ਸਾਰਾਗੜ੍ਹੀ ਦੇ ਸ਼ਹੀਦ ਸਿੱਖ ਫੌਜੀਆਂ ਦੀ ਬਹਾਦਰੀ ਨੂੰ ਸਕੂਲੀ ਸਿਲੇਬਸ ਵਿੱਚ ਸ਼ਾਮਲ ਦੀ ਮੰਗ ਉੱਠੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਪਰੈਲ:
ਕਲਗੀਧਰ ਸੇਵਕ ਜਥਾ ਮੁਹਾਲੀ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਰਾਗੜ੍ਹੀ ਦੇ ਸ਼ਹੀਦ ਸਿੱਖ ਫੌਜੀਆਂ ਦੀ ਬਹਾਦਰੀ ਨੂੰ ਸਾਰੇ ਸਕੂਲਾਂ ਦੇ ਸਿਲੇਬਸ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਕਿ ਨਵੀਂ ਪੀੜੀ ਨੂੰ ਇਨ੍ਹਾਂ ਸਿੱਖ ਫੌਜੀਆਂ ਦੀ ਬਹਾਦਰੀ ਬਾਰੇ ਜਾਣਕਾਰੀ ਮਿਲ ਸਕੇ ਅਤੇ ਉਹ ਆਪਣੇ ਸ਼ਾਨਾਂ ਮੱਤੀ ਇਤਿਹਾਸ ਤੋਂ ਜਾਣੂ ਹੋ ਸਕਣ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਸਾਰਾਗੜ੍ਹੀ ਦੀ ਜੰਗ ਨੂੰ ਦੁਨੀਆਂ ਦੀ ਅਹਿਮ ਪੰਜ ਜੰਗਾਂ ’ਚੋਂ ਦੂਜਾ ਸਥਾਨ ਪ੍ਰਾਪਤ ਹੈ, ਕਈ ਮੁਲਕਾਂ ਵਿੱਚ ਸਕੂਲਾਂ ਵਿੱਚ ਬੱਚਿਆਂ ਨੂੰ ਇਸ ਜੰਗ ਦਾ ਇਤਿਹਾਸ ਵੀ ਪੜ੍ਹਾਇਆ ਜਾਂਦਾ ਹੈ।
ਭਾਈ ਜਤਿੰਦਰਪਾਲ ਸਿੰਘ ਨੇ ਕਿਹਾ ਕਿ 12 ਸਤੰਬਰ 1897 ਨੂੰ 10 ਹਜ਼ਾਰ ਪਠਾਣਾਂ ਨੇ ਇਕੱਠੇ ਹੋ ਕੇ ਸਾਰਾਗੜ੍ਹੀ ਦੇ ਕਿੱਲੇ ਉੱਤੇ ਹਮਲਾ ਕਰ ਦਿੱਤਾ ਸੀ, ਇਸ ਕਿੱਲੇ ਵਿੱਚ ਸਿਰਫ਼ ਹੌਲਦਾਰ ਈਸ਼ਰ ਸਿੰਘ ਦੀ ਅਗਵਾਈ ਵਿੱਚ 36 ਸਿੱਖ ਰੈਜ਼ੀਮੈਂਟ ਦੇ 21 ਸਿਪਾਹੀ ਮੌਜੂਦ ਸਨ। ਸਾਰਾਗੜ੍ਹੀ ਦੇ 21 ਸਿੱਖ ਫੌਜੀਆਂ ਨੇ ਪਠਾਣਾਂ ਨਾਲ ਏਨੀ ਜ਼ਬਰਦਸਤ ਲੜਾਈ ਲੜੀ ਕਿ ਪਠਾਣਾਂ ਦਾ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋ ਗਿਆ। ਭਾਵੇਂ ਕਿ ਇਸ ਲੜਾਈ ਵਿੱਚ ਇਹ ਸਾਰੇ ਬਹਾਦਰ 21 ਸਿੱਖ ਫੌਜੀ ਵੀ ਇੱਕ ਇੱਕ ਕਰਕੇ ਸ਼ਹੀਦ ਹੋ ਗਏ ਸਨ ਪਰ ਇਨ੍ਹਾਂ ਬਹਾਦਰ ਸਿੱਖ ਫੌਜੀਆਂ ਦੀ ਬਹਾਦਰੀ ਕਾਰਨ ਪਠਾਣ ਗੁਲਿਸਤਾਨ ਅਤੇ ਲੋਕਹਾਰਟ ਦੇ ਕਿਲ੍ਹਿਆਂ ਵੱਲ ਵੱਧ ਨਾ ਸਕੇ।
ਉਨ੍ਹਾਂ ਕਿਹਾ ਕਿ ਸਾਰਾਗੜ੍ਹੀ ਜੰਗ ਦੇ ਬਹਾਦਰ ਸਿੱਖ ਫੌਜੀਆਂ ਦੀ ਬਹਾਦਰੀ ਦਾ ਇਤਿਹਾਸ ਭਾਰਤ ਦੇ ਸਾਰੇ ਸਿੱਖਿਆ ਬੋਰਡਾਂ ਅਤੇ ਸਾਰੀਆਂ ਯੂਨੀਵਰਸਿਟੀਆਂ ਵਿੱਚ ਸਾਰੀਆਂ ਕਲਾਸਾਂ ਵਿੱਚ ਪੜਾਇਆ ਜਾਣਾ ਚਾਹੀਦਾ ਹੈ ਤਾਂ ਕਿ ਭਾਰਤ ਦੀ ਨਵੀਂ ਪੀੜੀ ਇਨ੍ਹਾਂ ਬਹਾਦਰ ਸਿੱਖ ਫੌਜੀਆਂ ਦੀ ਕੁਰਬਾਨੀ ਅਤੇ ਬਹਾਦਰੀ ਤੋਂ ਜਾਣੂ ਹੋ ਸਕੇ ਅਤੇ ਇਨ੍ਹਾਂ ਬਹਾਦਰ ਸਿੱਖ ਫੌਜੀਆਂ ਦੀ ਬਹਾਦਰੀ ਤੋਂ ਪ੍ਰੇਰਨਾ ਲੈ ਕੇ ਨੌਜਵਾਨ ਆਪਣੇ ਦੇਸ਼ ਦੀ ਆਨ ਬਾਨ ਅਤੇ ਸ਼ਾਨ ਲਈ ਤਿਆਰੀ ਹੋ ਸਕਣ।

Load More Related Articles
Load More By Nabaz-e-Punjab
Load More In General News

Check Also

ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਵੱਲੋਂ ਨਿੱਜੀਕਰਨ ਖ਼ਿਲਾਫ਼ ਰੋਸ ਮੁਜ਼ਾਹਰਾ

ਮਿਲਕਫੈੱਡ ਤੇ ਮਿਲਕ ਪਲਾਂਟ ਵਰਕਰ ਯੂਨੀਅਨ ਵੱਲੋਂ ਨਿੱਜੀਕਰਨ ਖ਼ਿਲਾਫ਼ ਰੋਸ ਮੁਜ਼ਾਹਰਾ ਵੇਰਕਾ ਮਿਲਕ ਪਲਾਂਟ ਮੁਹਾਲ…