
ਅਜੋਕੇ ਸਮੇਂ ਦੀ ਮੰਗ ਅਨੁਸਾਰ ਰਵਾਇਤੀ ਫਸਲੀ ਚੱਕਰ ’ਚੋਂ ਬਾਹਰ ਨਿਕਲ ਰਹੇ ਨੇ ਕਿਸਾਨ
ਕਿਸਾਨਾਂ ਲਈ ਰਾਹ ਦਸੇਰਾ ਬਣਿਆ ਪਿੰਡ ਭਬਾਤ ਦਾ ਅਗਾਂਹਵਧੂ ਕਿਸਾਨ ਪ੍ਰਿਤਪਾਲ ਸਿੰਘ
ਹਲਦੀ ਦੀ ਖੇਤੀ ਤੇ ਮਾਰਕੀਟਿੰਗ ਕਰ ਕੇ ਖੱਟ ਰਿਹਾ ਹੈ ਚੌਖਾ ਮੁਨਾਫ਼ਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੂਨ:
ਪੰਜਾਬ ਸਰਕਾਰ ਵੱਲੋਂ ਫਸਲੀ ਵਿਭਿੰਨਤਾ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਅਜੋਕੇ ਸਮੇਂ ਦੀ ਮੰਗ ਨੂੰ ਦੇਖਦਿਆਂ ਅਗਾਂਹਵਧੂ ਕਿਸਾਨ ਹੁਣ ਰਵਾਇਤੀ ਫਸਲੀ ਚੱਕਰ ’ਚੋਂ ਬਾਹਰ ਨਿਕਲਣੇ ਸ਼ੁਰੂ ਹੋ ਗਏ ਹਨ। ਪਿੰਡ ਭਬਾਤ ਦਾ ਸਫਲ ਕਿਸਾਨ ਪ੍ਰਿਤਪਾਲ ਸਿੰਘ (42) ਹਲਦੀ ਦੀ ਖੇਤੀ ਕਰ ਕੇ ਦੂਜੇ ਕਿਸਾਨਾਂ ਲਈ ਰਾਹ ਦਸੇਰਾ ਸਾਬਤ ਹੋ ਰਿਹਾ ਹੈ। ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਸਾਲ 2013-14 ਦੌਰਾਨ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਐਗਰੋ ਪ੍ਰੋਸੈਸਿੰਗ (ਹਲਦੀ) ਦੀ ਸਿਖਲਾਈ ਲਈ ਸੀ ਅਤੇ 2015 ਵਿੱਚ 3 ਏਕੜ ਜ਼ਮੀਨ ਤੋਂ ਹਲਦੀ ਦੀ ਖੇਤੀ ਸ਼ੁਰੂ ਕੀਤੀ ਸੀ। ਹੁਣ ਉਹ 10 ਏਕੜ ਜ਼ਮੀਨ ਠੇਕੇ ਉਤੇ ਲੈ ਕੇ ਉਸ ’ਚੋਂ 8 ਏਕੜ ਵਿੱਚ ਹਲਦੀ ਦੀ ਖੇਤੀ ਕਰ ਰਿਹਾ ਹੈ ਅਤੇ ਬਾਕੀ 2 ਏਕੜ ਵਿੱਚ ਮੌਸਮੀ ਸਬਜ਼ੀਆਂ ਤੇ ਲਸਣ (ਸਨੋਅ ਮਾਊਨਟੇਨ ਗਾਰਲਿਕ) ਦੀ ਖੇਤੀ ਕਰਦਾ ਹੈ। ਉਹ ਇਕ ਏਕੜ ਤੋਂ 70 ਤੋਂ 80 ਹਜ਼ਾਰ ਤੱਕ ਦੀ ਕਮਾਈ ਕਰ ਲੈਂਦਾ ਹੈ। ਉਸ ਨੇ ਕਿਹਾ ਕਿ ਜੇ ਕਿਸਾਨ ਕੋਲ ਆਪਣੀ ਜ਼ਮੀਨ ਹੋਵੇ ਤਾਂ ਉਹ ਇਕ ਲੱਖ ਤੱਕ ਵੀ ਕਮਾ ਸਕਦਾ ਹੈ ਅਤੇ ਜੇ ਜ਼ਮੀਨ ਸ਼ਹਿਰ ਦੇ ਨੇੜੇ ਹੈ ਤਾਂ ਕਿਸਾਨ ਵਧੀਆ ਕਾਰੋਬਾਰ ਕਰ ਕੇ ਵੱਧ ਮੁਨਾਫ਼ਾ ਕਮਾ ਸਕਦਾ ਹੈ।
