
ਅਸਟਾਮ ਫਰੋਸ਼ ਯੂਨੀਅਨ ਵੱਲੋਂ ਈ-ਸਟੈਂਪਿੰਗ ਪ੍ਰਣਾਲੀ ’ਤੇ ਰੋਕ ਲਗਾਉਣ ਦੀ ਗੁਹਾਰ
ਮੁਹਾਲੀ ਫੇਰੀ ਦੌਰਾਨ ਰੈਵੀਨਿਊ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਦਿੱਤਾ ਮੰਗ ਪੱਤਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਅਗਸਤ:
ਮੁਹਾਲੀ ਜ਼ਿਲ੍ਹੇ ਦੇ ਅਸਟਾਮ ਫਰੋਸ਼ਾਂ ਦੀ ਜਥੇਬੰਦੀ ਵੱਲੋਂ ਅੱਜ ਅਸਟਾਮ ਫਰੋਸ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਰਤਨ ਦੀ ਅਗਵਾਈ ਹੇਠ ਪੰਜਾਬ ਦੇ ਰੈਵੀਨਿਊ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੇ ਮੁਹਾਲੀ ਦੌਰੇ ਦੌਰਾਨ ਉਨ੍ਹਾਂ ਨਾਲ ਵਿਸ਼ੇਸ਼ ਤੌਰ ’ਤੇ ਮੁਲਾਕਾਤ ਕੀਤੀ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਈ-ਸਟੈਂਪਿੰਗ ਪ੍ਰਣਾਲੀ ਕਾਰਨ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਜਾਣੂ ਕਰਵਾਉਂਦੇ ਹੋਏ ਸਮੱਸਿਆਵਾਂ ਦੇ ਸਥਾਈ ਹੱਲ ਲਈ ਲੰਮਾਂ ਚੋੜਾ ਮੰਗ ਪੱਤਰ ਦਿੱਤਾ। ਇਸ ਮੌਕੇ ਕੈਬਿਨਟ ਮੰਤਰੀ ਨੇ ਅਸਟਾਮ ਫਰੋਸ਼ਾਂ ਦੀਆਂ ਮੰਗਾਂ ’ਤੇ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਅਮਰਜੀਤ ਰਤਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਰਜਿਸਟ੍ਰੀਆਂ ਤੇ ਲਗਾਈ ਰੋਕ ਕਾਰਨ ਅਸਟਾਮ ਫਰੋਸਾਂ ਦਾ ਕੰਮ ਠੱਪ ਹੈ ਅਤੇ ਹੁਣ ਸਰਕਾਰ ਵੱਲੋਂ ਈ-ਸਟੈਂਪਿੰਗ ਪ੍ਰਣਾਲੀ ਲਾਗੂ ਕਰਕੇ ਅਸਟਾਮ ਫਰੋਸ਼ਾਂ ਨੂੰ ਉਜਾੜੇ ਦੇ ਕੰਢੇ ਲਿਆ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਖਜਾਨਾ ਦਫਤਰਾਂ ਵਿੱਚ ਇਸ ਵੇਲੇ ਅਰਬਾਂ ਰੁਪਏ ਦਾ ਕਾਗਜੀ ਸਟਾਂਪ ਪਏ ਹਨ ਜੋ ਸਰਕਾਰ ਵੱਲੋਂ ਨਾਸਿਕ ਤੋੱ ਛਪਵਾਏ ਗਏ ਸਨ ਅਤੇ ਈ ਸਟੈਂਪਿੰਗ ਪ੍ਰਣਾਲੀ ਲਾਗੂ ਕਰਨ ਤੋਂ ਪਹਿਲਾਂ ਅਸਟਾਮ ਫਰੋਸ਼ਾਂ ਨੂੰ ਇਹ ਕਾਗਜੀ ਸਟਾਂਪ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਛੋਟੇ ਅਸਟਾਮ ਫਰੋਸ਼ਾਂ ਵਿੱਚੋੱ ਜਿਆਦਾਤਰ ਨੂੰ ਕੰਪਿਊਟਰ ਦੀ ਜਾਣਕਾਰੀ ਨਹੀਂ ਹੈ ਅਤੇ ਈ ਸਟੈਂਪਿੰਗ ਪ੍ਰਣਾਲੀ ਕਾਰਨ ਉਹ ਪੂਰੀ ਤਰ੍ਹਾਂ ਬੇਰੁਜਗਾਰ ਹੋ ਜਾਣਗੇ। ਇਸ ਮੌਕੇ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ, ਡਿਪਟੀ ਕਮਿਸ਼ਨਰ ਅਮਿਤ ਤਲਵਾੜ, ਆਪ ਦੇ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਕੌਰ ਅਤੇ ਪਾਰਟੀ ਦੇ ਬੁਲਾਰੇ ਡਾ. ਸੰਨੀ ਆਹਲੂਵਾਲੀਆ ਵੀ ਹਾਜ਼ਰ ਸਨ।