ਮੁਹਾਲੀ ਵਿੱਚ ਬੰਦ ਪਈਆਂ ‘ਅਪਣੀਆਂ ਮੰਡੀਆਂ’ ਨੂੰ ਮੁੜ ਖੋਲ੍ਹਣ ਲਈ ਚੇਅਰਮੈਨ ਸ਼ਰਮਾ ਨੂੰ ਦਿੱਤਾ ਮੰਗ ਪੱਤਰ

ਮੰਗ ਬਿਲਕੁਲ ਜਾਇਜ਼, ਛੇਤੀ ਹੀ ਡੀਸੀ ਮੁਹਾਲੀ ਨੂੰ ਲਿਖੀ ਜਾਵੇਗੀ ਚਿੱਠੀ: ਚੇਅਰਮੈਨ ਸ਼ਰਮਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜੂਨ:
‘ਆਪਣੀ ਮੰਡੀ’ ਵਿੱਚ ਸਬਜ਼ੀਆਂ ਵੇਚਣ ਵਾਲੇ ਕਿਸਾਨਾਂ ਅਤੇ ਰੇਹੜੀ-ਫੜ੍ਹੀ ਵਾਲਿਆਂ ਦੇ ਵਫ਼ਦ ਨੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ‘ਅਪਣੀਆਂ ਮੰਡੀਆਂ’ ਮੁੜ ਚਾਲੂ ਕਰਨ ਦੀ ਅਪੀਲ ਕੀਤੀ ਹੈ। ਮੱਛਲੀ ਕਲਾਂ ਨੂੰ ਮੰਗ ਪੱਤਰ ਦਿੰਦਿਆਂ ਉਨ੍ਹਾਂ ਦਸਿਆ ਕਿ ‘ਕਰੋਨਾ ਵਾਇਰਸ’ ਮਹਾਮਾਰੀ ਕਾਰਨ ਅਪਣੀ ਮੰਡੀ ਬੰਦ ਹੋਣ ਨਾਲ ਉਨ੍ਹਾਂ ਦਾ ਧੰਦਾ ਬਿਲਕੁਲ ਤਹਿਸ-ਨਹਿਸ ਹੋ ਗਿਆ ਹੈ ਕਿਉਂਕਿ ਪਿਛਲੇ ਸਾਲ ਵੀ ਮੰਡੀਆਂ ਬੰਦ ਰਹੀਆਂ ਸਨ ਅਤੇ ਹੁਣ ਲਗਭਗ ਤਿੰਨ ਮਹੀਨਿਆਂ ਤੋਂ ਬੰਦ ਪਈਆਂ ਹਨ। ਉਨ੍ਹਾਂ ਕਿਹਾ ਕਿ ਜਦ ਦੁਕਾਨਾਂ, ਰੇਸਤਰਾਂ, ਜਿੰਮ ਅਤੇ ਹੋਰ ਕਾਫ਼ੀ ਕੁਝ ਖੁਲ੍ਹ ਚੁੱਕਾ ਹੈ ਤਾਂ ਮੁਹਾਲੀ ਦੇ ਵੱਖ-ਵੱਖ ਫੇਜ਼ਾਂ ਅਤੇ ਸੈਕਟਰਾਂ ਵਿੱਚ ਲੱਗਣ ਵਾਲੀਆਂ ਅਪਣੀਆਂ ਮੰਡੀਆਂ ਨੂੰ ਹਾਲੇ ਤਕ ਬੰਦ ਕਿਉਂ ਰੱਖਿਆ ਹੋਇਆ ਹੈ? ਇਸ ਤੋਂ ਉਲਟ ਚੰਡੀਗੜ੍ਹ ਸ਼ਹਿਰ ਵਿਚ ਅਪਣੀਆਂ ਮੰਡੀਆਂ ਆਮ ਵਾਂਗ ਲਗਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਡੀਆਂ ਵਿਚ ਜਿਥੇ ਲੋਕਾਂ ਨੂੰ ਤਾਜ਼ੀ ਸਬਜ਼ੀ ਅਤੇ ਫਲ ਮਿਲਦੇ ਹਨ, ਉੱਥੇ ਉਨ੍ਹਾਂ ਅਤੇ ਹੋਰਨਾਂ ਨੂੰ ਰੁਜ਼ਗਾਰ ਵੀ ਮਿਲਿਆ ਹੋਇਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਕੋਵਿਡ ਮਹਾਂਮਾਰੀ ਸਬੰਧੀ ਜਾਰੀ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇਗੀ ਅਤੇ ਸਫ਼ਾਈ ਤੇ ਸਮਾਜਕ ਦੂਰੀ ਦਾ ਪੂਰਾ ਖ਼ਿਆਲ ਰਖਿਆ ਜਾਵੇਗਾ।
ਮੱਛਲੀ ਕਲਾਂ ਨੇ ਵਫ਼ਦ ਦੀ ਗੱਲ ਨੂੰ ਗੌਰ ਨਾਲ ਸੁਣਿਆ ਅਤੇ ਕਿਹਾ ਕਿ ਉਨ੍ਹਾਂ ਦੀ ਮੰਗ ਬਿਲਕੁਲ ਵਾਜਬ ਹੈ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਕੋਲ ਉਠਾਉਣਗੇ ਅਤੇ ਇਸ ਸਬੰਧ ਵਿੱਚ ਛੇਤੀ ਹੀ ਡਿਪਟੀ ਕਮਿਸ਼ਨਰ ਮੁਹਾਲੀ ਗਿਰੀਸ਼ ਦਿਆਲਨ ਨੂੰ ਚਿੱਠੀ ਵੀ ਲਿਖਣਗੇ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਲੋਕਾਂ ਦੀ ਮੰਗ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਕਿਉਂਕਿ ਜਿਥੇ ਇਕ ਪਾਸੇ ਇਹ ਲੋਕ ਬੇਰੁਜ਼ਗਾਰ ਹੋ ਗਏ ਹਨ, ਉਥੇ ਮੰਡੀ ਬੋਰਡ ਦੀ ਨਿਗਰਾਨੀ ਹੇਠ ਲੱਗਣ ਵਾਲੀਆਂ ਅਪਣੀਆਂ ਮੰਡੀਆਂ ਬੰਦ ਹੋਣ ਨਾਲ ਮਾਰਕੀਟ ਫ਼ੀਸ ਦੀ ਵਸੂਲੀ ਨਹੀਂ ਹੋ ਰਹੀ ਜਿਸ ਕਾਰਨ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਪਣੀ ਮੰਡੀ ਮੁੜ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਜੋ ਇਹ ਲੋਕ ਅਪਣਾ ਜੀਵਨ-ਨਿਰਬਾਹ ਕਰ ਸਕਣ। ਇਸ ਮੌਕੇ ਕਿਸਾਨ ਮੰਡੀਆਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਰਵੀ ਕੁਮਾਰ, ਰੇਹੜੀ ਫੜ੍ਹੀ ਮੰਡੀਆਂ ਦੇ ਪ੍ਰਧਾਨ ਮੱਖਣ ਸਿੰਘ, ਅਵਤਾਰ ਸਿੰਘ, ਮਨਦੀਪ ਸਿੰਘ, ਹਰਬੰਸ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਫ਼ਦ ਦੇ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…