
ਗਮਾਡਾ ਅਧੀਨ ਆਉਂਦੇ ਸੈਕਟਰਾਂ ਦਾ ਯੋਜਨਾਬੰਦ ਤਰੀਕੇ ਨਾਲ ਸਰਬਪੱਖੀ ਵਿਕਾਸ ਕਰਵਾਉਣ ਦੀ ਮੰਗ
ਲਿੰਕ ਸੜਕਾਂ ਤੇ ਆਲੇ ਦੁਆਲੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ, ਪ੍ਰਸ਼ਾਸਨਿਕ ਅਧਿਕਾਰੀ ਬੇਖ਼ਬਰ
ਨਬਜ਼-ਏ-ਪੰਜਾਬ ਬਿਊਰੋ, ਖਰੜ, 8 ਮਾਰਚ:
ਮੈਰੀਗੋਲਡ ਹੋਮਸ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਵਲੋਂ ਜਿਲ੍ਹਾ ਯੋਜਨਾ ਬੋਰਡ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਸੈਕਟਰ 126-127 ਦਾ ਵਿਕਾਸ ਯੋਜਨਾਂਬੰਦ ਤਰੀਕੇ ਨਾਲ ਕਰਵਾਇਆ ਜਾਵੇ ਕਿਉਕਿ ਇਸ ਸਮੇਂ ਇਨ੍ਹਾਂ ਸੈਕਟਰਾਂ ਦਾ ਵਿਕਾਸ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ। ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿਥਵੀ ਰਾਜ ਨੇ ਪੱਤਰ ਵਿਚ ਲਿਖਿਆ ਕਿ ਇਸ ਖੇਤਰ ਵਿਚ ਬਿਲਡਰਾਂ ਤੇ ਹੋਰਨਾਂ ਵੱਲੋਂ ਬੇਤਰਤੀਬੇ ਢੰਗ ਨਾਲ ਫਲੈਟ, ਮਕਾਨ, ਸ਼ੋ-ਰੂਮ, ਦੁਕਾਨਾਂ ਦੀਆਂ ਉਸਾਰੀਆ ਕੀਤੀਆ ਜਾ ਰਹੀਆਂ ਹਨ। ਉਨ੍ਹਾਂ ਲਿਖਿਆ ਕਿ ਬਿਲਡਰਾ ਵੱਲੋਂ ਕਥਿਤ ਤੌਰ ਤੇ ਸੀਵਰੇਜ਼, ਪਾਣੀ, ਪਾਰਕ ਤੇ ਹੋਰ ਬੁਨਿਆਦੀ ਸੁਵਿਧਾਵਾ ਵੀ ਨਹੀ ਦਿੱਤੀਆ ਜਾ ਰਹੀਆਂ।
ਉਨ੍ਹਾਂ ਲਿਖਿਆ ਕਿ ਬਿਲਡਰਾ ਅਤੇ ਹੋਰਨਾਂ ਵੱਲੋਂ ਕੀਤੀਆਂ ਉਸਾਰੀਆਂ ਨਾਲ ਨਿੱਝਰ-ਛੱਜੂਮਾਜਰਾ ਲਿੰਕ ਸੜਕ ਸਮੇਤ ਹੋਰ ਸਰਕਾਰੀ ਸੜਕਾਂ ਦੁਆਲੇ ਕਬਜ਼ੇ ਹੋ ਰਹੇ ਹਨ। ਸੜਕ ਦੇ ਦੋਨਾਂ ਪਾਸੇ ਦੁਕਾਨਦਾਰਾਂ ਅਤੇ ਰੇਹੜੀ ਫੜੀ ਵਾਲਿਆਂ ਨੇ ਵੀ ਕਬਜੇ ਕੀਤੇ ਹੋਏ ਹਨ। ਇਸ ਸੜਕ ਤੇ ਮਾਡਲ ਟਾਊਨ, ਐਲ.ਆਈ.ਸੀ ਕਲੋਨੀ, ਐਸ.ਆਰ.ਡੀ ਹਾਊੁਸਿੰਗ ਪ੍ਰੋਜੈਕਟ ਪਿੰਡ ਛੱਜੂਮਾਜਰਾ, ਬਲਿਆਲੀ, ਸ਼ਿਵਾਲਿਕ ਸਿਟੀ, ਐਸ.ਬੀ.ਪੀ, ਯੁਵਰਾਜ ਹੋਮਸ, ਰਾਇਲ ਮੈਰੀਗੋਲਡ ਹੋਮਸ, ਸ਼ਿਮਲਾ ਹੋਮਸ, ਰਮਨ ਇਨਕਲੇਵ, ਮੋਤੀਆ ਰਾਇਲ ਫੇਮ, ਛੱਜੂਮਾਜਰਾ ਕਲੋਨੀ, ਐਕਮੇ ਹਾਈਟਸ ਫਲੈਟ, ਸਵਰਾਜ ਇਨਕਲੇਵ, ਸੰਨੀ ਬਸੰਤ, ਦੇਸੂਮਾਜਰਾ ਸਮੇਤ ਹੋਰ ਹਾਊਸਿੰਗ ਪ੍ਰੋਜੈਕਟਾਂ ਵਿਚ ਰਹਿਣ ਵਾਲੇ ਲੋਕਾਂ ਦੀ ਭਾਰੀ ਆਵਾਜਾਈ ਰਹਿੰਦੀ ਹੈ ਜਿਸ ਵਿਚ ਦਿਨ ਪ੍ਰਤੀ ਦਿਨ ਲਗਾਤਰ ਵਾਧਾ ਹੋ ਰਿਹਾ ਹੈ । ਉਨ੍ਹਾਂ ਪੱਤਰ ਵਿਚ ਲਿਖਿਆ ਕਿ ਇਹ ਸੜਕ ਕੲਂੀ ਥਾਵਾਂ ਤੇ 40 ਫੁੱਟ ਚੌੜੀ ਹੈ ਤੇ ਕਈ ਥਾਵਾਂ ਤੇ 12-16 ਫੁੱਟ ਹੀ ਰਹਿ ਗਈ ਹੈ ਜਿਥੇ ਦੋ ਵਾਹਨ ਵੀ ਆਪਸ ਵਿਚ ਪਾਰ ਨਹੀਂ ਕਰ ਸਕਦੇ। ਉਨ੍ਹਾਂ ਬਿਲਡਰਾਂ ਅਤੇ ਹੋਰਨਾਂ ਵੱਲੋਂ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੀਆਂ ਜਾ ਰਹੀਆਂ ਉਸਾਰੀਆਂ ਰੋਕਣ, ਸੜਕਾਂ ਦੁਆਲੇ ਕੀਤੇ ਕਬਜੇ ਖਾਲੀ ਕਰਵਾਉਣ, ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਮੁੱਚੇ ਖੇਤਰ ਨੂੰ ਪਲਾਨਿੰਗ ਬੋਰਡ ਅਧੀਨ ਲੈ ਕੇ ਵਿਕਸਤ ਕਰਨ ਦੀ ਜੋਰਦਾਰ ਮੰਗ ਕੀਤੀ ਹੈ ਤਾਂ ਜੋ ਆਉਣ ਵਾਲੇ ਸਮੇਂ ’ਚ ਲੋਕਾਂ ਨੂੰ ਹੋਰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਵਿਕਾਸ ਤੋਮਰ, ਹੁਕਮ ਚੰਦ ਸ਼ਰਮਾ, ਸੁਸ਼ੀਲ ਕੁਮਾਰ, ਪੀ.ਕੇ. ਬਿੰਦਰਾ ਆਦਿ ਹਾਜਰ ਸਨ।