Nabaz-e-punjab.com

ਸੈਕਟਰ-70 ਵਿੱਚ ਪ੍ਰਭਾਵਸ਼ਾਲੀ ਵਿਅਕਤੀਆਂ ਵੱਲੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੰਗ ਉੱਠੀ

ਸੁਪਰ ਐਸੋਸੀਏਸ਼ਨ ਆਫ਼ ਰੈਜ਼ੀਡੈਂਟਸ ਵੈਲਫੇਅਰ ਸੈਕਟਰ-70 ਦੇ ਮੈਂਬਰਾਂ ਦੀ ਮੀਟਿੰਗ ਵਿੱਚ ਉੱਠਿਆ ਨਾਜਾਇਜ਼ ਕਬਜ਼ਿਆਂ ਦਾ ਮੁੱਦਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੂਨ:
ਸੁਪਰ ਐਸੋਸੀਏਸ਼ਨ ਆਫ਼ ਰੈਜ਼ੀਡੈਂਟਸ ਵੈਲਫੇਅਰ ਸੈਕਟਰ-70 ਦੀ ਮੀਟਿੰਗ ਵਿੱਚ ਸੈਕਟਰ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ’ਤੇ ਚਰਚਾ ਕਰਦਿਆਂ ਉਨ੍ਹਾਂ ਦੇ ਹੱਲ ਲਈ ਮੁਹਾਲੀ ਨਗਰ ਨਿਗਮ ਅਤੇ ਗਮਾਡਾ ਦੇ ਅਧਿਕਾਰੀਆਂ ਨੂੰ ਮਿਲਣ ਦਾ ਫੈਸਲਾ ਲਿਆ ਗਿਆ। ਮੀਟਿੰਗ ਵਿੱਚ ਸੈਕਟਰ-70 ਵਿੱਚ ਪ੍ਰਭਾਵਸ਼ਾਲੀ ਵਿਅਕਤੀਆਂ ਵੱਲੋਂ ਕੀਤੇ ਕਥਿਤ ਨਾਜਾਇਜ਼ ਕਬਜ਼ਿਆਂ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਗਈ। ਐਸੋਸੀਏਸ਼ਨ ਦੇ ਪ੍ਰਧਾਨ ਆਰਪੀ ਕੰਬੋਜ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੀ ਕਾਰਵਾਈ ਮੀਡੀਆ ਨੂੰ ਜਾਰੀ ਕਰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਆਰਕੇ ਗੁਪਤਾ ਨੇ ਕਿਹਾ ਕਿ ਪਾਰਕ ਨੰਬਰ-32 ਅਤੇ ਸਰੂਖਵਾਨ ਵਿਅਕਤੀਆਂ ਵੱਲੋਂ ਨਾਜਾਇਜ਼ ਉਸਾਰੀਆਂ ਕੀਤੀਆਂ ਹੋਈਆਂ ਹਨ। ਉਨ੍ਹਾਂ ਮੁਹਾਲੀ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਕਤ ਸਾਰੀਆਂ ਨਾਜਾਇਜ਼ ਉਸਾਰੀਆਂ ਹਟਾਉਣ ਲਈ ਜਲਦੀ ਯੋਗ ਪੈਰਵੀ ਕਾਰਵਾਈ ਕੀਤੀ ਜਾਵੇ।
ਮੀਟਿੰਗ ਵਿੱਚ ਅਕਾਲੀ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਦੱਸਿਆ ਕਿ ਪਿਛਲੀ ਦਿਨੀਂ ਨਗਰ ਨਿਗਮ ਦੀ ਮੀਟਿੰਗ ਵਿੱਚ ਉਨ੍ਹਾਂ ਵੱਲੋਂ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਚੁੱਕਿਆ ਗਿਆ ਸੀ। ਉਨ੍ਹਾਂ ਨਜਾਇਜ਼ ਉਸਾਰੀਆਂ ਢਾਹੁਣ ਦੀ ਮੰਗ ਦਾ ਸਮਰਥਨ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਨਗਰ ਨਿਗਮ ਵੱਲੋਂ ਇਸ ਸਬੰਧੀ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ ਤਾਂ ਸੈਕਟਰ ਵਾਸੀ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀਂ ਕਰਨਗੇ।
