
ਮੁਹਾਲੀ ਕੌਮਾਂਤਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂਅ ’ਤੇ ਰੱਖਣ ਦੀ ਮੰਗ ਉੱਠੀ
ਯੂਥ ਆਫ਼ ਪੰਜਾਬ ਦੇ ਆਗੂਆਂ ਨੇ ਡੀਸੀ ਮੁਹਾਲੀ ਨੂੰ ਦਿੱਤਾ ਮੰਗ ਪੱਤਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ:
ਮੁਹਾਲੀ ਕੌਮਾਂਤਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂਅ ’ਤੇ ਰੱਖਣ ਦੀ ਮੰਗ ਨੇ ਫਿਰ ਤੋਂ ਜ਼ੋਰ ਫੜ ਲਿਆ ਹੈ। ਸਮਾਜ ਸੇਵੀ ਸੰਸਥਾ ਯੂਥ ਆਫ਼ ਪੰਜਾਬ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਦਾ ਨਾਮ ਦੇਸ਼ ਤੇ ਕੌਮ ਦੇ ਮਹਾਨ ਸ਼ਹੀਦ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦੇ ਨਾਮ ’ਤੇ ਰੱਖਿਆ ਜਾਵੇ। ਇਸ ਸਬੰਧੀ ਅੱਜ ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਹੇਠ ਨੌਜਵਾਨਾਂ ਦੇ ਇੱਕ ਵਫ਼ਦ ਨੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਨਾਂਅ ਲਿਖਿਆ ਮੰਗ ਪੱਤਰ ਦਿੱਤਾ।
ਯੂਥ ਆਫ਼ ਪੰਜਾਬ ਦੇ ਸੂਬਾ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਮੁਹਾਲੀ ਦੀ ਧਰਤੀ ਉੱਤੇ ਬਣੇ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਂਅ ’ਤੇ ਰੱਖਿਆ ਜਾਵੇ। ਅਜਿਹਾ ਕਰਨ ਨਾਲ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸ਼ਹੀਦ ਸਾਥੀਆਂ ਨੂੰ ਸਮੁੱਚੇ ਦੇਸ਼ ਵੱਲੋਂ ਇਹ ਸੱਚੀ ਸ਼ਰਧਾਂਜਲੀ ਹੋਵੇਗੀ ਕਿਉਂਕਿ ਪੰਜਾਬ ਅਤੇ ਪੰਜਾਬੀਆਂ ਦੀਆਂ ਰਗਾਂ ਵਿੱਚ ਭਗਤ ਸਿੰਘ ਵੱਲੋਂ ਲਿਆਂਦੇ ਇਨਕਲਾਬ ਦਾ ਜਜ਼ਬਾ ਦੌੜਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਸ਼ਹੀਦ ਭਗਤ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਹੋਏ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਨਸ਼ਾ ਮੁਕਤ ਪੰਜਾਬ, ਸਾਫ਼ ਸੁਥਰੇ ਸਮਾਜ ਦੀ ਸਿਰਜਣਾ ਅਤੇ ਆਪਣੇ ਬੁਨਿਆਦੀ ਹੱਕਾਂ ਦੀ ਪ੍ਰਾਪਤੀ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਜਨਮ ਵੀ ਪੰਜਾਬ ਵਿੱਚ ਹੋਇਆ ਹੈ। ਜੇਕਰ ਇਸ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਰੱਖਿਆ ਜਾਵੇ ਤਾਂ ਕਿਸੇ ਵੀ ਪ੍ਰਕਾਰ ਦੀ ਵਿਰੋਧ ਨਹੀਂ ਹੋਵੇਗਾ ਕਿਉਂਕਿ ਸ਼ਹੀਦ ਸਭਨਾ ਦੇ ਸਾਂਝੇ ਹੁੰਦੇ ਹਨ।
ਇਸ ਮੌਕੇ ਯੂਥ ਆਫ਼ ਪੰਜਾਬ ਦੇ ਪ੍ਰਧਾਨ ਰਮਾਕਾਂਤ ਕਾਲੀਆ, ਮੀਤ ਪ੍ਰਧਾਨ ਬੱਬੂ ਚੱਕਲ, ਪ੍ਰੈਸ ਸਕੱਤਰ ਰਣਜੀਤ ਕਾਕਾ, ਚੀਫ਼ ਕੋਆਡੀਨੇਟਰ ਜੱਗੀ ਧਨੋਆ, ਜਨਰਲ ਸਕੱਤਰ ਲੱਕੀ ਕਲਸੀ, ਜ਼ਿਲ੍ਹਾ ਪ੍ਰਧਾਨ ਗੁਰਜੀਤ ਮਾਮਾ, ਅਵੀ ਸ਼ੇਰਗਿੱਲ, ਸਤਨਾਮ ਧੀਮਾਨ, ਟੋਨੀ ਰਾਏਪੁਰ, ਬਿੰਦਰ ਦਰਾਲੀ, ਹਰਦੀਪ ਸਿੰਘ ਲਖਨੌਰ ਅਤੇ ਹੋਰ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ।