕਰਨਲ (ਸੇਵਾਮੁਕਤ) ਐੱਮਐੱਸ ਚੌਹਾਨ, ਕਰਨਲ (ਸੇਵਾਮੁਕਤ) ਏਡੀਐੱਸ ਗਿੱਲ, ਕਰਨਲ (ਸੇਵਾਮੁਕਤ) ਗੁਰਪ੍ਰੀਤ ਸਿੰਘ, ਕਰਨਲ (ਸੇਵਾਮੁਕਤ) ਗੁਰਤੇਜ ਗਿੱਲ, ਕੈਪਟਨ (ਸੇਵਾਮੁਕਤ) ਆਈਐੱਲ ਕੇਰ, ਕੈਪਟਨ (ਸੇਵਾਮੁਕਤ) ਗੁਰਮੀਤ ਸਿੰਘ, ਕੈਪਟਨ (ਸੇਵਾਮੁਕਤ) ਜੀਸੀ ਘੁੰਮਣ, ਮੇਜਰ (ਸੇਵਾਮੁਕਤ) ਹਰਮੋਹਿੰਦਰ ਸਿੰਘ, ਆਈਜੇਐਸ ਮਲਹੋਤਰਾ, ਪ੍ਰਕਾਸ਼ ਸਿੰਘ, ਪ੍ਰੀਤਮ ਸਿੰਘ, ਜੋਗਿੰਦਰ ਸਿੰਘ, ਕਿਰਨਪਾਲ ਸਿੰਘ, ਰਸ਼ਪਾਲ ਸਿੰਘ, ਜਸਵੰਤ ਸਿੰਘ, ਆਈ ਪੀ ਸਿੰਘ, ਅਰਵਿੰਦ ਕੁਮਾਰ, ਸੁੱਚਾ ਸਿੰਘ ਢਿੱਲੋਂ, ਰਾਮ ਸਿੰਘ, ਆਰ ਐੱਸ ਬਿੰਦਰਾ ਜੀ ਐੱਮ, ਭਜਨ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਦੇ ਨੌਜਵਾਨਾਂ ਨੂੰ ਚਿੱਟਾ ਵੇਚਣ ਵਾਲਾ ਗ੍ਰਿਫ਼ਤਾਰ, ਦੋ ਦਿਨ ਦਾ ਪੁਲੀਸ ਰਿਮਾਂਡ

ਮੁਹਾਲੀ ਦੇ ਨੌਜਵਾਨਾਂ ਨੂੰ ਚਿੱਟਾ ਵੇਚਣ ਵਾਲਾ ਗ੍ਰਿਫ਼ਤਾਰ, ਦੋ ਦਿਨ ਦਾ ਪੁਲੀਸ ਰਿਮਾਂਡ ਫਿਰੋਜ਼ਪੁਰ ’ਚੋਂ ਨਸ਼ਾ …