ਮੀਟਿੰਗ ਵਿੱਚ ਸਰਕਾਰ ਤੋਂ ਮੰਗ ਕੀਤੀ ਗਈ ਕਿ ਨੀਡ ਬੇਸਡ ਪਾਲਿਸੀ ਤੁਰੰਤ ਜਾਰੀ ਕੀਤੀ ਜਾਵੇ। ਚਾਰ ਮੰਜ਼ਲਾ ਐਮਆਈਜੀ ਸੁਪਰ ਮਕਾਨਾਂ ਵਿੱਚ ਜ਼ਿਆਦਾਤਰ ਸੀਨੀਅਰ ਸਿਟੀਜ਼ਨ ਰਹਿੰਦੇ ਹਨ। ਜਿਨ੍ਹਾਂ ਲਈ ਚਾਰ ਮੰਜ਼ਲਾਂ ਉੱਤੇ ਚੜ੍ਹਨਾ ਕਾਫੀ ਮੁਸ਼ਕਲ ਹੈ। ਲਿਹਾਜ਼ਾ ਇੱਥੇ ਲਿਫ਼ਟਾਂ ਦਾ ਪ੍ਰਬੰਧ ਕੀਤਾ ਜਾਵੇ। ਇੰਝ ਹੀ ਚੌਥੀ ਮੰਜ਼ਲ ’ਤੇ ਪਾਣੀ ਦੀਆਂ ਟੈਂਕੀਆਂ ਤੱਕ ਜਾਣ ਦਾ ਕੋਈ ਪ੍ਰਬੰਧ ਨਹੀਂ ਹੈ। ਇਨ੍ਹਾਂ ਮਕਾਨਾਂ ਵਿੱਚ ਗਮਾਡਾ ਵੱਲੋਂ ਤੁਰੰਤ ਲਿਫ਼ਟ ਅਤੇ ਛੱਤ ਉੱਤੇ ਚੜ੍ਹਨ ਲਈ ਪੌੜੀਆਂ ਦੀ ਵਿਵਸਥਾ ਕੀਤੀ ਜਾਵੇਗੀ।
ਮੀਟਿੰਗ ਵਿੱਚ ਕਰਨਲ ਸ਼ਮਸ਼ੇਰ ਸਿੰਘ ਡਡਵਾਲ, ਦਰਸ਼ਨ ਸਿੰਘ ਮਹਿੰਮੀ, ਮਹਾਂਦੇਵ ਸਿੰਘ, ਅਮਰ ਸਿੰਘ ਧਾਲੀਵਾਲ, ਦਲੀਪ ਸਿੰਘ, ਗੁਰਜਿੰਦਰ ਸਿੰਘ, ਰੁਪਿੰਦਰ ਸਿੰਘ, ਐਮਐਸ ਚੌਹਾਨ, ਆਰਕੇ ਵਰਮਾ, ਪੰਕੇਸ਼ ਕੁਮਾਰ, ਸ਼ੋਭਾ ਗੌਰੀਆ, ਗੁਰਪ੍ਰੀਤ ਭੁੱਲਰ, ਨਰਿੰਦਰ ਕੌਰ, ਨੀਲਮ ਧੂੜੀਆ, ਸੁਖਵਿੰਦਰ ਕੌਰ, ਪ੍ਰੇਮ ਕੁਮਾਰ ਚਾਂਦ, ਅਮਰਜੀਤ ਸਿੰਘ, ਨੀਟੂ ਰਾਜਪੂਤ ਵੀ ਹਾਜ਼ਰ ਸਨ।
(ਬਾਕਸ ਆਈਟਮ)
ਮੀਟਿੰਗ ਵਿੱਚ ਖੁਸਰਿਆਂ ਵੱਲੋਂ ਵਿਆਹ ਜਾਂ ਬੱਚਾ ਹੋਣ ਦੀ ਖੁਸ਼ੀ ਵਿੱਚ ਵਧਾਈ ਦੇ ਨਾਂ ’ਤੇ ਜ਼ਬਰਦਸਤੀ ਮੋਟੀਆਂ ਰਕਮਾਂ ਮੰਗਣ ਅਤੇ ਉਨ੍ਹਾਂ ਦੀ ਮਰਜ਼ੀ ਅਨੁਸਾਰ ਪੈਸੇ ਨਾ ਦੇਣ ’ਤੇ ਲੋਕਾਂ ਦੀ ਕਥਿਤ ਤੌਰ ’ਤੇ ਬੇਇੱਜ਼ਤੀ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਐਸੋਸੀਏਸ਼ਨ ਨੇ ਫੈਸਲਾ ਕੀਤਾ ਕਿ ਖੁਸਰਿਆਂ ਨੂੰ 1100 ਤੋਂ 2100 ਰੁਪਏ ਤੋਂ ਵੱਧ ਕੋਈ ਪੈਸਾ ਨਹੀਂ ਦਿੱਤਾ ਜਾਵੇਗਾ ਅਤੇ ਧੱਕਾ ਕਰਨ ’ਤੇ ਤੁਰੰਤ ਪੁਲੀਸ ਰਿਪੋਰਟ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮਤੇ ਦੀ ਕਾਪੀ ਡਿਪਟੀ ਕਮਿਸ਼ਨਰ, ਐਸਐਸਪੀ, ਐਸਡੀਐਮ ਅਤੇ ਸ਼ਹਿਰ ਦੇ ਸਾਰੇ ਥਾਣਿਆਂ ਨੂੰ ਭੇਜੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…