ਪ੍ਰਿਤਪਾਲ ਸਿੰਘ ਨੇ ਹਲਦੀ ਦੀ ਪ੍ਰੋਸੈਸਿੰਗ ਬਾਰੇ ਦੱਸਿਆ ਕਿ ਸਭ ਤੋਂ ਪਹਿਲਾਂ ਹਲਦੀ ਨੂੰ ਖੇਤਾਂ ’ਚੋਂ ਪੁੱਟ ਕੇ ਪ੍ਰੋਸੈਸਿੰਗ ਵਾਲੀ ਥਾਂ ਲਿਆਂਦਾ ਜਾਂਦਾ ਹੈ ਅਤੇ ਫਿਰ ਹਲਦੀ ਦੀਆਂ ਗੱਠਾਂ ਨੂੰ ਤੋੜ ਕੇ ਵੱਖ-ਵੱਖ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਹਲਦੀ ਨੂੰ 25-30 ਮਿੰਟ ਭਾਫ਼ ਵਿੱਚ ਰੱਖਿਆ ਜਾਂਦਾ ਹੈ ਅਤੇ 20 ਦਿਨ ਸੁਕਾਉਣ ਮਗਰੋਂ ਛਿਲਕਾ ਉਤਾਰਿਆ ਜਾਂਦਾ ਹੈ। ਇਸ ਉਪਰੰਤ ਉਹ ਹਲਦੀ ਨੂੰ ਪ੍ਰੋਸੈਸ ਕਰ ਕੇ ਵਧੀਆ ਤਰੀਕੇ ਨਾਲ ਪੈਕਟਾਂ ਵਿੱਚ ਭਰ ਕੇ ਖ਼ੁਦ ਮਾਰਕੀਟਿੰਗ ਕਰਦੇ ਹਨ।ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਭਾਫ਼ ਵਾਲੀ ਮਸ਼ੀਨ ਵੀ ਕਿਸਾਨ ਵੱਲੋਂ ਖ਼ੁਦ ਹੀ ਤਿਆਰ ਕੀਤੀ ਗਈ ਹੈ। ਜਿਸ ਨੂੰ ਬਣਾਉਣ ’ਤੇ 12 ਹਜ਼ਾਰ ਰੁਪਏ ਖਰਚਾ ਆਇਆ ਹੈ, ਜਦੋਂਕਿ ਮਾਰਕੀਟ ਵਿੱਚ ਇਸ ਮਸ਼ੀਨ ਦੀ ਕੀਮਤ ਇਕ ਲੱਖ ਰੁਪਏ ਹੈ।
ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਕਰਵਾਏ ਜਾਂਦੇ ਅਤੇ ਆਤਮਾ ਸਕੀਮ ਅਧੀਨ ਲਾਏ ਜਾਂਦੇ ਕੈਂਪਾਂ ਵਿੱਚ ਵੀ ਉਨ੍ਹਾਂ ਵੱਲੋਂ ਭਾਗ ਲਿਆ ਜਾਂਦਾ ਹੈ ਅਤੇ ਆਤਮਾ ਸਕੀਮ ਅਧੀਨ ਸਮੇਂ-ਸਮੇਂ ਸਿਰ ਲਗਾਏ ਜਾਂਦੇ ਕਿਸਾਨ ਮੇਲਿਆਂ (ਪ੍ਰਦਰਸ਼ਨੀਆਂ) ਵਿੱਚ ਅਪਣੇ ਵੱਲੋਂ ਤਿਆਰ ਕੀਤੀ ਹਲਦੀ ਵੀ ਵੇਚੀ ਜਾਂਦੀ ਹੈ। ਉਸ ਦੇ ਇਸ ਕੰਮ ਨਾਲ ਜਿੱਥੇ ਕਈ ਪਿੰਡਾਂ ਦੇ ਲੋਕਾਂ (ਮਰਦ ਅਤੇ ਅੌਰਤਾਂ) ਨੂੰ ਰੁਜ਼ਗਾਰ ਮਿਲ ਰਿਹਾ ਹੈ, ਉਥੇ ਉਹ ਦੂਜਿਆਂ ਲਈ ਚਾਨਣ ਮੁਨਾਰੇ ਦਾ ਵੀ ਕੰਮ ਕਰ ਰਿਹਾ ਹੈ। ਪ੍ਰਿਤਪਾਲ ਸਿੰਘ ਭਵਿੱਖ ਵਿੱਚ ਮਿਰਚਾਂ ਲਾ ਕੇ, ਉਨ੍ਹਾਂ ਦੀ ਪ੍ਰੋਸੈਸਿੰਗ ਕਰਨ ਅਤੇ ਗੁੜ੍ਹ ਬਣਾ ਕੇ ਵੇਚਣ ਦਾ ਵੀ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ। ਜਿਸ ਦੀ ਮਾਰਕੀਟਿੰਗ ਉਹ ਆਪਣੇ ਬੂਥ (ਆਊਟਲੈੱਟ) ਬਣਾ ਕੇ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਹਲਦੀ ਦੀ ਖੇਤੀ ਵੱਲ ਆਉਣ ਦਾ ਮਕਸਦ ਇਹ ਵੀ ਸੀ ਕਿ ਕਿਸਾਨ ਰਵਾਇਤੀ ਫਸਲੀ ਚੱਕਰ (ਕਣਕ-ਝੋਨਾ) ਛੱਡ ਕੇ ਖੇਤੀ ਵੰਨ-ਸੁਵੰਨਤਾ ਵੱਲ ਆਉਣ, ਜਿਸ ਵਿੱਚ ਲਾਗਤ ਘੱਟ ਅਤੇ ਮੁਨਾਫ਼ਾ ਵੱਧ ਹੈ ਅਤੇ ਮਾਰਕੀਟਿੰਗ ਵੀ ਖ਼ੁਦ ਕਰਨ।