
ਭਾਗੋਮਾਜਰਾ ਕਾਲਜ ਦੇ ਪ੍ਰੋਫੈਸਰਾਂ ਵੱਲੋਂ ਪੈਦਲ ਮਾਰਚ, ਡੀਸੀ ਨੂੰ ਦਿੱਤਾ ਮੰਗ ਪੱਤਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ:
ਸ਼ਹੀਦ ਕਾਂਸੀ ਰਾਮ ਮੈਮੋਰੀਅਲ ਕਾਲਜ ਭਾਗੋਮਾਜਰਾ ਦੇ ਪ੍ਰੋਫੈਸਰ ਪੈਦਲ ਮਾਰਚ ਕਰਦੇ ਹੋਏ ਅੱਜ ਮੁਹਾਲੀ ਵਿੱਚ ਡੀਸੀ ਦਫ਼ਤਰ ਪਹੁੰਚੇ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਪ੍ਰੋ. ਜਸਪਾਲ ਕੌਰ ਸੰਧੂ ਨੇ ਕਿਹਾ ਕਿ ਪੰਜਾਬ ਦੇ ਅਧਿਆਪਕਾਂ ਵੱਲੋਂ ਸੱਤਵੇਂ ਤਨਖ਼ਾਹ ਕਮਿਸ਼ਨ ਸਬੰਧੀ ਨੋਟੀਫ਼ਿਕੇਸ਼ਨ ਵਿੱਚ ਕੀਤੀਆਂ ਗਈਆਂ ਗਲਤੀਆਂ, ਰਿਟਾਇਰਮੈਂਟ ਦੀ ਉਮਰ ਨੂੰ 60 ਸਾਲ ਤੋਂ ਘਟਾ ਕੇ 58 ਸਾਲ ਕਰਨ, ਸਾਰੀਆਂ ਅਸਾਮੀਆਂ ਲਈ 95 ਫੀਸਦੀ ਗਰਾਂਟ ਨਾ ਦੇਣ ਵਿਰੁੱਧ ਬੀਤੀ 18 ਜਨਵਰੀ ਤੋਂ ਨਿਰੰਤਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਪ੍ਰੰਤੂ ਸਰਕਾਰ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪ੍ਰੋਫੈਸਰਾਂ ਦੀਆਂ ਜਾਇਜ਼ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਸ ਕਾਰਨ ਪ੍ਰੋਫੈਸਰ ਵਰਗ ਵਿੱਚ ਭਾਰੀ ਰੋਸ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਉਚੇਰੀ ਸਿੱਖਿਆ ਪ੍ਰਤੀ ਮਾਰੂ ਨੀਤੀਆਂ ਖ਼ਿਲਾਫ਼ ਪੰਜਾਬ ਦੇ ਏਡਿਡ ਕਾਲਜਾਂ ਦੇ ਪ੍ਰੋਫੈਸਰਾਂ ਨੂੰ ਕਲਾਸਾਂ ਛੱਡ ਕੇ ਧਰਨੇ ਦੇਣੇ ਪੈ ਹਨ। ਇਸੇ ਲੜੀ ਤਹਿਤ ਪੀਸੀਸੀਟੀਯੂ ਅਤੇ ਜੁਆਇੰਟ ਐਕਸ਼ਨ ਕਮੇਟੀ ਦੇ ਫ਼ੈਸਲੇ ਅਨੁਸਾਰ ਅੱਜ ਪੰਜਾਬ ਦੇ ਸਾਰੇ ਕਾਲਜਾਂ ਦੇ ਪ੍ਰੋਫੈਸਰਾਂ ਨੇ ਡਿਪਟੀ ਕਮਿਸ਼ਨਰ ਦਫ਼ਤਰਾਂ ਵਿੱਚ ਮੰਗ ਪੱਤਰ ਦਿੱਤੇ। ਉਨ੍ਹਾਂ ਮੰਗ ਕੀਤੀ ਕਿ ਸੱਤਵੇਂ ਤਨਖ਼ਾਹ ਕਮਿਸ਼ਨ ਸਬੰਧੀ ਨੋਟੀਫ਼ਿਕੇਸ਼ਨ ਵਿੱਚ ਕੀਤੀਆਂ ਗਈਆਂ ਗਲਤੀਆਂ ਠੀਕ ਕੀਤੀਆਂ ਜਾਣ ਅਤੇ ਪ੍ਰੋਫੈਸਰਾਂ ਦੀਆਂ ਹੋਰ ਜਾਇਜ਼ ਮੰਗਾਂ ਤੁਰੰਤ ਮੰਨੀਆਂ ਜਾਣ।
ਇਸ ਮੌਕੇ ਪ੍ਰੋ. ਵੇਦ ਪ੍ਰਕਾਸ਼, ਡਾ. ਪੰਕਜ ਕੁਮਾਰ, ਡਾ. ਵੀਰਪਾਲ ਕੌਰ, ਪ੍ਰੋ. ਇੰਮਪਿੰਦਰਜੀਤ ਕੌਰ, ਪ੍ਰੋ. ਆਭਾ, ਪ੍ਰੋ. ਬਬਲਪ੍ਰੀਤ ਕੌਰ, ਪ੍ਰੋ. ਪ੍ਰੀਤਇੰਦਰ ਸਿੰਘ, ਪ੍ਰੋ. ਸਤਵਿੰਦਰ ਕੌਰ, ਪ੍ਰੋ. ਅਮਨਦੀਪ ਕੌਰ, ਪ੍ਰੋ. ਦਲਜੀਤ ਕੌਰ, ਪ੍ਰੋ. ਰਮਨਿੰਦਰ ਸਿੰਘ, ਪ੍ਰੋ. ਮੋਹਿਤ ਕੁਮਾਰ ਮੌਜੂਦ ਸਨ। ਇਸ ਪੈਦਲ ਮਾਰਚ ਨੂੰ ਮੈਨੇਜਮੈਂਟ ਫੈਡਰੇਸ਼ਨ ਤੇ ਪ੍ਰਿੰਸੀਪਲ ਐਸੋਸੀਏਸ਼ਨ ਵੱਲੋਂ ਕਾਲਜ ਦੇ ਡਾਇਰੈਕਟਰ ਡਾ. ਐਮਪੀ ਸਿੰਘ, ਪ੍ਰਿੰਸੀਪਲ ਡਾ. ਜਗਜੀਤ ਕੌਰ, ਸੁਪਰਡੈਂਟ ਨਰਿੰਦਰ ਸਿੰਘ, ਨਾਨ ਟੀਚਿੰਗ ਯੂਨੀਅਨ ਦੇ ਆਗੂ ਨਰਿੰਦਰ ਸਿੰਘ ਪਡਿਆਲਾ ਨੇ ਵੀ ਸਹਿਯੋਗ ਦਿੱਤਾ।